Courtesy: Credit: OpenAI
ਨਵੀਂ ਦਿੱਲੀ: ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੂੰ ਸੋਮਵਾਰ ਸ਼ਾਮ ਯਰੂਸ਼ਲਮ ਦੇ ‘ਹਦਾਸਾ ਐਨ ਕੇਰੇਮ ਹਸਪਤਾਲ’ ਵਿੱਚ ਦੰਦਾਂ ਦੇ ਇਲਾਜ ਲਈ ਦਾਖਲ ਕਰਾਇਆ ਗਿਆ। ਉਨ੍ਹਾਂ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਇਹ ਹਸਪਤਾਲ ਦੌਰਾ ਉਸ ਸਮੇਂ ਹੋਇਆ ਹੈ ਜਦੋਂ ਇਜ਼ਰਾਈਲ ਅਤੇ ਈਰਾਨ ਵਿਚਾਲੇ ਤਣਾਅ ਚਰਮ ’ਤੇ ਪਹੁੰਚਿਆ ਹੋਇਆ ਹੈ।
ਹਾਲਾਂਕਿ ਅਧਿਕਾਰੀਆਂ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਨੇਤਨਯਾਹੂ ਦਾ ਕਿਹੜਾ ਇਲਾਜ ਚੱਲ ਰਿਹਾ ਹੈ ਅਤੇ ਉਹ ਕਿੰਨੇ ਸਮੇਂ ਲਈ ਡਾਕਟਰਾਂ ਦੀ ਨਿਗਰਾਨੀ ਹੇਠ ਰਹਿਣਗੇ।
ਨੇਤਨਯਾਹੂ ਦੇ ਹਸਪਤਾਲ ਦਾਖਲ ਹੋਣ ਤੋਂ ਬਾਅਦ ਇੱਕ ਵਾਰ ਫਿਰ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਰਚਾਵਾਂ ਤੇਜ਼ ਹੋ ਗਈਆਂ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵੀ ਉਨ੍ਹਾਂ ਨੇ ਅਦਾਲਤ ਵਿੱਚ ਆਪਣੀ ਸਿਹਤ ਨੂੰ ਲੈ ਕੇ ਫੈਲ ਰਹੀਆਂ ਅਫ਼ਵਾਹਾਂ ’ਤੇ ਖੁੱਲ੍ਹ ਕੇ ਗੱਲ ਕੀਤੀ ਸੀ।
ਉਨ੍ਹਾਂ ਨੇ ਉਹਨਾਂ ਦਾਵਿਆਂ ਨੂੰ ਰੱਦ ਕਰ ਦਿੱਤਾ ਸੀ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਗੰਭੀਰ ਬਿਮਾਰੀ ਨਾਲ ਜੂਝ ਰਹੇ ਹਨ।
ਅਦਾਲਤੀ ਸੁਣਵਾਈ ਦੌਰਾਨ ਨੇਤਨਯਾਹੂ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਬਹੁਤ ਵਧੀਆ ਹੈ। ਉਨ੍ਹਾਂ ਨੇ ਪੈਂਕ੍ਰਿਆਟਿਕ ਕੈਂਸਰ ਨਾਲ ਜੁੜੀਆਂ ਖ਼ਬਰਾਂ ਨੂੰ ਵੀ ਪੂਰੀ ਤਰ੍ਹਾਂ ਝੂਠਾ ਕਰਾਰ ਦਿੱਤਾ ਸੀ।
ਉਨ੍ਹਾਂ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ ਕਿ ਜੇਕਰ ਉਹਨਾਂ ਨੂੰ ਅਜਿਹੀ ਕੋਈ ਗੰਭੀਰ ਬਿਮਾਰੀ ਹੁੰਦੀ ਤਾਂ ਉਹ ਅੱਜ ਅਦਾਲਤ ਵਿੱਚ ਖੜੇ ਨਾ ਹੁੰਦੇ। ਨੇਤਨਯਾਹੂ ਨੇ ਇਹ ਵੀ ਦੱਸਿਆ ਕਿ ਉਹ ਨਿਯਮਿਤ ਤੌਰ ’ਤੇ ਵਰਜ਼ਿਸ਼ ਕਰਦੇ ਹਨ ਅਤੇ ਸਮੇਂ-ਸਮੇਂ ’ਤੇ ਮੈਡੀਕਲ ਚੈਕਅੱਪ ਕਰਵਾਉਂਦੇ ਰਹਿੰਦੇ ਹਨ।
