menu-icon
Punjabi Story Line
  • Home
  • News
  • International
  • ਮਨੁੱਖੀ ਤਸਕਰੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦਾ ਸਖ਼ਤ ਐਕਸ਼ਨ

ਮਨੁੱਖੀ ਤਸਕਰੀ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਦਾ ਸਖ਼ਤ ਐਕਸ਼ਨ

ਜਾਂਚ ਲਈ 4 ਮੈਂਬਰੀ ਵਿਸ਼ੇਸ਼ ਟੀਮ ਦਾ ਕੀਤਾ ਗਿਆ ਗਠਨ। ਇਹ ਟੀਮ ਅੰਤਿਮ ਰਿਪੋਰਟ ਤਿਆਰ ਕਰੇਗੀ। ਖ਼ਬਰ ਹੈ ਕਿ ਇਸਦੇ ਪਿੱਛੇ ਪੰਜਾਬ, ਦਿੱਲੀ ਸਮੇਤ ਹੋਰਨਾਂ ਸੂਬਿਆਂ ਅੰਦਰ ਬੈਠੇ ਕਈ ਟਰੈਵਲ ਏਜੰਟਾਂ ਦਾ ਹੱਥ ਹੈ। ਜਿਹਨਾਂ ਖਿਲਾਫ ਪੰਜਾਬ ਪੁਲਿਸ ਵੀ ਸਖਤ ਕਾਰਵਾਈ ਕਰ ਸਕਦੀ ਹੈ। 

Date Updated Last Updated : 30 December 2023, 04:56 PM IST
Share:

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਗੌਰਵ ਯਾਦਵ ਦੇ ਦਿਸ਼ਾ-ਨਿਰਦੇਸ਼ਾਂ 'ਤੇ ਬਿਊਰੋ ਆਫ਼ ਇਨਵੈਸਟੀਗੇਸ਼ਨ (ਬੀ.ਓ.ਆਈ.) ਦੇ ਡਾਇਰੈਕਟਰ ਐਲ. ਕੇ. ਯਾਦਵ ਵੱਲੋਂ ਨਿਕਾਰਾਗੁਆ ਮਨੁੱਖੀ ਤਸਕਰੀ ਮਾਮਲੇ ਵਿੱਚ ਜਾਂਚ ਲਈ ਚਾਰ ਮੈਂਬਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਦਾ ਗਠਨ ਕੀਤਾ ਗਿਆ। ਇਸਦੀ ਅਗਵਾਈ ਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਰਣਧੀਰ ਕੁਮਾਰ ਕਰ ਰਹੇ ਹਨ। ਜਦਕਿ ਇਸਦੇ ਤਿੰਨ ਮੈਂਬਰਾਂ ਵਿੱਚ ਏਸੀਪੀ ਸਿਵਲ ਲਾਈਨ ਲੁਧਿਆਣਾ ਜਸਰੂਪ ਕੌਰ ਬਾਠ, ਡੀਐਸਪੀ ਇਨਵੈਸਟੀਗੇਸ਼ਨ ਫਿਰੋਜ਼ਪੁਰ ਬਲਕਾਰ ਸਿੰਘ ਸੰਧੂ ਅਤੇ ਡੀਐਸਪੀ ਹੈੱਡਕੁਆਰਟਰ ਪਟਿਆਲਾ ਦਲਬੀਰ ਸਿੰਘ ਸਿੱਧੂ ਸ਼ਾਮਲ ਹਨ। ਐਸਆਈਟੀ ਨੂੰ ਜਲਦ ਤੋਂ ਜਲਦ ਅੰਤਿਮ ਰਿਪੋਰਟ ਸਮਰੱਥ ਅਦਾਲਤ ਕੋਲ ਸੌਂਪਣ ਲਈ ਕਿਹਾ ਗਿਆ। ਇਸ ਕੇਸ ਵਿੱਚ ਸਹਾਇਤਾ ਲਈ ਐਸਆਈਟੀ ਵੱਲੋਂ ਕਿਸੇ ਹੋਰ ਅਧਿਕਾਰੀ/ਕਰਮਚਾਰੀ ਦਾ ਵੀ ਸਹਿਯੋਗ ਲਿਆ ਜਾ ਸਕਦਾ ਹੈ।

