menu-icon
Punjabi Story Line
  • Home
  • News
  • Crime
  • Canada: ਆਪਣੀ ਕੁੜੀ ਕੋਲ ਕੈਨੇਡਾ ਗਏ ਵਿਅਕਤੀ ਨੇ ਪਤਨੀ ਦਾ ਕੀਤਾ ਕਤਲ, 5 ਦਿਨਾਂ ਪਹਿਲਾਂ ਹੀ ਪਹੁੰਚਿਆ ਸੀ ਵਿਦੇਸ਼

Canada: ਆਪਣੀ ਕੁੜੀ ਕੋਲ ਕੈਨੇਡਾ ਗਏ ਵਿਅਕਤੀ ਨੇ ਪਤਨੀ ਦਾ ਕੀਤਾ ਕਤਲ, 5 ਦਿਨਾਂ ਪਹਿਲਾਂ ਹੀ ਪਹੁੰਚਿਆ ਸੀ ਵਿਦੇਸ਼

Canada: ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਵੀਡੀਓ ਬਣਾ ਕੇ ਲੁਧਿਆਣਾ ਰਹਿੰਦੀ ਆਪਣੀ ਮਾਂ ਨੂੰ ਭੇਜ ਦਿੱਤੀ। ਕੈਨੇਡੀਅਨ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਜਗਪ੍ਰੀਤ ਸਿੰਘ ਉਰਫ਼ ਰਾਜੂ ਵਾਸੀ ਪੱਖੋਵਾਲ ਰੋਡ ਲੁਧਿਆਣਾ ਵਜੋਂ ਹੋਈ ਹੈ।

Date Updated Last Updated : 18 March 2024, 04:26 PM IST
Share:

Canada: ਕੈਨੇਡਾ ਰਹਿੰਦੀ ਧੀ ਨੇ ਆਪਣੇ ਪਿਤਾ ਨੂੰ ਮਿਲਣ ਲਈ ਬੁਲਾਇਆ, ਪਰ ਕੈਨੇਡਾ ਪਹੁੰਚਣ ਤੋਂ 5 ਦਿਨ ਬਾਅਦ ਹੀ ਪਿਤਾ ਨੇ ਆਪਣੀ ਪਤਨੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕਾ ਦੀ ਪਛਾਣ ਬਲਵਿੰਦਰ ਕੌਰ ਵਾਸੀ ਪਿੰਡ ਮੱਲਾ ਵਜੋਂ ਹੋਈ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਨੇ ਵੀਡੀਓ ਬਣਾ ਕੇ ਲੁਧਿਆਣਾ ਰਹਿੰਦੀ ਆਪਣੀ ਮਾਂ ਨੂੰ ਭੇਜ ਦਿੱਤੀ। ਕੈਨੇਡੀਅਨ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਜਗਪ੍ਰੀਤ ਸਿੰਘ ਉਰਫ਼ ਰਾਜੂ ਵਾਸੀ ਪੱਖੋਵਾਲ ਰੋਡ ਲੁਧਿਆਣਾ ਵਜੋਂ ਹੋਈ ਹੈ। ਮ੍ਰਿਤਕ ਦੇ ਪਿਤਾ ਹਿੰਮਤ ਸਿੰਘ ਨੇ ਦੱਸਿਆ ਕਿ ਉਸ ਦੀ ਲੜਕੀ ਬਲਵਿੰਦਰ ਕੌਰ (41) ਦਾ ਵਿਆਹ ਜਗਪ੍ਰੀਤ ਸਿੰਘ ਉਰਫ਼ ਰਾਜੂ ਵਾਸੀ ਪੱਖੋਵਾਲ ਰੋਡ ਨਾਲ ਸਾਲ 2000 ਵਿੱਚ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੇ ਸਹੁਰੇ ਵਾਲੇ ਉਸ ਦੀ ਲੜਕੀ ਨੂੰ ਦਾਜ ਲਈ ਬਹੁਤ ਤੰਗ ਕਰਦੇ ਸਨ। ਉਸ ਦੀ ਕੁੱਟਮਾਰ ਵੀ ਕੀਤੀ ਗਈ। ਵਿਆਹ ਸਮੇਂ ਉਸ ਨੇ ਲੜਕੇ ਦੇ ਪਰਿਵਾਰ ਦੀ ਹਰ ਮੰਗ ਪੂਰੀ ਕੀਤੀ ਅਤੇ ਦਾਜ ਦਿੱਤਾ।

