menu-icon
Punjabi Story Line
  • Home
  • News
  • Punjab
  • 1191 ਫਰੇਮਾਂ ਦੀ ਜਾਂਚ 'ਚ ਵੀਡੀਓ ਫਰਜ਼ੀ ਸਾਬਤ, ਸੀਐੱਮ ਭਗਵੰਤ ਮਾਨ ਨੇ ਡੀਜੀਪੀ ਨੂੰ ਮਾਸਟਰਮਾਈਂਡ ਫੜਨ ਦੇ ਹੁਕਮ ਦਿੱਤੇ

1191 ਫਰੇਮਾਂ ਦੀ ਜਾਂਚ 'ਚ ਵੀਡੀਓ ਫਰਜ਼ੀ ਸਾਬਤ, ਸੀਐੱਮ ਭਗਵੰਤ ਮਾਨ ਨੇ ਡੀਜੀਪੀ ਨੂੰ ਮਾਸਟਰਮਾਈਂਡ ਫੜਨ ਦੇ ਹੁਕਮ ਦਿੱਤੇ

ਸੀਐੱਮ ਮਾਨ ਨੇ ਪੰਜਾਬ ਪੁਲਿਸ ਮੁਖੀ (ਡੀਜੀਪੀ) ਗੌਰਵ ਯਾਦਵ ਨੂੰ ਵੀਡੀਓ ਦੇ ਪਿੱਛੇ ਲੁਕੇ ਮਾਸਟਰਮਾਈਂਡ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਇਹ ਵੀਡੀਓ ਸ਼ੂਟ ਕਰਵਾਈ, ਫੰਡ ਮੁਹੱਈਆ ਕਰਵਾਏ ਅਤੇ ਇਸ ਨੂੰ ਵਾਇਰਲ ਕੀਤਾ, ਉਸ ਨੂੰ ਫੜ ਕੇ ਸੰਗਤ ਦੇ ਸਾਹਮਣੇ ਪੇਸ਼ ਕੀਤਾ ਜਾਵੇ, ਤਾਂ ਜੋ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ।

Date Updated Last Updated : 18 June 2026, 07:12 PM IST
Share:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਖ਼ਿਲਾਫ਼ ਵਾਇਰਲ ਹੋ ਰਹੇ ਵਿਵਾਦਿਤ ਵੀਡੀਓ ਨੂੰ ਲੈ ਕੇ ਵੱਡਾ ਬਿਆਨ ਦਿੰਦਿਆਂ ਦਾਅਵਾ ਕੀਤਾ ਹੈ ਕਿ ਇਹ ਵੀਡੀਓ ਪੂਰੀ ਤਰ੍ਹਾਂ ਫ਼ਰਜ਼ੀ ਅਤੇ ਸਿਆਸੀ ਸਾਜ਼ਿਸ਼ ਅਧੀਨ ਤਿਆਰ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋ ਵੱਖ-ਵੱਖ ਲੈਬਾਂ ਵੱਲੋਂ ਕੀਤੀ ਗਈ ਵਿਗਿਆਨਕ ਜਾਂਚ ਵਿੱਚ ਵੀਡੀਓ ਦੇ 1191 ਫਰੇਮਾਂ ਦਾ ਵਿਸ਼ਲੇਸ਼ਣ ਕੀਤਾ ਗਿਆ, ਪਰ ਇੱਕ ਵੀ ਫਰੇਮ ਉਨ੍ਹਾਂ ਦੇ ਅਸਲੀ ਚਿਹਰੇ, ਸਾਈਡ ਪ੍ਰੋਫਾਈਲ ਜਾਂ ਸਰੀਰਕ ਬਣਤਰ ਨਾਲ ਮੇਲ ਨਹੀਂ ਖਾਂਦਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਵੀਡੀਓ ਵਿੱਚ ਉਨ੍ਹਾਂ ਵਰਗਾ ਇੱਕ ਐਕਟਰ ਖੜ੍ਹਾ ਕੀਤਾ ਗਿਆ ਹੈ, ਜਿਸ ਨੇ ਜਾਣਬੁੱਝ ਕੇ ਉਨ੍ਹਾਂ ਦੀ ਨਕਲ ਕੀਤੀ ਹੈ।

