menu-icon
Punjabi Story Line
  • Home
  • News
  • Punjab
  • ਪੰਜਾਬ ਕਾਂਗਰਸ 'ਚ ਹਲਚਲ ਤੇਜ਼: ਰਾਹੁਲ ਨੇ ਮੰਗੀ ਭੂਪੇਸ਼ ਬਘੇਲ ਤੋਂ ਰਿਪੋਰਟ, ਚੰਨੀ-ਰੰਧਾਵਾ ਨੇ ਦਿੱਲੀ 'ਚ ਰੱਖੇ ਆਪਣੇ ਵਿਚਾਰ

ਪੰਜਾਬ ਕਾਂਗਰਸ 'ਚ ਹਲਚਲ ਤੇਜ਼: ਰਾਹੁਲ ਨੇ ਮੰਗੀ ਭੂਪੇਸ਼ ਬਘੇਲ ਤੋਂ ਰਿਪੋਰਟ, ਚੰਨੀ-ਰੰਧਾਵਾ ਨੇ ਦਿੱਲੀ 'ਚ ਰੱਖੇ ਆਪਣੇ ਵਿਚਾਰ

ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵਿਧਾਇਕਾਂ ਦਾ ਆਪਣੇ ਸੀਨੀਅਰ ਆਗੂ ਨੂੰ ਮਿਲਣਾ ਕੋਈ ਗ਼ਲਤ ਕੰਮ ਨਹੀਂ ਹੈ, ਖ਼ਾਸਕਰ ਉਦੋਂ ਜਦੋਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਧਾਨ ਸਭਾ ਅੰਦਰ ਵੀ ਗੁੰਡਾਗਰਦੀ ਵਰਗੇ ਹਾਲਾਤ ਬਣੇ ਹੋਏ ਹਨ।

Date Updated Last Updated : 12 August 2026, 06:42 PM IST
Share:

ਪੰਜਾਬ ਕਾਂਗਰਸ ਦੇ ਅੰਦਰੂਨੀ ਝਗੜਿਆਂ ਦੇ ਵਿਚਕਾਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਕੇ ਆਪਣੇ ਧੜੇ ਦੀਆਂ ਗੱਲਾਂ ਰੱਖੀਆਂ। ਇਸ ਮੁਲਾਕਾਤ ਤੋਂ ਬਾਅਦ ਰਾਹੁਲ ਗਾਂਧੀ ਨੇ ਇਸ ਪੂਰੇ ਮਾਮਲੇ 'ਤੇ ਪੰਜਾਬ ਪ੍ਰਭਾਰੀ ਭੂਪੇਸ਼ ਬਘੇਲ ਤੋਂ ਰਿਪੋਰਟ ਮੰਗੀ ਹੈ ਅਤੇ ਇਸ ਦੇ ਆਧਾਰ 'ਤੇ ਅੱਗੇ ਦੀ ਕਾਰਵਾਈ ਦਾ ਫੈਸਲਾ ਲੈਣ ਦਾ ਐਲਾਨ ਕੀਤਾ ਹੈ।

