menu-icon
Punjabi Story Line
  • Home
  • News
  • Punjab
  • ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ, 2027 ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ

ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ, 2027 ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੂੰ ਵੱਡਾ ਝਟਕਾ

ਪੰਜਾਬ ਦੀ ਸਿਆਸਤ ਵਿੱਚ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਡਾ ਸਿਆਸੀ ਧਮਾਕਾ ਹੋਇਆ ਹੈ। ਸ਼ਿਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਮ ਆਦਮੀ ਪਾਰਟੀ ਦਾ ਦਾਮਨ ਫੜ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਸਮਾਣਾ ਵਿੱਚ ਉਨ੍ਹਾਂ ਨੂੰ ‘ਆਪ’ ਵਿੱਚ ਸ਼ਾਮਲ ਕਰਵਾਇਆ।

Date Updated Last Updated : 16 May 2026, 08:38 PM IST
Share:

ਸ਼ਨੀਵਾਰ ਨੂੰ ਸਮਾਣਾ ਵਿੱਚ ਹੋਈ ਇੱਕ ਵੱਡੀ ਜਨ ਸਭਾ ਦੌਰਾਨ ਸੁਰਜੀਤ ਸਿੰਘ ਰੱਖੜਾ ਨੇ ਰਸਮੀ ਤੌਰ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਕਈ ਸਮਰਥਕਾਂ ਨੇ ਵੀ ‘ਆਪ’ ਦਾ ਪੱਲਾ ਫੜਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਖੁਦ ਸਟੇਜ ‘ਤੇ ਉਨ੍ਹਾਂ ਦਾ ਸਵਾਗਤ ਕੀਤਾ।

ਭਗਵੰਤ ਮਾਨ ਨੇ ਕੀਤਾ ਖੁੱਲ੍ਹ ਕੇ ਸਵਾਗਤ

ਰੱਖੜਾ ਦਾ ਸਵਾਗਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 16 ਮਈ ਪੰਜਾਬ ਦੀ ਸਿਆਸਤ ਵਿੱਚ ਇੱਕ ਇਤਿਹਾਸਕ ਦਿਨ ਵਜੋਂ ਯਾਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕ ਸੇਵਾ ਨੂੰ ਸਮਰਪਿਤ ਅਤੇ ਸਾਫ਼-ਸੁਥਰੀ ਛਵੀ ਵਾਲੇ ਨੇਤਾ ਦਾ ‘ਆਪ’ ਪਰਿਵਾਰ ਵਿੱਚ ਸ਼ਾਮਲ ਹੋਣਾ ਪਾਰਟੀ ਲਈ ਵੱਡੀ ਤਾਕਤ ਹੈ।

“ਨਿੱਜੀ ਫਾਇਦੇ ਨਹੀਂ, ਲੋਕ ਸੇਵਾ ਚੁਣੀ”

ਭਗਵੰਤ ਮਾਨ ਨੇ ਕਿਹਾ ਕਿ ਸੁਰਜੀਤ ਸਿੰਘ ਰੱਖੜਾ ਕੋਲ ਆਪਣੇ ਕਾਰੋਬਾਰ ਅਤੇ ਨਿੱਜੀ ਹਿਤ ਵਧਾਉਣ ਦੇ ਕਈ ਮੌਕੇ ਸਨ, ਪਰ ਉਨ੍ਹਾਂ ਨੇ ਲੋਕਾਂ ਦੀ ਸੇਵਾ ਦਾ ਰਸਤਾ ਚੁਣਿਆ। ਮਾਨ ਨੇ ਕਿਹਾ ਕਿ ਕਈ ਵਾਰ ਆਗੂਆਂ ਨੂੰ ਆਪਣੇ ਸਵਾਰਥ ਤੋਂ ਉੱਪਰ ਉੱਠ ਕੇ ਪੰਜਾਬ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਭਲੇ ਲਈ ਫੈਸਲੇ ਕਰਨੇ ਪੈਂਦੇ ਹਨ।

ਅਕਾਲੀ ਦਲ ‘ਤੇ ਭਗਵੰਤ ਮਾਨ ਦਾ ਤਿੱਖਾ ਹਮਲਾ

ਅਕਾਲੀ ਦਲ ‘ਤੇ ਨਿਸ਼ਾਨਾ ਸਾਧਦਿਆਂ ਭਗਵੰਤ ਮਾਨ ਨੇ ਕਿਹਾ ਕਿ ਜੋ ਲੋਕ ਕਦੇ ਪੰਜਾਬ ‘ਤੇ 25 ਸਾਲ ਰਾਜ ਕਰਨ ਦੇ ਦਾਅਵੇ ਕਰਦੇ ਸਨ, ਅੱਜ ਉਨ੍ਹਾਂ ਦੀ ਪਾਰਟੀ ਵਿੱਚ 25 ਲੋਕ ਵੀ ਨਹੀਂ ਬਚੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਇੰਨਾ ਕਮਜ਼ੋਰ ਹੋ ਚੁੱਕਾ ਹੈ ਕਿ ਹੁਣ ਉਨ੍ਹਾਂ ਲਈ ਕਮੇਟੀਆਂ ਬਣਾਉਣਾ ਵੀ ਮੁਸ਼ਕਲ ਹੋ ਗਿਆ ਹੈ।

