ਦੇਸ਼ ਦੀ ਇੱਕ ਨਾਮਵਰ ਪ੍ਰਾਈਵੇਟ ਬੀਮਾ ਕੰਪਨੀ ICICI ਲੋਮਬਾਰਡ ਨੇ ਹਾਲ ਹੀ ‘ਚ ਇੱਕ ਅਹਿਮ ਚੇਤਾਵਨੀ ਦਿੱਤੀ ਹੈ, ਜਿਸ ਨੇ ਪੁਰਾਣੀਆਂ ਗੱਡੀਆਂ ਦੇ ਮਾਲਕਾਂ ਦੀ ਨੀਂਦ ਉਡਾ ਦਿੱਤੀ ਹੈ। ਮਿੰਟ ‘ਚ ਛਪੀ ਰਿਪੋਰਟ ਮੁਤਾਬਕ ਕੰਪਨੀ ਦਾ ਕਹਿਣਾ ਹੈ ਕਿ ਜੇਕਰ ਕੋਈ ਨਾਨ-ਕੰਪੈਟੀਬਲ (ਜਿਹੜੀ E20 ਲਈ ਬਣੀ ਨਹੀਂ) ਗੱਡੀ ‘ਚ 20 ਫੀਸਦੀ ਈਥੇਨੌਲ ਵਾਲਾ ਪੈਟਰੋਲ ਪਾਇਆ ਜਾਂਦਾ ਹੈ ਤਾਂ ਇੰਜਨ ਦੇ ਖ਼ਰਾਬ ਹੋਣ ‘ਤੇ ਬੀਮਾ ਦਾਅਵਾ ਠੁਕਰਾਇਆ ਜਾ ਸਕਦਾ ਹੈ। ਬੀਮਾ ਕੰਪਨੀ ਇਸ ਨੂੰ ਗਾਹਕ ਦੀ ਆਪਣੀ ਲਾਪਰਵਾਹੀ ਮੰਨ ਸਕਦੀ ਹੈ।
ਹਾਲਾਂਕਿ ਮੀਡੀਆ ‘ਚ ਖਬਰ ਆਉਣ ਤੋਂ ਬਾਅਦ ਕੰਪਨੀ ਨੇ ਆਪਣੇ ਬਲੌਗ ਤੋਂ ਇਹ ਚੇਤਾਵਨੀ ਵਾਲਾ ਹਿੱਸਾ ਹਟਾ ਦਿੱਤਾ ਹੈ, ਪਰ ਇਸ ਨੇ ਉਨ੍ਹਾਂ ਲੱਖਾਂ ਮਾਲਕਾਂ ਦੀ ਟੈਂਸ਼ਨ ਵਧਾ ਦਿੱਤੀ ਹੈ ਜੋ ਪੁਰਾਣੇ ਇੰਜਨਾਂ ਵਾਲੀਆਂ ਗੱਡੀਆਂ ਚਲਾਉਂਦੇ ਹਨ।
ਅਸਲ ‘ਚ ਈਥੇਨੌਲ ‘ਚ ਇੱਕ ਅਜਿਹਾ ਗੁਣ ਹੁੰਦਾ ਹੈ ਜੋ ਧਾਤਾਂ ਅਤੇ ਰਬੜ ਦੇ ਪੁਰਜ਼ਿਆਂ ‘ਤੇ ਜੰਗ (ਖੋਰਾ) ਪੈਦਾ ਕਰ ਸਕਦਾ ਹੈ। ਅਪ੍ਰੈਲ 2023 ਤੋਂ ਪਹਿਲਾਂ ਬਣੀਆਂ ਜ਼ਿਆਦਾਤਰ ਗੱਡੀਆਂ ਹਾਈ-ਈਥੇਨੌਲ ਪੈਟਰੋਲ (E20) ਨੂੰ ਧਿਆਨ ‘ਚ ਰੱਖ ਕੇ ਤਿਆਰ ਨਹੀਂ ਕੀਤੀਆਂ ਗਈਆਂ। ਜਦੋਂ ਅਜਿਹੀਆਂ ਗੱਡੀਆਂ ‘ਚ E20 ਪਾਇਆ ਜਾਂਦਾ ਹੈ ਤਾਂ ਇਹ ਫਿਊਲ ਲਾਈਨਾਂ, ਸੀਲਾਂ ਅਤੇ ਹੋਰ ਅੰਦਰੂਨੀ ਹਿੱਸਿਆਂ ਨੂੰ ਹੌਲੀ-ਹੌਲੀ ਖੋਰਦਾ ਰਹਿੰਦਾ ਹੈ। ਇਹ ਨੁਕਸਾਨ ਇੱਕਦਮ ਨਹੀਂ ਹੁੰਦਾ, ਪਰ ਸਮੇਂ ਦੇ ਨਾਲ ਇੰਜਨ ਦੀ ਕਾਰਗੁਜ਼ਾਰੀ ‘ਤੇ ਭਾਰੀ ਪੈਂਦਾ ਹੈ। ਨਾਲ ਹੀ ਈਥੇਨੌਲ ‘ਚ ਊਰਜਾ ਘੱਟ ਹੋਣ ਕਰਕੇ ਮਾਈਲੇਜ ‘ਤੇ ਵੀ ਅਸਰ ਪੈਂਦਾ ਹੈ, ਪਰ ਇਹ ਵੱਡੀ ਸਮੱਸਿਆ ਨਹੀਂ, ਅਸਲ ਮਸਲਾ ਹੈ ਇੰਜਨ ਦਾ ਖੋਰ ਹੋਣਾ।
