Courtesy: @FIFAWorldCup ·
ਨਵੀਂ ਦਿੱਲੀ: ਫੁੱਟਬਾਲ ਦੇ ਸਭ ਤੋਂ ਵੱਡੇ ਟੂਰਨਾਮੈਂਟ ਫੀਫਾ ਵਰਲਡ ਕੱਪ 2026 ਦਾ ਸ਼ਾਨਦਾਰ ਆਗਾਜ਼ ਹੋ ਗਿਆ ਹੈ। ਉਦਘਾਟਨੀ ਮੁਕਾਬਲੇ ਵਿੱਚ ਮੇਜ਼ਬਾਨ ਮੈਕਸੀਕੋ ਨੇ ਦੱਖਣੀ ਅਫਰੀਕਾ ਨੂੰ 2-0 ਨਾਲ ਮਾਤ ਦੇ ਕੇ ਆਪਣੇ ਅਭਿਆਨ ਦੀ ਜਿੱਤ ਨਾਲ ਸ਼ੁਰੂਆਤ ਕੀਤੀ। ਮੈਕਸੀਕੋ ਸਿਟੀ ਦੇ ਇਤਿਹਾਸਕ ਐਜ਼ਟੇਕਾ ਸਟੇਡੀਅਮ ਵਿੱਚ ਖੇਡੇ ਗਏ ਇਸ ਮੁਕਾਬਲੇ ਦੌਰਾਨ ਮੈਦਾਨ ਵਿੱਚ ਮੈਕਸੀਕਨ ਟੀਮ ਦਾ ਦਬਦਬਾ ਸਪੱਸ਼ਟ ਤੌਰ 'ਤੇ ਨਜ਼ਰ ਆਇਆ।
ਇਸ ਜਿੱਤ ਨਾਲ ਮੈਕਸੀਕੋ ਨੇ ਗਰੁੱਪ ਏ ਵਿੱਚ 3 ਅਹਿਮ ਅੰਕ ਹਾਸਲ ਕਰ ਲਏ ਅਤੇ ਟੂਰਨਾਮੈਂਟ ਵਿੱਚ ਆਪਣੀ ਦਾਅਵੇਦਾਰੀ ਮਜ਼ਬੂਤ ਕਰ ਦਿੱਤੀ। ਮੈਚ ਦੇ ਗਵਾਹ ਬਣਨ ਲਈ ਸਟੇਡੀਅਮ ਵਿੱਚ 80 ਹਜ਼ਾਰ ਤੋਂ ਵੱਧ ਦਰਸ਼ਕ ਮੌਜੂਦ ਸਨ, ਜਿਨ੍ਹਾਂ ਨੇ ਸ਼ੁਰੂ ਤੋਂ ਅਖੀਰ ਤੱਕ ਖੇਡ ਦਾ ਭਰਪੂਰ ਆਨੰਦ ਮਾਣਿਆ।
ਟੀਮ ਨੇ ਮੈਚ 'ਤੇ ਬਣਾਈ ਮਜ਼ਬੂਤ ਪਕੜ
ਮੈਚ ਦੀ ਸ਼ੁਰੂਆਤ ਤੋਂ ਹੀ ਮੈਕਸੀਕੋ ਨੇ ਹਮਲਾਵਰ ਰਵੱਈਆ ਅਪਣਾਇਆ ਅਤੇ ਦੱਖਣੀ ਅਫਰੀਕਾ ਦੀ ਰੱਖਿਆ ਪੰਤੀ 'ਤੇ ਦਬਾਅ ਬਣਾਈ ਰੱਖਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਮੁਕਾਬਲੇ ਦੇ ਸਿਰਫ਼ ਨੌਵੇਂ ਮਿੰਟ ਵਿੱਚ ਜੂਲੀਅਨ ਕੁਇਨੋਨੇਸ ਨੇ ਗੋਲ ਕਰਕੇ ਮੈਕਸੀਕੋ ਨੂੰ 1-0 ਦੀ ਬੜ੍ਹਤ ਦਿਵਾ ਦਿੱਤੀ। ਇਸ ਸ਼ੁਰੂਆਤੀ ਗੋਲ ਨੇ ਮੈਕਸੀਕੋ ਦੇ ਹੌਸਲੇ ਹੋਰ ਵਧਾ ਦਿੱਤੇ ਅਤੇ ਟੀਮ ਨੇ ਮੈਚ 'ਤੇ ਆਪਣੀ ਪਕੜ ਮਜ਼ਬੂਤ ਬਣਾਈ ਰੱਖੀ।
ਰਾਉਲ ਜਿਮੇਨੇਜ਼ ਨੇ ਪੱਕੀ ਕੀਤੀ ਜਿੱਤ