2020 ਵਿੱਚ ਹਰਨੂਰਪ੍ਰੀਤ ਨੂੰ ਪੜ੍ਹਨ ਲਈ ਭੇਜਿਆ ਸੀ ਕੈਨੇਡਾ 

ਉਸ ਨੇ ਦੱਸਿਆ ਕਿ ਉਸ ਦੀਆਂ ਚਾਰ ਧੀਆਂ ਹਨ, ਜਿਸ ਕਾਰਨ ਉਹ ਧੀ ਦੇ ਸਹੁਰਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਸਕਿਆ। ਜੇਕਰ ਕਾਰਵਾਈ ਕੀਤੀ ਜਾਂਦੀ ਤਾਂ ਬਾਕੀ ਧੀਆਂ ਦੀ ਜਾਨ ਦਾਅ 'ਤੇ ਲੱਗ ਜਾਣੀ ਸੀ। ਇਸੇ ਲਈ ਉਹ ਚੁੱਪਚਾਪ ਤੜਫਦਾ ਰਿਹਾ। ਉਸ ਨੇ ਦੱਸਿਆ ਕਿ ਉਸ ਦੀ ਬੇਟੀ ਦੇ 2 ਬੱਚੇ ਹਰਨੂਰਪ੍ਰੀਤ ਕੌਰ ਅਤੇ ਗੁਰਨੂਰ ਸਿੰਘ ਹਨ। ਹਰਨੂਰਪ੍ਰੀਤ ਕੌਰ ਨੂੰ 2020 ਵਿੱਚ ਆਈਲੈਟਸ ਕਰਨ ਤੋਂ ਬਾਅਦ ਕੈਨੇਡਾ ਵਿੱਚ ਪੜ੍ਹਨ ਲਈ ਭੇਜਿਆ ਗਿਆ ਸੀ। ਜਨਵਰੀ 2022 ਵਿੱਚ ਬਲਵਿੰਦਰ ਕੌਰ ਆਪਣੀ ਧੀ ਨੂੰ ਮਿਲਣ ਕੈਨੇਡਾ ਗਈ ਸੀ। ਉਸ ਦਾ ਜਵਾਈ ਇਸ ਗੱਲ ਨੂੰ ਲੈ ਕੇ ਵੀ ਝਗੜਾ ਕਰਦਾ ਰਹਿੰਦਾ ਸੀ ਕਿ ਉਸ ਨੂੰ ਕੈਨੇਡਾ ਕਿਉਂ ਨਹੀਂ ਬੁਲਾਇਆ ਗਿਆ।

ਧੀ ਨੂੰ ਫੋਨ ਕਰਕੇ ਜਲਦੀ ਕੈਨੇਡਾ ਬੁਲਾਉਣ ਦੀ ਕਰਦਾ ਰਿਹਾ ਜ਼ਿੱਦ 

ਜਗਪ੍ਰੀਤ ਸਿੰਘ ਨੇ ਆਪਣੀ ਧੀ ਨੂੰ ਵਾਰ-ਵਾਰ ਫੋਨ ਕਰਕੇ ਜਲਦੀ ਕੈਨੇਡਾ ਬੁਲਾਉਣ ਦੀ ਜ਼ਿੱਦ ਕੀਤੀ। ਜ਼ਿਦ ਦੇ ਸਾਹਮਣੇ ਬੇਵੱਸ ਹਰਨੂਰਪ੍ਰੀਤ ਕੌਰ ਨੇ ਆਪਣੇ ਪਿਤਾ ਨੂੰ ਵੀ ਕਾਗਜ਼ ਭੇਜੇ। ਮੁਲਜ਼ਮ ਇੱਕ ਹਫ਼ਤਾ ਪਹਿਲਾਂ 11 ਮਾਰਚ ਨੂੰ ਕੈਨੇਡਾ ਪਹੁੰਚਿਆ ਸੀ। ਕੈਨੇਡਾ ਪਹੁੰਚਣ ਤੋਂ ਪੰਜ ਦਿਨ ਬਾਅਦ ਉਸ ਨੇ ਆਪਣੀ ਪਤਨੀ ਬਲਵਿੰਦਰ ਕੌਰ ਦਾ ਚਾਕੂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ। ਮੁਲਜ਼ਮ ਜਗਪ੍ਰੀਤ ਸਿੰਘ ਨੇ ਇਸ ਦੌਰਾਨ ਇੱਕ ਵੀਡੀਓ ਵੀ ਬਣਾ ਕੇ ਲੁਧਿਆਣਾ ਵਿੱਚ ਰਹਿੰਦੀ ਆਪਣੀ ਮਾਂ ਨੂੰ ਭੇਜ ਦਿੱਤੀ। ਜਦੋਂ ਉਸ ਦੇ ਭਰਾ ਗੁਰਨੂਰ ਸਿੰਘ (18) ਨੇ ਇਹ ਵੀਡੀਓ ਆਪਣੀ ਦਾਦੀ ਦੇ ਮੋਬਾਈਲ ’ਤੇ ਦੇਖੀ ਤਾਂ ਉਹ ਹੈਰਾਨ ਰਹਿ ਗਿਆ।

ਮੁਲਜ਼ਮ ਨੂੰ ਕੈਨੇਡਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਇਸ ਤੋਂ ਬਾਅਦ ਉਸ ਨੇ ਇਸ ਘਟਨਾ ਬਾਰੇ ਆਪਣੇ ਨਾਨਕੇ ਅਤੇ ਹੋਰ ਪਰਿਵਾਰਕ ਮੈਂਬਰਾਂ ਨੂੰ ਦੱਸਿਆ। ਮ੍ਰਿਤਕ ਦੇ ਪਿਤਾ ਹਿੰਮਤ ਸਿੰਘ ਨੇ ਦੱਸਿਆ ਕਿ ਬਲਵਿੰਦਰ ਕੌਰ ਦੇ ਕਾਤਲ ਜਗਪ੍ਰੀਤ ਸਿੰਘ ਨੂੰ ਕੈਨੇਡੀਅਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਹੁਣ ਉਹ ਆਪਣੀ ਬੇਟੀ ਦੀ ਮ੍ਰਿਤਕ ਦੇਹ ਦੀ ਉਡੀਕ ਕਰ ਰਹੇ ਹਨ ਤਾਂ ਜੋ ਉਹ ਉਸ ਦਾ ਅੰਤਿਮ ਸੰਸਕਾਰ ਆਪਣੇ ਪਿੰਡ ਵਿੱਚ ਕਰ ਸਕਣ।ਉਨ੍ਹਾਂ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਦੀ ਮ੍ਰਿਤਕ ਦੇਹ ਨੂੰ ਜਲਦੀ ਤੋਂ ਜਲਦੀ ਭਾਰਤ ਲਿਆਉਣ ਵਿੱਚ ਮਦਦ ਕੀਤੀ ਜਾਵੇ।

Recent News