menu-icon
Punjabi Story Line
  • Home
  • News
  • Sports
  • IND vs AFG: ਧਰਮਸ਼ਾਲਾ 'ਚ ਲਗਾਤਾਰ ਰਿਮਝਿਮ ਬਾਰਿਸ਼, ਸ਼ਾਮ ਤੱਕ ਹੱਟਿਆ ਮੀਂਹ ਤਾਂ 20-20 ਓਵਰ ਦਾ ਹੋਵੇਗਾ ਮੈਚ

IND vs AFG: ਧਰਮਸ਼ਾਲਾ 'ਚ ਲਗਾਤਾਰ ਰਿਮਝਿਮ ਬਾਰਿਸ਼, ਸ਼ਾਮ ਤੱਕ ਹੱਟਿਆ ਮੀਂਹ ਤਾਂ 20-20 ਓਵਰ ਦਾ ਹੋਵੇਗਾ ਮੈਚ

ਧਰਮਸ਼ਾਲਾ 'ਚ ਖੇਡੇ ਜਾਣ ਵਾਲੇ ਭਾਰਤ-ਅਫਗਾਨਿਸਤਾਨ ਮੈਚ ਵਿਚਾਲੇ ਲਗਾਤਾਰ ਮੀਂਹ ਆਪਣਾ ਅਸਰ ਦਿਖਾ ਰਿਹਾ ਹੈ, ਜਿਸ ਕਾਰਨ ਮੈਚ ਪ੍ਰਭਾਵਿਤ ਹੋਇਆ ਹੈ। ਸੰਭਾਵਨਾ ਹੈ ਕਿ ਜੇਕਰ ਸ਼ਾਮ ਤਕ ਮੀਂਹ ਹੱਟਿਆ ਤਾਂ 20-20 ਓਵਰ ਦਾ ਮੈਚ ਹੋਵੇਗਾ।

Date Updated Last Updated : 13 June 2026, 03:33 PM IST
Share:

ਧਰਮਸ਼ਾਲਾ: ਐਚਪੀਸੀਏ ਕ੍ਰਿਕਟ ਸਟੇਡੀਅਮ ਵਿੱਚ ਸ਼ਨੀਵਾਰ ਨੂੰ ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਖੇਡੇ ਜਾਣ ਵਾਲੇ ਇੱਕ ਰੋਜ਼ਾ ਕ੍ਰਿਕਟ ਮੈਚ 'ਤੇ ਮੌਸਮ ਦੀ ਮਾਰ ਪੈ ਰਹੀ ਹੈ। ਪਿਛਲੀ ਰਾਤ ਤੋਂ ਖੇਤਰ ਵਿੱਚ ਲਗਾਤਾਰ ਮੀਂਹ ਪੈ ਰਿਹਾ ਹੈ ਅਤੇ ਸਵੇਰ ਤੋਂ ਵੀ ਰਿਮਝਿਮ ਬਾਰਿਸ਼ ਦਾ ਸਿਲਸਿਲਾ ਜਾਰੀ ਹੈ, ਜਿਸ ਕਾਰਨ ਮੈਚ ਦੀ ਸ਼ੁਰੂਆਤ ਪ੍ਰਭਾਵਿਤ ਹੋਈ ਹੈ।

ਦੋਵੇਂ ਟੀਮਾਂ ਪਹਿਲਾਂ ਹੀ ਧਰਮਸ਼ਾਲਾ ਪਹੁੰਚ ਚੁੱਕੀਆਂ ਸਨ ਅਤੇ ਮੈਚ ਲਈ ਪੂਰੀ ਤਰ੍ਹਾਂ ਤਿਆਰ ਸਨ, ਪਰ ਖਰਾਬ ਮੌਸਮ ਕਾਰਨ ਨਿਰਧਾਰਿਤ ਸਮੇਂ 'ਤੇ ਟਾਸ ਨਹੀਂ ਹੋ ਸਕਿਆ। ਮੈਚ ਦੁਪਹਿਰ 1:30 ਵਜੇ ਸ਼ੁਰੂ ਹੋਣਾ ਸੀ, ਪਰ ਮੀਂਹ ਨੇ ਸਾਰਾ ਖੇਲ ਖ਼ਰਾਬ ਕਰ ਦਿੱਤਾ ਤੇ ਤਿਆਰੀਆਂ ਰੱਖੀਆਂ ਰਹਿ ਗਈਆਂ।