ਪੰਜਾਬ ਤੇ ਗੁਜਰਾਤ ਦੇ ਜ਼ਿਆਦਾ ਲੋਕ 

ਜ਼ਿਕਰਯੋਗ ਹੈ ਕਿ 21 ਦਸੰਬਰ ਨੂੰ ਇੱਕ ਰੋਮਾਨੀਅਨ ਚਾਰਟਰ ਕੰਪਨੀ ਦੇ ਇੱਕ ਜਹਾਜ਼ ਨੇ ਦੁਬਈ ਤੋਂ ਨਿਕਾਰਾਗੁਆ ਲਈ ਉਡਾਣ ਭਰੀ ਸੀ।23 ਦਸੰਬਰ ਨੂੰ ਜਹਾਜ਼ ਨੇ ਬਾਲਣ ਅਤੇ ਤਕਨੀਕੀ ਰੱਖ-ਰਖਾਅ ਲਈ ਫਰਾਂਸ ਦੇ ਵੈਟਰੀ ਹਵਾਈ ਅੱਡੇ ‘ਤੇ ਉਤਰਨਾ ਸੀ। ਲੈਂਡਿੰਗ ਤੋਂ ਥੋੜ੍ਹੀ ਦੇਰ ਬਾਅਦ ਕਈ ਫਰਾਂਸੀਸੀ ਪੁਲਿਸ ਦੀਆਂ ਗੱਡੀਆਂ ਪਹੁੰਚੀਆਂ ਅਤੇ ਜਹਾਜ਼ ਨੂੰ ਰੋਕਿਆ ਗਿਆ। ਫਰਾਂਸ ਨੂੰ ਸ਼ੱਕ ਸੀ ਕਿ ਇਸ ਜਹਾਜ਼ ਵਿਚ ਸਵਾਰ ਲੋਕਾਂ ਦੀ ਤਸਕਰੀ ਕੀਤੀ ਜਾ ਰਹੀ ਸੀ। ਇਸ ਮਾਮਲੇ ਦੀ ਜਾਂਚ ਫਰਾਂਸ ਦੀ ਐਂਟੀ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਨੂੰ ਸੌਂਪੀ ਗਈ ਸੀ। ਪੁਲਸ ਮੁਤਾਬਕ ਵਤਰੀ ਹਵਾਈ ਅੱਡੇ ‘ਤੇ ਜਿਸ ਜਹਾਜ਼ ਨੂੰ ਰੋਕਿਆ ਗਿਆ, ਉਹ ਏ340 ਜਹਾਜ਼ ਹੈ। ਰੋਮਾਨੀਆ ਦੀ ਲੀਜੈਂਡ ਏਅਰਲਾਈਨਜ਼ ਨੇ ਇਸ ਜਹਾਜ਼ ਨੂੰ ਕੁਝ ਲੋਕਾਂ ਲਈ ਬੁੱਕ ਕੀਤਾ ਸੀ। ਫਰਾਂਸ ਨੇ ਮਨੁੱਖੀ ਤਸਕਰੀ ਦੇ ਸ਼ੱਕ ਦੇ ਆਧਾਰ ‘ਤੇ ਜਹਾਜ਼ ‘ਚ ਮੌਜੂਦ ਦੋ ਲੋਕਾਂ ਨੂੰ ਵੱਖਰੇ ਤੌਰ ‘ਤੇ ਹਿਰਾਸਤ ‘ਚ ਲਿਆ ਅਤੇ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਸੀ। ਫਰਾਂਸ ਨੇ ਉਡਾਣ ਚਲਾਉਣ ਵਾਲੇ ਪ੍ਰਾਈਵੇਟ ਜੈੱਟ ਦੇ ਚਾਲਕ ਦਲ ਦੇ ਮੈਂਬਰਾਂ ਤੋਂ ਵੀ ਪੁੱਛਗਿੱਛ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਦੱਸ ਦਈਏ ਕਿ ਇਸ ਜਹਾਜ਼ ਵਿੱਚ ਸਵਾਰ ਜ਼ਿਆਦਾਤਰ ਯਾਤਰੀ ਪੰਜਾਬ ਤੇ ਗੁਜਰਾਤ ਦੇ ਹਨ। 

Recent News