“ਬੇਅਦਬੀ ਮਾਮਲਿਆਂ ਨੇ ਅਕਾਲੀ ਦਲ ਦੀ ਸਿਆਸਤ ਡੁਬੋਤੀ”

ਮੁੱਖ ਮੰਤਰੀ ਨੇ ਕਿਹਾ ਕਿ ਬੇਅਦਬੀ ਮਾਮਲਿਆਂ ਵਿੱਚ ਨਿਭਾਈ ਭੂਮਿਕਾ ਅਤੇ ਲੋਕ ਵਿਰੋਧੀ ਸਿਆਸਤ ਕਾਰਨ ਲੋਕ ਪਹਿਲਾਂ ਹੀ ਅਕਾਲੀ ਲੀਡਰਸ਼ਿਪ ਨੂੰ ਨਕਾਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੁਰਜੀਤ ਸਿੰਘ ਰੱਖੜਾ ਨੇ ਕਈ ਵਾਰ ਪਾਰਟੀ ਨੂੰ ਅੰਦਰੋਂ ਸੁਧਾਰਨ ਦੀ ਕੋਸ਼ਿਸ਼ ਕੀਤੀ, ਪਰ ਪਾਰਟੀ ਗਲਤ ਦਿਸ਼ਾ ਵਿੱਚ ਚਲੀ ਗਈ।

ਪੰਜਾਬ ਦੇ ਪੁਨਰਨਿਰਮਾਣ ਲਈ ਚਾਹੀਦੇ ਤਜਰਬੇਕਾਰ ਲੋਕ

ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੂੰ ਦੁਬਾਰਾ ਮਜ਼ਬੂਤ ਬਣਾਉਣ ਲਈ ਤਜਰਬੇਕਾਰ ਅਤੇ ਇਮਾਨਦਾਰ ਲੋਕਾਂ ਦੀ ਲੋੜ ਹੈ। ਉਨ੍ਹਾਂ ਰੱਖੜਾ ਪਰਿਵਾਰ ਨੂੰ ਇਕਜੁੱਟਤਾ ਅਤੇ ਮਿਹਨਤ ਦਾ ਪ੍ਰਤੀਕ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਤਜਰਬੇ ਨਾਲ ਪੰਜਾਬ ਅਤੇ ਪਾਰਟੀ ਦੋਵਾਂ ਨੂੰ ਵੱਡਾ ਲਾਭ ਹੋਵੇਗਾ।

ਰੱਖੜਾ ਨੇ ਦੱਸਿਆ ‘ਆਪ’ ਵਿੱਚ ਆਉਣ ਦਾ ਵੱਡਾ ਕਾਰਨ

ਇਸ ਮੌਕੇ ਸੁਰਜੀਤ ਸਿੰਘ ਰੱਖੜਾ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ‘ਆਪ’ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸ਼ਿਰੋਮਣੀ ਅਕਾਲੀ ਦਲ ਛੱਡਣ ਦਾ ਉਨ੍ਹਾਂ ਦਾ ਫੈਸਲਾ ਸਿੱਧੇ ਤੌਰ ‘ਤੇ ਬੇਅਦਬੀ ਦੇ ਮਸਲੇ ਅਤੇ ਨਵੇਂ ਬਣੇ ਸਖ਼ਤ ਬੇਅਦਬੀ ਵਿਰੋਧੀ ਕਾਨੂੰਨ ਨਾਲ ਜੁੜਿਆ ਹੋਇਆ ਹੈ।

ਸਮਾਣਾ ਮੋਰਚੇ ਦਾ ਵੀ ਕੀਤਾ ਜ਼ਿਕਰ

ਰੱਖੜਾ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਡੇਢ ਸਾਲ ਤੋਂ ਸਮਾਣਾ ਮੋਰਚੇ ‘ਤੇ ਜਾਂਦੇ ਰਹੇ ਹਨ, ਜਿੱਥੇ ਗੁਰਜੀਤ ਸਿੰਘ ਖਾਲਸਾ ਬੇਅਦਬੀ ਖਿਲਾਫ਼ ਸਖ਼ਤ ਕਾਨੂੰਨ ਦੀ ਮੰਗ ਨੂੰ ਲੈ ਕੇ 400 ਫੁੱਟ ਉੱਚੇ ਟਾਵਰ ‘ਤੇ ਸੰਘਰਸ਼ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਉਹ ਦਿਲੋਂ ਮਹਿਸੂਸ ਕਰਦੇ ਸਨ ਕਿ ਪੰਜਾਬ ਵਿੱਚ ਅਜਿਹਾ ਕਾਨੂੰਨ ਬਣਨਾ ਬਹੁਤ ਜ਼ਰੂਰੀ ਸੀ।