ਧੌਲਾਧਾਰ ਦੀਆਂ ਚੋਟੀਆਂ 'ਤੇ ਤਾਜ਼ਾ ਬਰਫਬਾਰੀ

ਮੌਸਮ ਵਿੱਚ ਆਏ ਬਦਲਾਅ ਦਾ ਅਸਰ ਧੌਲਾਧਾਰ ਦੀ ਚੋਟੀ 'ਤੇ ਵੀ ਵੇਖਣ ਨੂੰ ਮਿਲਿਆ ਹੈ। ਉੱਚੀਆਂ ਚੋਟੀਆਂ 'ਤੇ ਤਾਜ਼ਾ ਬਰਫਬਾਰੀ ਦਰਜ ਕੀਤੀ ਗਈ ਹੈ, ਜਿਸ ਨਾਲ ਇਲਾਕੇ ਦੇ ਤਾਪਮਾਨ ਵਿੱਚ ਕਾਫ਼ੀ ਗਿਰਾਵਟ ਆਈ ਹੈ। ਇਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਅਤੇ ਮੌਸਮ ਠੰਡਾ ਹੋ ਗਿਆ ਹੈ।

ਮੀਂਹ ਦੇ ਬਾਵਜੂਦ ਸਟੇਡੀਅਮ ਪਹੁੰਚੇ ਕ੍ਰਿਕਟ ਪ੍ਰੇਮੀ

ਖ਼ਰਾਬ ਮੌਸਮ ਦੇ ਬਾਵਜੂਦ ਕ੍ਰਿਕਟ ਪ੍ਰੇਮੀਆਂ ਦਾ ਉਤਸ਼ਾਹ ਘੱਟ ਨਹੀਂ ਹੋਇਆ। ਵੱਡੀ ਗਿਣਤੀ ਵਿੱਚ ਦਰਸ਼ਕ ਰੇਨਕੋਟ ਅਤੇ ਛਤਰੀਆਂ ਨਾਲ ਸਟੇਡੀਅਮ ਪਹੁੰਚੇ। ਫੈਨਜ਼ ਅਜੇ ਵੀ ਉਮੀਦ ਲਗਾ ਕੇ ਬੈਠੇ ਹਨ ਕਿ ਮੌਸਮ ਸਾਫ਼ ਹੋਣ 'ਤੇ ਉਨ੍ਹਾਂ ਨੂੰ ਮੈਚ ਦੇਖਣ ਦਾ ਮੌਕਾ ਮਿਲੇਗਾ।

20-20 ਓਵਰਾਂ ਦਾ ਮੈਚ ਬਣ ਸਕਦਾ ਹੈ ਵਿਕਲਪ

ਜੇਕਰ ਸ਼ਾਮ ਤੱਕ ਮੀਂਹ ਰੁਕ ਜਾਂਦਾ ਹੈ ਅਤੇ ਮੈਦਾਨ ਖੇਡਣ ਯੋਗ ਹੋ ਜਾਂਦਾ ਹੈ, ਤਾਂ ਮੈਚ ਨੂੰ ਛੋਟੇ ਫਾਰਮੈਟ ਵਿੱਚ ਕਰਵਾਇਆ ਜਾ ਸਕਦਾ ਹੈ। ਅਧਿਕਾਰੀਆਂ ਅਨੁਸਾਰ ਜੇ ਸਥਿਤੀ ਵਿੱਚ ਸੁਧਾਰ ਆਇਆ ਤਾਂ ਦੋਵੇਂ ਟੀਮਾਂ ਵਿਚਾਲੇ 20-20 ਓਵਰਾਂ ਦਾ ਮੁਕਾਬਲਾ ਕਰਵਾਉਣ ਦੀ ਸੰਭਾਵਨਾ ਹੈ।