ਚੰਨੀ-ਰੰਧਾਵਾ ਦੀ ਰਾਹੁਲ ਨਾਲ 40-ਮਿੰਟੀ ਮੁਲਾਕਾਤ

ਦਿੱਲੀ ਵਿੱਚ ਰਾਹੁਲ ਗਾਂਧੀ ਨਾਲ ਹੋਈ ਇਸ ਲਗਭਗ 40 ਮਿੰਟ ਦੀ ਮੀਟਿੰਗ ਵਿੱਚ ਚੰਨੀ ਤੇ ਰੰਧਾਵਾ ਨੇ ਪੰਜਾਬ ਕਾਂਗਰਸ ਦੇ ਮੌਜੂਦਾ ਸਿਆਸੀ ਹਾਲਾਤਾਂ ਬਾਰੇ ਆਪਣੇ ਵਿਚਾਰ ਰੱਖੇ। ਦੋਵਾਂ ਆਗੂਆਂ ਨੇ ਰਾਜਾ ਵੜਿੰਗ ਦੀ ਪ੍ਰਧਾਨਗੀ ਵਿਰੁੱਧ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ। ਮੁਲਾਕਾਤ ਖਤਮ ਹੋਣ 'ਤੇ ਰਾਹੁਲ ਨੇ ਉਨ੍ਹਾਂ ਨੂੰ ਕਿਹਾ ਕਿ ਉਹ ਪਹਿਲਾਂ ਭੂਪੇਸ਼ ਬਘੇਲ ਤੋਂ ਮਾਮਲੇ ਦੀ ਪੂਰੀ ਜਾਣਕਾਰੀ ਹਾਸਲ ਕਰਨਗੇ ਅਤੇ ਉਸ ਤੋਂ ਬਾਅਦ ਹੀ ਰਾਜਾ ਵੜਿੰਗ ਦੇ ਅਸਤੀਫ਼ੇ ਸਬੰਧੀ ਕੋਈ ਫੈਸਲਾ ਲਿਆ ਜਾਵੇਗਾ।

ਰੰਧਾਵਾ ਵੱਲੋਂ ਵਿਧਾਇਕਾਂ ਦਾ ਬਚਾਅ

ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਵਿਧਾਇਕਾਂ ਦਾ ਆਪਣੇ ਸੀਨੀਅਰ ਆਗੂ ਨੂੰ ਮਿਲਣਾ ਕੋਈ ਗ਼ਲਤ ਕੰਮ ਨਹੀਂ ਹੈ, ਖ਼ਾਸਕਰ ਉਦੋਂ ਜਦੋਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿਧਾਨ ਸਭਾ ਅੰਦਰ ਵੀ ਗੁੰਡਾਗਰਦੀ ਵਰਗੇ ਹਾਲਾਤ ਬਣੇ ਹੋਏ ਹਨ।

ਬਾਜਵਾ ਵੀ ਰਾਹੁਲ ਦੇ ਨਾਲ ਦਿਖੇ

ਅੱਜ ਸਵੇਰੇ ਸੰਸਦ ਭਵਨ ਤੋਂ ਸਾਹਮਣੇ ਆਏ ਇੱਕ ਵੀਡੀਓ ਵਿੱਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਰਾਹੁਲ ਗਾਂਧੀ ਅਤੇ ਕੇ.ਸੀ. ਵੇਣੂਗੋਪਾਲ ਨਾਲ ਗੱਲਬਾਗ ਕਰਦੇ ਦੇਖਿਆ ਗਿਆ। ਇਸ ਨਾਲ ਇਹ ਗੱਲ ਹੋਰ ਪੱਕੀ ਹੋ ਗਈ ਕਿ ਚੰਨੀ ਧੜੇ ਨੇ ਰਾਹੁਲ ਤੱਕ ਆਪਣੀ ਗੱਲ ਪਹੁੰਚਾਉਣ ਲਈ ਬਾਜਵਾ ਨੂੰ ਮੁੱਖ ਸੰਪਰਕ ਬਣਾਇਆ ਹੈ।