ਡੀਜੀਪੀ ਨੂੰ ਦਿੱਤੇ ਮੁਲਜ਼ਮ ਨੂੰ ਫੜਨ ਦੇ ਨਿਰਦੇਸ਼

ਇਸ ਮੌਕੇ ਸੀਐੱਮ ਮਾਨ ਨੇ ਪੰਜਾਬ ਪੁਲਿਸ ਮੁਖੀ (ਡੀਜੀਪੀ) ਗੌਰਵ ਯਾਦਵ ਨੂੰ ਵੀਡੀਓ ਦੇ ਪਿੱਛੇ ਲੁਕੇ ਮਾਸਟਰਮਾਈਂਡ ਦਾ ਪਤਾ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿਸ ਵਿਅਕਤੀ ਨੇ ਇਹ ਵੀਡੀਓ ਸ਼ੂਟ ਕਰਵਾਈ, ਫੰਡ ਮੁਹੱਈਆ ਕਰਵਾਏ ਅਤੇ ਇਸ ਨੂੰ ਵਾਇਰਲ ਕੀਤਾ, ਉਸ ਨੂੰ ਫੜ ਕੇ ਸੰਗਤ ਦੇ ਸਾਹਮਣੇ ਪੇਸ਼ ਕੀਤਾ ਜਾਵੇ, ਤਾਂ ਜੋ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ।

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਪ ਬੁਲਾਰੇ ਬਲਤੇਜ ਪੰਨੂੰ ਵੱਲੋਂ ਪ੍ਰੈਸ ਕਾਨਫਰੰਸ

ਇਸ ਤੋਂ ਪਹਿਲਾਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਪ ਬੁਲਾਰੇ ਬਲਤੇਜ ਪੰਨੂੰ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਦੋ ਲੈਬਾਂ ਦੀਆਂ ਰਿਪੋਰਟਾਂ ਪੇਸ਼ ਕੀਤੀਆਂ, ਜਿਨ੍ਹਾਂ ਵਿੱਚ ਸਪੱਸ਼ਟ ਕੀਤਾ ਗਿਆ ਕਿ ਵੀਡੀਓ ਵਿੱਚ ਦਿਖਾਈ ਦੇ ਰਿਹਾ ਵਿਅਕਤੀ ਭਗਵੰਤ ਮਾਨ ਨਹੀਂ ਹੈ। ਆਪ ਨੇਤਾਵਾਂ ਨੇ ਇਸ ਮਾਮਲੇ ਵਿੱਚ ਡੀਜੀਪੀ ਨਾਲ ਮੁਲਾਕਾਤ ਕਰਕੇ ਡੂੰਘੀ ਜਾਂਚ ਦੀ ਮੰਗ ਵੀ ਕੀਤੀ।
ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਭਗਵੰਤ ਮਾਨ ਨੇ ਗੁਰੂਆਂ ਦੀ ਤਸਵੀਰ ਦੇ ਸਾਹਮਣੇ ਸ਼ਰਾਬ ਪੀਤੀ ਅਤੇ ਉਸ ਦੇ ਛਿੱਟੇ ਮਾਰੇ। ਇਸ ਦੀ ਜਾਂਚ ਅਕਾਲ ਤਖ਼ਤ ਵੱਲੋਂ ਕਰਵਾਈ ਗਈ ਅਤੇ ਵੀਡੀਓ ਨੂੰ ਸਹੀ ਕਰਾਰ ਦਿੰਦਿਆਂ ਸੀਐੱਮ ਮਾਨ ਨੂੰ ਗੁਰੂਦੋਸ਼ੀ ਅਤੇ ਪੰਥ ਵਿਰੋਧੀ ਐਲਾਨਿਆ ਗਿਆ ਸੀ। ਹੁਣ ਸੀਐੱਮ ਮਾਨ ਨੇ ਇਸ ਫੈਸਲੇ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਇਹ ਪੂਰੀ ਤਰ੍ਹਾਂ ਸਿਆਸੀ ਸਾਜ਼ਿਸ਼ ਹੈ, ਜਿਸ ਵਿੱਚ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਸੀਐੱਮ ਭਗਵੰਤ ਮਾਨ ਦੇ ਹੋਰ ਅਹਿਮ ਬਿਆਨ