ਦੂਜੇ ਹਾਫ ਵਿੱਚ ਵੀ ਮੈਕਸੀਕੋ ਦਾ ਦਬਦਬਾ ਜਾਰੀ ਰਿਹਾ। 66ਵੇਂ ਮਿੰਟ ਵਿੱਚ ਤਜਰਬੇਕਾਰ ਸਟ੍ਰਾਈਕਰ ਰਾਉਲ ਜਿਮੇਨੇਜ਼ ਨੇ ਸ਼ਾਨਦਾਰ ਹੈਡਰ ਰਾਹੀਂ ਗੇਂਦ ਨੂੰ ਜਾਲ ਵਿੱਚ ਪਹੁੰਚਾਇਆ ਅਤੇ ਸਕੋਰ 2-0 ਕਰ ਦਿੱਤਾ।
ਇਹ ਜਿਮੇਨੇਜ਼ ਦੇ ਅੰਤਰਰਾਸ਼ਟਰੀ ਕਰੀਅਰ ਦਾ 46ਵਾਂ ਗੋਲ ਸੀ। ਇਸ ਉਪਲਬਧੀ ਨਾਲ ਉਹ ਮੈਕਸੀਕੋ ਦੇ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿੱਚ ਜਾਰੇਡ ਬੋਰਗੇਟੀ ਦੀ ਬਰਾਬਰੀ 'ਤੇ ਪਹੁੰਚ ਗਏ ਹਨ। ਉਹ ਹੁਣ ਸਾਬਕਾ ਸਟਾਰ ਖਿਡਾਰੀ ਜੇਵੀਅਰ "ਚਿਚਾਰੀਟੋ" ਹਰਨਾਂਡੇਜ਼ ਦੇ ਰਿਕਾਰਡ ਤੋਂ ਸਿਰਫ਼ ਛੇ ਗੋਲ ਪਿੱਛੇ ਹਨ।
ਕੁਇਨੋਨੇਸ ਦਾ ਯਾਦਗਾਰ ਵਰਲਡ ਕੱਪ ਡੈਬਿਊ
ਕੋਲੰਬੀਆ ਵਿੱਚ ਜਨਮੇ 29 ਸਾਲਾ ਫਾਰਵਰਡ ਜੂਲੀਅਨ ਕੁਇਨੋਨੇਸ ਲਈ ਇਹ ਮੈਚ ਖਾਸ ਰਿਹਾ। ਉਨ੍ਹਾਂ ਨੇ ਮੈਕਸੀਕੋ ਲਈ ਆਪਣਾ ਪਹਿਲਾ ਵਰਲਡ ਕੱਪ ਮੁਕਾਬਲਾ ਖੇਡਿਆ ਅਤੇ ਗੋਲ ਕਰਕੇ ਆਪਣੇ ਡੈਬਿਊ ਨੂੰ ਯਾਦਗਾਰ ਬਣਾ ਦਿੱਤਾ। ਕੁਇਨੋਨੇਸ ਉਨ੍ਹਾਂ ਛੇ ਖਿਡਾਰੀਆਂ ਵਿੱਚ ਸ਼ਾਮਲ ਸਨ, ਜਿਨ੍ਹਾਂ ਨੇ ਇਸ ਮੁਕਾਬਲੇ ਰਾਹੀਂ ਵਰਲਡ ਕੱਪ ਵਿੱਚ ਪਹਿਲੀ ਵਾਰ ਮੈਕਸੀਕੋ ਦੀ ਨੁਮਾਇੰਦਗੀ ਕੀਤੀ।
ਦੱਖਣੀ ਅਫਰੀਕਾ ਲਈ ਮੁਸ਼ਕਲ ਭਰੀ ਸ਼ੁਰੂਆਤ
ਮੈਚ ਦੌਰਾਨ ਦੱਖਣੀ ਅਫਰੀਕਾ ਦੀ ਟੀਮ ਨਾ ਸਿਰਫ਼ ਗੋਲ ਕਰਨ ਵਿੱਚ ਅਸਫਲ ਰਹੀ, ਸਗੋਂ ਅਨੁਸ਼ਾਸਨਹੀਣਤਾ ਕਾਰਨ ਵੀ ਉਸ ਨੂੰ ਵੱਡਾ ਨੁਕਸਾਨ ਝੱਲਣਾ ਪਿਆ।
ਟੀਮ ਦੇ ਦੋ ਖਿਡਾਰੀਆਂ ਨੂੰ ਰੈੱਡ ਕਾਰਡ ਦਿਖਾਏ ਗਏ, ਜਿਸ ਕਾਰਨ ਦੱਖਣੀ ਅਫਰੀਕਾ ਨੂੰ ਆਖਰੀ ਪੜਾਅ ਵਿੱਚ ਸਿਰਫ਼ ਨੌਂ ਖਿਡਾਰੀਆਂ ਨਾਲ ਖੇਡਣਾ ਪਿਆ। ਇਸ ਨਾਲ ਮੈਕਸੀਕੋ ਲਈ ਮੈਚ 'ਤੇ ਕਾਬੂ ਬਣਾਈ ਰੱਖਣਾ ਹੋਰ ਆਸਾਨ ਹੋ ਗਿਆ।