ਚੰਨੀ ਖੇਮੇ ਦੀ ਰਾਤ-ਰਾਤ ਰਣਨੀਤਕ ਬੈਠਕ

ਇਸ ਮੁਲਾਕਾਤ ਤੋਂ ਇੱਕ ਰਾਤ ਪਹਿਲਾਂ ਮੰਗਲਵਾਰ ਨੂੰ ਸੁਖਜਿੰਦਰ ਸਿੰਘ ਰੰਧਾਵਾ ਦੇ ਘਰ ਚੰਨੀ ਧੜੇ ਦੀ ਅਹਿਮ ਬੈਠਕ ਹੋਈ, ਜਿਸ ਵਿੱਚ ਪ੍ਰਤਾਪ ਸਿੰਘ ਬਾਜਵਾ, ਰਾਣਾ ਗੁਰਜੀਤ, ਧਰਮਵੀਰ ਗਾਂਧੀ, ਸੰਸਦ ਮੈਂਬਰ ਸ਼ੇਰ ਸਿੰਘ ਗੁਬਾਇਆ ਅਤੇ ਪਰਗਟ ਸਿੰਘ ਸਮੇਤ ਕਈ ਆਗੂ ਸ਼ਾਮਲ ਹੋਏ। ਇਸ ਦੌਰਾਨ ਸਾਰੇ ਆਗੂਆਂ ਨੇ ਰਾਜਾ ਵੜਿੰਗ ਖ਼ਿਲਾਫ਼ ਸਾਂਝੀ ਰਣਨੀਤੀ 'ਤੇ ਵਿਚਾਰ ਕੀਤਾ।

ਭੂਪੇਸ਼ ਬਘੇਲ ਦੇ ਦੌਰੇ ਦਾ ਉਲਟਾ ਪ੍ਰਭਾਵ

ਹਾਈਕਮਾਨ ਨੂੰ ਭੂਪੇਸ਼ ਬਘੇਲ ਦੇ ਪੰਜਾਬ ਦੌਰੇ ਤੋਂ ਬਾਅਦ ਪੈਦਾ ਹੋਏ ਮਾਹੌਲ ਨੇ ਕਾਫ਼ੀ ਉਲਝਣ ਵਿੱਚ ਪਾ ਦਿੱਤਾ ਹੈ। ਰੈਲੀਆਂ ਵਿੱਚ ਚੰਨੀ ਸਮਰਥਕਾਂ ਵੱਲੋਂ ਲਾਏ ਗਏ ਨਾਅਰਿਆਂ ਨੇ ਰਾਜਾ ਵੜਿੰਗ ਦੀ ਪ੍ਰਧਾਨਗੀ ਬਰਕਰਾਰ ਰੱਖਣ ਦੇ ਹਾਈਕਮਾਨ ਦੇ ਰੁਖ਼ ਨੂੰ ਚੁਣੌਤੀ ਦਿੱਤੀ ਹੈ। ਇਸ ਦੇ ਮੱਦੇਨਜ਼ਰ ਰਾਹੁਲ ਗਾਂਧੀ ਨੇ ਪੂਰੇ ਪੰਜਾਬ ਵਿੱਚ ਆਪਣੀਆਂ ਟੀਮਾਂ ਉਤਾਰ ਦਿੱਤੀਆਂ ਹਨ।

ਪੰਜਾਬ ਦੇ 23 ਜ਼ਿਲ੍ਹਿਆਂ 'ਚ ਫੀਡਬੈਕ ਮੁਹਿੰਮ

ਰਾਹੁਲ ਗਾਂਧੀ ਨੇ 23 ਜ਼ਿਲ੍ਹਿਆਂ ਵਿੱਚ 5 ਵੱਖ-ਵੱਖ ਟੀਮਾਂ ਨੂੰ ਰਾਜਾ ਵੜਿੰਗ ਨੂੰ ਪ੍ਰਧਾਨ ਬਣਾਈ ਰੱਖਣ ਦੇ ਮੁੱਦੇ 'ਤੇ ਲੋਕਾਂ ਅਤੇ ਆਗੂਆਂ ਤੋਂ ਰਾਏ ਇਕੱਠੀ ਕਰਨ ਲਈ ਭੇਜਿਆ ਹੈ। ਇਨ੍ਹਾਂ ਟੀਮਾਂ ਅਗਲੇ 1-2 ਦਿਨਾਂ ਵਿੱਚ ਆਪਣੀ ਰਿਪੋਰਟ ਰਾਹੁਲ ਦਫ਼ਤਰ ਨੂੰ ਸੌਂਪਣਗੀਆਂ। ਹਾਈਕਮਾਨ 25 ਅਗਸਤ ਤੋਂ ਪਹਿਲਾਂ ਇਸ 'ਤੇ ਕੋਈ ਵੱਡਾ ਫੈਸਲਾ ਲੈ ਸਕਦਾ ਹੈ।