ਬੀਮਾ ਪਾਲਿਸੀਆਂ ‘ਚ 'ਸਮੇਂ ਨਾਲ ਹੌਲੀ-ਹੌਲੀ ਹੋਣ ਵਾਲਾ ਨੁਕਸਾਨ' (consequential damage) ਕਵਰ ਨਹੀਂ ਹੁੰਦਾ। ਇਸ ਦਾ ਸਿੱਧਾ ਮਤਲਬ ਹੈ ਕਿ E20 ਪੈਟਰੋਲ ਕਾਰਨ ਹੋਈ ਖੋਰ ਨੂੰ ਬੀਮਾ ਕੰਪਨੀ ਲਾਪਰਵਾਹੀ ਮੰਨਦੀ ਹੈ। ਭਾਵੇਂ ਤੁਸੀਂ 'ਇੰਜਨ ਪ੍ਰੋਟੈਕਸ਼ਨ ਐਡ-ਆਨ' ਲੈ ਕੇ ਵੀ ਰੱਖਿਆ ਹੈ, ਪਰ ਇਹ ਐਡ-ਆਨ ਆਮ ਤੌਰ 'ਤੇ ਪਾਣੀ ਘੁਸਣ ਜਾਂ ਤੇਲ ਲੀਕ ਹੋਣ ਵਰਗੀਆਂ ਹਾਲਾਤ ਲਈ ਹੁੰਦਾ ਹੈ, ਈਥੇਨੌਲ ਵਾਲੇ ਕੈਮੀਕਲ ਖੋਰ ਲਈ ਨਹੀਂ।
ਇਹੀ ਨਹੀਂ, ਜੇਕਰ E20 ਕਾਰਨ ਇੰਜਨ ਖਰਾਬ ਹੁੰਦਾ ਹੈ ਤਾਂ ਕਾਰ ਨਿਰਮਾਤਾ ਕੰਪਨੀ ਵੀ ਵਾਰੰਟੀ ਦਾ ਦਾਅਵਾ ਰੱਦ ਕਰ ਸਕਦੀ ਹੈ।
ICICI ਲੋਮਬਾਰਡ ਨੇ ਪੁਰਾਣੀਆਂ ਕਾਰਾਂ ਵਾਲਿਆਂ ਨੂੰ ਪ੍ਰੀਮੀਅਮ ਗ੍ਰੇਡ ਪੈਟਰੋਲ (ਜਿਵੇਂ XP95) ਪਾਉਣ ਦੀ ਸਲਾਹ ਦਿੱਤੀ ਸੀ, ਜਿਸ ‘ਚ ਈਥੇਨੌਲ ਦੀ ਮਾਤਰਾ ਘੱਟ ਹੁੰਦੀ ਹੈ। ਪਰ ਇਹ ਰਾਹਤ ਮਹਿੰਗੀ ਪੈਂਦੀ ਹੈ। ਦੂਜੇ ਪਾਸੇ ਕੇਂਦਰ ਸਰਕਾਰ E20 ਅਤੇ ਉਸਤੋਂ ਵੀ ਵੱਧ ਈਥੇਨੌਲ ਵਾਲੇ ਬਾਲਣ ਨੂੰ ਵਧਾਵਾ ਦੇ ਰਹੀ ਹੈ, ਇੱਥੋਂ ਤੱਕ ਕਿ E30 ‘ਤੇ ਵੀ ਐਕਸਾਈਜ਼ ਡਿਊਟੀ ਖਤਮ ਕਰ ਦਿੱਤੀ ਗਈ ਹੈ। ਅਜਿਹੇ ‘ਚ ਪੁਰਾਣੀਆਂ ਕਾਰਾਂ ਦੇ ਮਾਲਕਾਂ ਲਈ ਇਹ ਸਮੀਕਰਨ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਸਾਵਧਾਨੀ ਹੀ ਸਭ ਤੋਂ ਵੱਡਾ ਉਪਾਅ ਹੈ।