ਫਿਲਹਾਲ ਪਿੱਚ ਅਤੇ ਮੈਦਾਨ ਦੇ ਮਹੱਤਵਪੂਰਨ ਹਿੱਸਿਆਂ ਨੂੰ ਤਿਰਪਾਲ ਨਾਲ ਢੱਕਿਆ ਗਿਆ ਹੈ ਤਾਂ ਜੋ ਮੀਂਹ ਦੇ ਪਾਣੀ ਤੋਂ ਸੁਰੱਖਿਆ ਕੀਤੀ ਜਾ ਸਕੇ। ਮੈਦਾਨ ਦੇ ਉੱਤਰੀ ਅਤੇ ਦੱਖਣੀ ਹਿੱਸਿਆਂ ਨੂੰ ਵੀ ਕਵਰ ਕੀਤਾ ਗਿਆ ਹੈ।

ਆਧੁਨਿਕ ਤਕਨਾਲੋਜੀ ਨਾਲ ਜਲਦੀ ਸੁੱਕੇਗਾ ਮੈਦਾਨ

ਹਿਮਾਚਲ ਪ੍ਰਦੇਸ਼ ਕ੍ਰਿਕਟ ਐਸੋਸੀਏਸ਼ਨ ਨੇ ਧਰਮਸ਼ਾਲਾ ਸਟੇਡੀਅਮ ਵਿੱਚ ਮੀਂਹ ਦੇ ਪਾਣੀ ਨੂੰ ਜਲਦੀ ਬਾਹਰ ਕੱਢਣ ਲਈ ਆਧੁਨਿਕ ਡਰੇਨੇਜ ਅਤੇ ਸੁਕਾਉਣ ਵਾਲੀ ਤਕਨਾਲੋਜੀ ਦਾ ਪ੍ਰਬੰਧ ਕੀਤਾ ਹੋਇਆ ਹੈ। ਸਟੇਡੀਅਮ ਵਿੱਚ ਲਗਾਇਆ ਗਿਆ "ਸਬ-ਏਅਰ ਸਿਸਟਮ" ਬਹੁਤ ਹੀ ਉੱਨਤ ਤਕਨੀਕ ਮੰਨੀ ਜਾਂਦੀ ਹੈ। ਇਹ ਪ੍ਰਣਾਲੀ ਹਵਾ ਦੇ ਦਬਾਅ ਦੀ ਮਦਦ ਨਾਲ ਆਊਟਫੀਲਡ ਵਿੱਚ ਇਕੱਠੇ ਹੋਏ ਪਾਣੀ ਨੂੰ ਬਹੁਤ ਘੱਟ ਸਮੇਂ ਵਿੱਚ ਸੋਖ ਕੇ ਬਾਹਰ ਕੱਢ ਸਕਦੀ ਹੈ।

ਇਸ ਤੋਂ ਇਲਾਵਾ ਮੈਦਾਨ ਦੇ ਹੇਠਾਂ ਵਿਸ਼ੇਸ਼ ਛਿਦਰਦਾਰ ਪਾਈਪਾਂ ਦਾ ਜਾਲ ਵਿਛਾਇਆ ਗਿਆ ਹੈ, ਜੋ ਪਾਣੀ ਦੀ ਨਿਕਾਸ ਤੇਜ਼ੀ ਨਾਲ ਹੋ ਸਕੇ। ਜਿਓ-ਸਿੰਥੈਟਿਕ ਸ਼ੀਟਾਂ ਦੀ ਵਰਤੋਂ ਕਰਕੇ ਮਿੱਟੀ ਅਤੇ ਰੇਤ ਨੂੰ ਵੱਖ ਰੱਖਿਆ ਗਿਆ ਹੈ, ਜਿਸ ਨਾਲ ਪਾਣੀ ਤੇਜ਼ੀ ਨਾਲ ਹੇਠਾਂ ਲੰਘ ਜਾਂਦਾ ਹੈ ਅਤੇ ਮੈਦਾਨ ਜਲਦੀ ਖੇਡਣ ਯੋਗ ਬਣ ਜਾਂਦਾ ਹੈ।

Recent News