ਖੰਨਾ 'ਚ ਇੱਕ ਨਿੱਜੀ ਕੰਪਨੀ ਦੇ ਬੀਮਾ ਏਜੰਟ ਨੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਗੁਰਪ੍ਰੀਤ ਸਿੰਘ (35) ਵਾਸੀ ਬੰਤ ਕਲੋਨੀ, ਆਜ਼ਾਦ ਨਗਰ ਖੰਨਾ ਵਜੋਂ ਹੋਈ। ਜਾਣਕਾਰੀ ਅਨੁਸਾਰ ਗੁਰਪ੍ਰੀਤ ਨੇ ਇਕ ਫਾਈਨਾਂਸਰ ਤੋਂ ਕਰਜ਼ਾ ਲਿਆ ਸੀ। ਜਿਸਨੂੰ ਉਹ ਵਾਪਸ ਨਹੀਂ ਮੋੜ ਸਕਿਆ। ਕਰਜ਼ੇ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਰਾਤ ਉਹ ਆਪਣੀ ਪਤਨੀ ਸੁਸ਼ਮਾ ਅਤੇ 13 ਸਾਲਾ ਬੇਟੇ ਨਾਲ ਕਮਰੇ ਵਿੱਚ ਟੀਵੀ ਦੇਖ ਰਿਹਾ ਸੀ। ਪਤਨੀ ਨੇ ਸੌਣ ਲਈ ਕਿਹਾ ਤਾਂ ਗੁਰਪ੍ਰੀਤ ਨੇ ਬੱਚੇ ਨੂੰ ਦੂਜੇ ਕਮਰੇ ਵਿੱਚ ਲੈ ਜਾਣ ਲਈ ਕਿਹਾ। ਗੁਰਪ੍ਰੀਤ ਨੇ ਪਤਨੀ ਨੂੰ ਕਿਹਾ ਕਿ ਉਹ ਫਿਲਮ ਦੇਖ ਕੇ ਦੂਜੇ ਕਮਰੇ ਚ ਆਵੇਗਾ। ਸੁਸ਼ਮਾ ਆਪਣੇ ਬੇਟੇ ਨਾਲ ਦੂਜੇ ਕਮਰੇ ਵਿੱਚ ਚਲੀ ਗਈ। ਕਰੀਬ ਪੌਣੇ ਘੰਟੇ ਤੱਕ ਜਦੋਂ ਗੁਰਪ੍ਰੀਤ ਕਮਰੇ 'ਚ ਸੌਣ ਨਹੀਂ ਆਇਆ ਤਾਂ ਉਸਦੀ ਪਤਨੀ ਦੇਖਣ ਲਈ ਬਾਹਰ ਨਿਕਲੀ। ਜਿਸ ਕਮਰੇ ਵਿਚ ਗੁਰਪ੍ਰੀਤ ਫਿਲਮ ਦੇਖ ਰਿਹਾ ਸੀ, ਉਸਨੂੰ ਅੰਦਰੋਂ ਬੰਦ ਕੀਤਾ ਹੋਇਆ ਸੀ। ਜਦੋਂ ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਗਿਆ ਤਾਂ ਅੰਦਰ ਗੁਰਪ੍ਰੀਤ ਪੱਖੇ ਨਾਲ ਲਟਕਿਆ ਹੋਇਆ ਮਿਲਿਆ। ਜਦੋਂ ਤੱਕ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।