'ਹਰ ਬੂਥ ਕਾਂਗਰਸ ਮਜ਼ਬੂਤ' ਵਿੱਚ ਚੰਨੀ ਧੜੇ ਨੂੰ ਨਜ਼ਰਅੰਦਾਜ਼ ਕੀਤਾ ਗਿਆ

ਹਾਈਕਮਾਨ ਤੱਕ ਪਹੁੰਚੀ ਫੀਡਬੈਕ ਵਿੱਚ ਕਿਹਾ ਗਿਆ ਹੈ ਕਿ 'ਹਰ ਬੂਥ ਕਾਂਗਰਸ ਮਜ਼ਬੂਤ' ਵਰਗੇ ਸੰਗਠਨਾਤਮਕ ਪ੍ਰੋਗਰਾਮਾਂ ਵਿੱਚ ਚੰਨੀ ਧੜੇ ਦੇ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ, ਜਿਸ ਕਾਰਨ ਉਨ੍ਹਾਂ ਵਿੱਚ ਨਾਰਾਜ਼ਗੀ ਪੈਦਾ ਹੋਈ। ਜਦੋਂ ਕੇ.ਸੀ. ਵੇਣੂਗੋਪਾਲ ਨੇ ਚੰਨੀ ਨੂੰ ਫਟਕਾਰ ਲਾਈ ਤਾਂ ਰਾਜਾ ਵੜਿੰਗ ਨੂੰ ਲੱਗਿਆ ਕਿ ਉਸ ਦਾ ਰਾਹ ਸਾਫ਼ ਹੋ ਗਿਆ ਹੈ। ਇਸ ਤੋਂ ਬਾਅਦ ਉਸ ਨੇ ਜਨਤਕ ਮੰਚਾਂ ਤੋਂ ਨਾ ਸਿਰਫ਼ ਟਿਕਟਾਂ ਦਾ ਐਲਾਨ ਕਰਨਾ ਸ਼ੁਰੂ ਕੀਤਾ, ਸਗੋਂ 2027 ਵਿੱਚ ਸਰਕਾਰ ਬਣਨ 'ਤੇ ਮੁਫ਼ਤ ਰੇਤ ਦੀ ਸਕੀਮ ਵੀ ਲੋਕਾਂ ਸਾਹਮਣੇ ਰੱਖ ਦਿੱਤੀ।

ਬਾਜਵਾ ਨੇ ਮੋਰਚਾ ਸੰਭਾਲਿਆ

ਜਦੋਂ ਚੰਨੀ ਦੀ ਸਿੱਧੀ ਗੱਲ ਹਾਈਕਮਾਨ 'ਤੇ ਨਹੀਂ ਚੱਲੀ, ਤਾਂ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਇਸ ਗੁੱਟ ਦੀ ਆਵਾਜ਼ ਬਣਾਇਆ ਗਿਆ। ਉਨ੍ਹਾਂ ਦੇ ਰਾਹੀਂ ਚੰਨੀ ਸਮਰਥਕਾਂ ਨੇ ਰਾਹੁਲ ਗਾਂਧੀ ਨੂੰ ਪੱਤਰ ਭੇਜ ਕੇ ਮੁਲਾਕਾਤ ਦਾ ਸਮਾਂ ਮੰਗਿਆ ਅਤੇ ਰਾਜਾ ਵੜਿੰਗ ਖ਼ਿਲਾਫ਼ ਆਪਣੀ ਗੱਲ ਪੇਸ਼ ਕੀਤੀ।

Recent News