ਇਹ ਸੁਣਵਾਈ ਜੱਜ ਮੇਨਾਹੇਮ ਮਿਜਰਾਹੀ ਦੇ ਸਾਹਮਣੇ ਹੋਈ ਸੀ। ਸੁਰੱਖਿਆ ਕਾਰਨਾਂ ਕਰਕੇ ਸੁਣਵਾਈ ਨੂੰ ਤੇਲ ਅਵੀਵ ਜ਼ਿਲ੍ਹਾ ਅਦਾਲਤ ਦੀ ਇਮਾਰਤ ਵਿੱਚ ਕਰਵਾਇਆ ਗਿਆ।
ਦੱਸਿਆ ਜਾ ਰਿਹਾ ਹੈ ਕਿ ਨੇਤਨਯਾਹੂ ਨੂੰ ਇਕ ਹੋਰ ਸਰਕਾਰੀ ਪ੍ਰੋਗਰਾਮ ਵਿੱਚ ਸ਼ਾਮਲ ਹੋਣਾ ਸੀ, ਜਿਸ ਕਾਰਨ ਇਹ ਸੈਸ਼ਨ ਸਿਰਫ਼ 30 ਮਿੰਟ ਹੀ ਚੱਲ ਸਕਿਆ। ਅਦਾਲਤ ਵੱਲੋਂ ਕਿਹਾ ਗਿਆ ਕਿ ਅਗਲੀ ਸੁਣਵਾਈ ਲਈ ਨਵੀਂ ਤਾਰੀਖ਼ ਜਲਦੀ ਜਾਰੀ ਕੀਤੀ ਜਾਵੇਗੀ।
ਨੇਤਨਯਾਹੂ ਨੇ ਆਪਣੀ ਮੈਡੀਕਲ ਹਿਸਟਰੀ ਬਾਰੇ ਵੀ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ਉਹ ਕਈ ਸਾਲਾਂ ਤੋਂ ਪ੍ਰੋਸਟੇਟ ਵਧਣ ਦੀ ਸਮੱਸਿਆ ਨਾਲ ਜੂਝ ਰਹੇ ਸਨ, ਪਰ ਡਾਕਟਰਾਂ ਨੇ ਇਸਨੂੰ ਜਾਨਲੇਵਾ ਨਹੀਂ ਦੱਸਿਆ ਸੀ।
ਉਨ੍ਹਾਂ ਨੇ ਕਿਹਾ ਕਿ ਇਸ ਸਮੱਸਿਆ ਲਈ ਉਹ ਪਹਿਲਾਂ ਸਰਜਰੀ ਵੀ ਕਰਵਾ ਚੁੱਕੇ ਹਨ। ਨੇਤਨਯਾਹੂ ਮੁਤਾਬਕ 2025 ਦੇ ਅੰਤ ਵਿੱਚ ਇਕ ਰੁਟੀਨ ਮੈਡੀਕਲ ਜਾਂਚ ਦੌਰਾਨ ਡਾਕਟਰਾਂ ਨੂੰ ਸ਼ੁਰੂਆਤੀ ਪੜਾਅ ਦਾ ਪ੍ਰੋਸਟੇਟ ਕੈਂਸਰ ਮਿਲਿਆ ਸੀ, ਜਿਸ ਦਾ ਸਮੇਂ ’ਤੇ ਇਲਾਜ ਕਰ ਲਿਆ ਗਿਆ ਅਤੇ ਹੁਣ ਹਾਲਾਤ ਕਾਬੂ ਵਿੱਚ ਹਨ।
ਨੇਤਨਯਾਹੂ ਦਾ ਇਹ ਹਸਪਤਾਲ ਦੌਰਾ ਅਜਿਹੇ ਵੇਲੇ ਸਾਹਮਣੇ ਆਇਆ ਹੈ ਜਦੋਂ ਇਜ਼ਰਾਈਲ ਇੱਕ ਬਹੁਤ ਸੰਵੇਦਨਸ਼ੀਲ ਦੌਰ ਵਿੱਚੋਂ ਲੰਘ ਰਿਹਾ ਹੈ। ਈਰਾਨ ਨਾਲ ਵਧਦੇ ਟਕਰਾਅ ਅਤੇ ਮੱਧ-ਪੂਰਬ ਦੀ ਅਸਥਿਰ ਸਥਿਤੀ ਵਿਚਾਲੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਾਵਾਂ ਹੋਰ ਵੱਧ ਗਈਆਂ ਹਨ।
ਭਾਵੇਂ ਸਰਕਾਰ ਦਾ ਕਹਿਣਾ ਹੈ ਕਿ ਇਹ ਸਿਰਫ਼ ਦੰਦਾਂ ਦੇ ਇਲਾਜ ਲਈ ਦਾਖਲਾ ਹੈ, ਪਰ ਇਸ ਘਟਨਾ ਨੇ ਦੁਨੀਆ ਭਰ ਦਾ ਧਿਆਨ ਇਕ ਵਾਰ ਫਿਰ ਨੇਤਨਯਾਹੂ ਦੀ ਸਿਹਤ ਵੱਲ ਖਿੱਚ ਲਿਆ ਹੈ।