“ਭਗਵੰਤ ਮਾਨ ਨੇ ਵਾਅਦਾ ਪੂਰਾ ਕੀਤਾ”

ਰੱਖੜਾ ਨੇ ਖੁਲਾਸਾ ਕੀਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਜੇ ਸਰਕਾਰ ਬੇਅਦਬੀ ਖਿਲਾਫ਼ ਸਖ਼ਤ ਕਾਨੂੰਨ ਬਣਾਉਂਦੀ ਹੈ ਤਾਂ ਉਹ ਪਾਰਟੀ ਦਾ ਸਾਥ ਦੇਣ। ਰੱਖੜਾ ਨੇ ਕਿਹਾ ਕਿ ਉਨ੍ਹਾਂ ਨੇ ਵੀ ਵਾਅਦਾ ਕੀਤਾ ਸੀ ਕਿ ਜੇ ਇਹ ਕਾਨੂੰਨ ਪਾਸ ਹੋ ਗਿਆ ਤਾਂ ਉਨ੍ਹਾਂ ਨੂੰ ‘ਆਪ’ ਵਿੱਚ ਸ਼ਾਮਲ ਹੋਣ ਵਿੱਚ ਕੋਈ ਹਿਚਕਚਾਹਟ ਨਹੀਂ ਹੋਵੇਗੀ।

“ਪਿਛਲੀਆਂ ਸਰਕਾਰਾਂ ਫੇਲ੍ਹ ਰਹੀਆਂ”

ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਸਿਆਸੀ ਇੱਛਾ ਸ਼ਕਤੀ ਦੀ ਕਮੀ ਕਾਰਨ ਬੇਅਦਬੀ ਖਿਲਾਫ਼ ਪ੍ਰਭਾਵਸ਼ਾਲੀ ਕਾਨੂੰਨ ਬਣਾਉਣ ਵਿੱਚ ਨਾਕਾਮ ਰਹੀਆਂ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਰਾਜਪਾਲ ਦੀ ਮਨਜ਼ੂਰੀ ਤੋਂ ਬਾਅਦ ਇਹ ਪੁਰਾਣੀ ਮੰਗ ਪੂਰੀ ਕਰ ਦਿੱਤੀ ਹੈ।

ਪੰਜਾਬ ਦੇ ਪਾਣੀ ਨੂੰ ਬਚਾਉਣ ਦੀ ਵੀ ਕੀਤੀ ਤਾਰੀਫ਼

ਰੱਖੜਾ ਨੇ ਪੰਜਾਬ ਸਰਕਾਰ ਵੱਲੋਂ ਨਹਿਰੀ ਪਾਣੀ ਦੇ ਢਾਂਚੇ ਨੂੰ ਮਜ਼ਬੂਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਵੀ ਖੁੱਲ੍ਹ ਕੇ ਤਾਰੀਫ਼ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਉਣ ਲਈ ਮਾਨ ਸਰਕਾਰ ਨੇ ਠੋਸ ਕਦਮ ਚੁੱਕੇ ਹਨ।

“ਨਹਿਰੀ ਪਾਣੀ ਨਾਲ ਨਵੀਂ ਉਮੀਦ ਜਗੀ”

ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਦੇ ਵਧਦੇ ਇਸਤੇਮਾਲ ਨਾਲ ਪੰਜਾਬ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਨਵੀਂ ਉਮੀਦ ਜਗੀ ਹੈ। ਉਨ੍ਹਾਂ ਮਾਨ ਸਰਕਾਰ ਨੂੰ ਪੰਜਾਬ ਦੇ ਜਲ ਸਰੋਤਾਂ ਦੀ ਰੱਖਿਆ ਲਈ ਵੱਡੇ ਕਦਮ ਚੁੱਕਣ ਵਾਲੀ ਸਰਕਾਰ ਕਰਾਰ ਦਿੱਤਾ।

2027 ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਹਲਚਲ

ਸੁਰਜੀਤ ਸਿੰਘ ਰੱਖੜਾ ਦਾ ‘ਆਪ’ ਵਿੱਚ ਜਾਣਾ 2027 ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਵਿੱਚ ਵੱਡੀ ਹਲਚਲ ਵਜੋਂ ਦੇਖਿਆ ਜਾ ਰਿਹਾ ਹੈ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਅਕਾਲੀ ਦਲ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ, ਜਦਕਿ ‘ਆਪ’ ਨੂੰ ਮਾਲਵਾ ਖੇਤਰ ਵਿੱਚ ਹੋਰ ਮਜ਼ਬੂਤੀ ਮਿਲ ਸਕਦੀ ਹੈ।

Recent News