ਹਾਲਾਂਕਿ ਇੰਜਰੀ ਸਮੇਂ ਦੌਰਾਨ ਮੈਕਸੀਕੋ ਦੇ ਡਿਫੈਂਡਰ ਸੀਜ਼ਰ ਮੋਂਟੇਸ ਨੂੰ ਵੀ ਰੈੱਡ ਕਾਰਡ ਮਿਲਿਆ, ਪਰ ਇਸ ਦਾ ਮੈਚ ਦੇ ਨਤੀਜੇ 'ਤੇ ਕੋਈ ਅਸਰ ਨਹੀਂ ਪਿਆ।
2022 ਦੀ ਨਿਰਾਸ਼ਾ ਤੋਂ ਬਾਅਦ ਜਿੱਤ ਨਾਲ ਵਾਪਸੀ
ਮੈਕਸੀਕੋ ਦੀ ਟੀਮ ਲਈ ਇਹ ਜਿੱਤ ਕਾਫ਼ੀ ਅਹਿਮ ਮੰਨੀ ਜਾ ਰਹੀ ਹੈ। ਪਿਛਲੇ ਕਤਰ ਵਰਲਡ ਕੱਪ 2022 ਵਿੱਚ ਟੀਮ ਗਰੁੱਪ ਪੜਾਅ ਤੋਂ ਹੀ ਬਾਹਰ ਹੋ ਗਈ ਸੀ, ਜਿਸ ਕਾਰਨ ਫੈਂਸ ਵਿੱਚ ਨਿਰਾਸ਼ਾ ਸੀ। ਹੁਣ ਘਰੇਲੂ ਮੈਦਾਨ 'ਤੇ ਜਿੱਤ ਨਾਲ ਟੀਮ ਨੇ ਆਪਣੇ ਸਮਰਥਕਾਂ ਨੂੰ ਖੁਸ਼ੀ ਦਾ ਮੌਕਾ ਦਿੱਤਾ ਹੈ।
ਦੂਜੇ ਪਾਸੇ ਦੱਖਣੀ ਅਫਰੀਕਾ ਹੁਣ ਆਪਣੇ ਅਗਲੇ ਮੁਕਾਬਲੇ ਵਿੱਚ ਚੈਕ ਗਣਰਾਜ ਦਾ ਸਾਹਮਣਾ ਕਰੇਗੀ ਅਤੇ ਟੂਰਨਾਮੈਂਟ ਵਿੱਚ ਵਾਪਸੀ ਦੀ ਕੋਸ਼ਿਸ਼ ਕਰੇਗੀ।
ਇਤਿਹਾਸਕ ਹੈ ਫੀਫਾ ਵਰਲਡ ਕੱਪ 2026
ਇਸ ਵਾਰ ਦਾ ਫੀਫਾ ਵਰਲਡ ਕੱਪ ਕਈ ਕਾਰਨਾਂ ਕਰਕੇ ਇਤਿਹਾਸਕ ਮੰਨਿਆ ਜਾ ਰਿਹਾ ਹੈ। ਕਿਉਂਕਿ, ਪਹਿਲੀ ਵਾਰ ਟੂਰਨਾਮੈਂਟ ਵਿੱਚ 48 ਟੀਮਾਂ ਹਿੱਸਾ ਲੈ ਰਹੀਆਂ ਹਨ, ਜੋ ਵਰਲਡ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਵੱਡਾ ਵਿਸਤਾਰ ਹੈ। ਇਸ ਤੋਂ ਇਲਾਵਾ ਪਹਿਲੀ ਵਾਰ ਤਿੰਨ ਦੇਸ਼—ਮੈਕਸੀਕੋ, ਕੈਨੇਡਾ ਅਤੇ ਸੰਯੁਕਤ ਰਾਜ ਅਮਰੀਕਾ—ਸਾਂਝੇ ਤੌਰ 'ਤੇ ਇਸ ਮਹਾਂਕੁੰਭ ਦੀ ਮੇਜ਼ਬਾਨੀ ਕਰ ਰਹੇ ਹਨ। ਇਸ ਕਾਰਨ ਇਹ ਟੂਰਨਾਮੈਂਟ ਦੁਨੀਆ ਭਰ ਦੇ ਫੁੱਟਬਾਲ ਪ੍ਰਸ਼ੰਸਕਾਂ ਲਈ ਖਾਸ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।