Courtesy: pinterest
ਪੰਜਾਬ: ਸੂਬੇ ਵਿੱਚ ਲਗਾਤਾਰ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ। ਮੰਗਲਵਾਰ ਸਵੇਰੇ ਸਾਢੇ ਅੱਠ ਵਜੇ ਦੇ ਬਾਦ ਤੇਜ ਧੁੱਪ ਦੇ ਨਾਲ ਦੁਪਿਹਰ ਦਾ ਤਾਪਮਾਨ 44.8 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਰਾਤ ਦਾ ਤਾਪਮਾਨ ਵੀ ਵੱਧ ਕੇ 28.6 ਡਿਗਰੀ ਸੈਲਸੀਅਸ ਪਹੁੰਚ ਗਿਆ, ਜਿਸ ਕਾਰਨ ਲੋਕਾਂ ਨੂੰ ਰਾਹਤ ਨਹੀਂ ਮਿਲੀ।
ਦੁਪਹਿਰ 12 ਵਜੇ ਤੋਂ 3 ਵਜੇ ਤੱਕ ਦੀ ਤਿੱਖੀ ਗਰਮੀ ਕਾਰਨ ਸ਼ਹਿਰ ਦੇ ਬਾਜ਼ਾਰਾਂ ਅਤੇ ਗਲੀਆਂ ਵਿੱਚ ਸੁੰਨ-ਸਪਾਟਾ ਛਾਇਆ ਰਿਹਾ। ਲੋਕਾਂ ਨੇ ਲੋੜ ਤੋਂ ਬਿਨਾਂ ਘਰਾਂ ਤੋਂ ਬਾਹਰ ਨਿਕਲਣ ਤੋਂ ਪਰਹੇਜ਼ ਕੀਤਾ। ਮੌਸਮ ਵਿਭਾਗ ਨੇ ਪਹਿਲਾਂ ਹੀ ਗਰਮੀ ਦੀ ਇਸ ਲਹਿਰ ਬਾਰੇ ਚੇਤਾਵਨੀ ਜਾਰੀ ਕੀਤੀ ਸੀ।
ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਗਰਮੀ
ਪਿਛਲੇ ਸਾਲਾਂ ਦੇ ਅੰਕੜਿਆਂ ਮੁਤਾਬਕ, 2025 ਦੇ ਪਹਿਲੇ ਨੌਂ ਦਿਨਾਂ ਦੌਰਾਨ ਵੱਧ ਤੋਂ ਵੱਧ ਤਾਪਮਾਨ 44.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ, ਜਦਕਿ 2024 ਵਿੱਚ 3 ਜੂਨ ਨੂੰ ਤਾਪਮਾਨ 46.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ।
ਮੌਸਮ ਵਿਭਾਗ ਦੀ ਚੇਤਾਵਨੀ
ਮੌਸਮ ਵਿਭਾਗ ਨੇ 10 ਜੂਨ ਲਈ ਵੀ ਹੀਟਵੇਵ ਵਰਗੇ ਹਾਲਾਤਾਂ ਦੀ ਸੰਭਾਵਨਾ ਜਤਾਈ ਹੈ ਅਤੇ ਤਾਪਮਾਨ 45 ਤੋਂ 46 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਗੱਲ ਕਹੀ ਹੈ। ਹਾਲਾਂਕਿ 11 ਜੂਨ ਤੋਂ ਅਗਲੇ ਤਿੰਨ ਦਿਨਾਂ ਦੌਰਾਨ ਅਸਮਾਨ ਵਿੱਚ ਬੱਦਲ ਛਾਏ ਰਹਿਣਗੇ ਅਤੇ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ।
ਜੇਕਰ ਮੀਂਹ ਪੈਂਦਾ ਹੈ ਤਾਂ ਤਾਪਮਾਨ ਵਿੱਚ 5 ਤੋਂ 8 ਡਿਗਰੀ ਸੈਲਸੀਅਸ ਤੱਕ ਦੀ ਕਮੀ ਆ ਸਕਦੀ ਹੈ, ਜਿਸ ਨਾਲ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ।
ਕਿਉਂ ਵਧ ਰਹੀ ਗਰਮੀ?