•    ਸਿੱਖੀ ਦੀ ਸੇਵਾ ਦਾ ਇਤਿਹਾਸ: ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਿੱਖ ਧਰਮ ਅਤੇ ਪੰਜਾਬ ਦੀ ਸੇਵਾ ਵਿੱਚ ਉਹ ਕੰਮ ਕੀਤੇ ਹਨ, ਜੋ ਪਹਿਲਾਂ ਕੋਈ ਸਰਕਾਰ ਨਹੀਂ ਕਰ ਸਕੀ। ਇਨ੍ਹਾਂ ਵਿੱਚ ਸੰਸਦ ਵਿੱਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿਲਵਾਉਣਾ, ਪਾਲਕੀ ਸਾਹਿਬ ਦੀਆਂ ਗੱਡੀਆਂ ਦਾ ਟੈਕਸ ਮਾਫ਼ ਕਰਨਾ ਅਤੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਇਤਿਹਾਸਕ ਵਿਧਾਨ ਸਭਾ ਸੈਸ਼ਨ ਕਰਵਾਉਣਾ ਸ਼ਾਮਲ ਹੈ।
•    ਬੇਅਦਬੀ ਖ਼ਿਲਾਫ਼ ਸਖ਼ਤ ਕਾਨੂੰਨ: ਉਨ੍ਹਾਂ ਕਿਹਾ ਕਿ ਪਹਿਲਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਕਾਨੂੰਨ ਬਹੁਤ ਕਮਜ਼ੋਰ ਸਨ ਅਤੇ ਦੋਸ਼ੀ ਥਾਣੇ ਤੋਂ ਜ਼ਮਾਨਤ 'ਤੇ ਬਾਹਰ ਆ ਜਾਂਦੇ ਸਨ। ਉਨ੍ਹਾਂ ਦੀ ਸਰਕਾਰ ਨੇ ਸਖ਼ਤ ਕਾਨੂੰਨ ਲਿਆ ਕੇ ਇਸ ਰੁਝਾਨ ਨੂੰ ਰੋਕਿਆ।
•    ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ: ਸੀਐੱਮ ਮਾਨ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਸਮੇਤ ਤਿੰਨੋਂ ਮੁੱਖ ਪਾਰਟੀਆਂ ਉਨ੍ਹਾਂ ਖ਼ਿਲਾਫ਼ ਇੱਕਜੁੱਟ ਹੋ ਗਈਆਂ ਹਨ, ਕਿਉਂਕਿ ਉਹ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਫੈਸਲੇ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਪਾਰਟੀਆਂ ਚਾਹੇ ਕਿੰਨਾ ਵੀ ਉਪੱਰਕੀ ਕਰ ਲੈਣ, ਪਰ ਜਨਤਾ ਦੀ ਤਾਕਤ ਸਭ ਤੋਂ ਵੱਡੀ ਹੈ।
•    ਸੈਕੂਲਰ ਸੋਚ 'ਤੇ ਜ਼ੋਰ: ਉਨ੍ਹਾਂ ਕਿਹਾ ਕਿ ਉਹ ਸੈਕੂਲਰ ਵਿਅਕਤੀ ਹਨ ਅਤੇ ਸਾਰੇ ਧਰਮਾਂ ਦੀ ਸੇਵਾ ਕਰਨਾ ਚਾਹੁੰਦੇ ਹਨ। ਉਨ੍ਹਾਂ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 'ਤੇ ਵੀ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਇਸ ਦਾ ਪ੍ਰਧਾਨ ਖੁਦ ਨੂੰ ਸੁਖਬੀਰ ਬਾਦਲ ਦਾ ਸਿਪਾਹੀ ਕਹਿੰਦਾ ਹੈ, ਜਦੋਂ ਕਿ ਉਸ ਨੂੰ ਗੁਰੂ ਗੋਬਿੰਦ ਸਿੰਘ ਦਾ ਵਫ਼ਾਦਾਰ ਸਿਪਾਹੀ ਹੋਣਾ ਚਾਹੀਦਾ ਸੀ।
•    ਅੰਤਿਕ ਫੈਸਲਾ ਸੰਗਤ ਦੇ ਹਵਾਲੇ: ਸੀਐੱਮ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਡੀਜੀਪੀ ਨੂੰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਸੰਗਤ ਦੇ ਸਾਹਮਣੇ ਪੇਸ਼ ਕਰਨ ਦੇ ਹੁਕਮ ਦਿੱਤੇ ਹਨ। ਅਗਲਾ ਫੈਸਲਾ ਸੰਗਤ ਅਤੇ ਅਕਾਲ ਤਖ਼ਤ ਵੱਲੋਂ ਲਿਆ ਜਾਵੇਗਾ, ਜੋ ਸਰਵਉੱਚ ਹੈ।
ਇਸ ਪੂਰੇ ਮਾਮਲੇ ਵਿੱਚ ਹੁਣ ਡੀਜੀਪੀ ਵੱਲੋਂ ਜਾਂਚ ਸ਼ੁਰੂ ਕਰਨ ਦੀ ਉਮੀਦ ਹੈ, ਜਦਕਿ ਵਿਰੋਧੀ ਧਿਰਾਂ ਵੱਲੋਂ ਇਸ 'ਤੇ ਹੋਰ ਸਵਾਲ ਉਠਾਏ ਜਾਣ ਦੀ ਸੰਭਾਵਨਾ ਹੈ।

Recent News