ਮੌਸਮ ਮਾਹਿਰਾਂ ਦੇ ਅਨੁਸਾਰ, ਵਾਹਨਾਂ ਅਤੇ ਫੈਕਟਰੀਆਂ ਤੋਂ ਨਿਕਲਣ ਵਾਲਾ ਧੂੰਆਂ ਹੀ ਗਰਮੀ ਦਾ ਕਾਰਨ ਨਹੀਂ ਹੈ। ਕੂੜੇ ਦੇ ਢੇਰਾਂ, ਪੁਰਾਣੇ ਟਾਇਰਾਂ, ਸੁੱਕੇ ਪੱਤਿਆਂ ਅਤੇ ਹੋਰ ਜਲਣਸ਼ੀਲ ਸਮੱਗਰੀ ਨੂੰ ਅੱਗ ਲਗਾਉਣ ਨਾਲ ਵੀ ਤਾਪਮਾਨ ਅਤੇ ਪ੍ਰਦੂਸ਼ਣ ਦੋਵਾਂ ਵਿੱਚ ਵਾਧਾ ਹੋ ਰਿਹਾ ਹੈ।
ਸਿਹਤ ਦਾ ਰੱਖੋ ਖ਼ਾਸ ਧਿਆਨ
ਡਾਕਟਰਾਂ ਦਾ ਕਹਿਣਾ ਹੈ ਕਿ ਲਗਾਤਾਰ ਵੱਧ ਰਹੀ ਗਰਮੀ ਬੱਚਿਆਂ ਅਤੇ ਬਜ਼ੁਰਗਾਂ ਲਈ ਖ਼ਾਸ ਤੌਰ 'ਤੇ ਖ਼ਤਰਨਾਕ ਹੋ ਸਕਦੀ ਹੈ। ਲੋਕਾਂ ਨੂੰ ਬਿਨਾਂ ਲੋੜ ਦੇ ਲੰਮੇ ਸਮੇਂ ਤੱਕ ਧੁੱਪ ਵਿੱਚ ਰਹਿਣ ਤੋਂ ਬਚਣਾ ਚਾਹੀਦਾ ਹੈ। ਜੇਕਰ ਬਾਹਰ ਜਾਣਾ ਲਾਜ਼ਮੀ ਹੋਵੇ ਤਾਂ ਛਤਰੀ, ਟੋਪੀ ਜਾਂ ਸਿਰ ਢੱਕਣ ਵਾਲਾ ਕੱਪੜਾ ਵਰਤਣਾ ਚਾਹੀਦਾ ਹੈ ਅਤੇ ਆਪਣੇ ਨਾਲ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ।
ਦਿਲ, ਸਾਹ ਜਾਂ ਬਲੱਡ ਪ੍ਰੈਸ਼ਰ ਨਾਲ ਜੁੜੀਆਂ ਸਮੱਸਿਆਵਾਂ ਵਾਲੇ ਲੋਕ ਆਪਣੀਆਂ ਦਵਾਈਆਂ ਆਪਣੇ ਨਾਲ ਰੱਖਣ। ਜੇਕਰ ਧੁੱਪ ਵਿੱਚ ਚਲਦੇ ਸਮੇਂ ਘਬਰਾਹਟ, ਚੱਕਰ ਜਾਂ ਧੜਕਣ ਤੇਜ਼ ਹੋਣ ਵਰਗੇ ਲੱਛਣ ਮਹਿਸੂਸ ਹੋਣ ਤਾਂ ਤੁਰੰਤ ਕਿਸੇ ਛਾਂ ਵਾਲੀ ਥਾਂ 'ਤੇ ਆਰਾਮ ਕਰੋ ਅਤੇ ਲੋੜ ਪੈਣ 'ਤੇ ਡਾਕਟਰੀ ਸਲਾਹ ਲਵੋ।
ਠੰਡੇ ਪਦਾਰਥਾਂ ਦੇ ਸੇਵਨ ਦੀ ਸਲਾਹ
ਮਾਹਿਰਾਂ ਨੇ ਗਰਮੀ ਦੇ ਦਿਨਾਂ ਵਿੱਚ ਨਾਰੀਅਲ ਪਾਣੀ, ਲੱਸੀ, ਦਹੀਂ, ਦੁੱਧ ਅਤੇ ਨਿੰਬੂ ਪਾਣੀ ਵਰਗੇ ਪਦਾਰਥਾਂ ਦਾ ਵੱਧ ਤੋਂ ਵੱਧ ਸੇਵਨ ਕਰਨ ਦੀ ਸਲਾਹ ਦਿੱਤੀ ਹੈ, ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ।