ਚੀਨ ਦੌਰੇ ਦੌਰਾਨ ਡੋਨਾਲਡ ਟਰੰਪ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵਿਚਕਾਰ ਹੋਈ ਅਹਿਮ ਮੀਟਿੰਗ ਵਿੱਚ ਤਾਇਵਾਨ ਸਭ ਤੋਂ ਸੰਵੇਦਨਸ਼ੀਲ ਮੁੱਦਿਆਂ ਵਿੱਚੋਂ ਇੱਕ ਰਿਹਾ। ਚੀਨ ਲੰਬੇ ਸਮੇਂ ਤੋਂ ਤਾਇਵਾਨ ਨੂੰ ਆਪਣਾ ਹਿੱਸਾ ਦੱਸਦਾ ਆ ਰਿਹਾ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਵਿਦੇਸ਼ੀ ਦਖ਼ਲਅੰਦਾਜ਼ੀ ਨੂੰ ਸਖ਼ਤ ਤੌਰ ‘ਤੇ ਰੱਦ ਕਰਦਾ ਹੈ। ਚੀਨੀ ਵਿਦੇਸ਼ ਮੰਤਰਾਲੇ ਮੁਤਾਬਕ, ਸ਼ੀ ਜਿਨਪਿੰਗ ਨੇ ਟਰੰਪ ਨੂੰ ਸਪਸ਼ਟ ਕਿਹਾ ਕਿ ਤਾਇਵਾਨ ਮਾਮਲਾ ਅਮਰੀਕਾ-ਚੀਨ ਰਿਸ਼ਤਿਆਂ ਦੀ ਸਭ ਤੋਂ ਨਾਜ਼ੁਕ ਕੜੀ ਹੈ ਅਤੇ ਜੇ ਇਸਨੂੰ ਸਾਵਧਾਨੀ ਨਾਲ ਨਾ ਸੰਭਾਲਿਆ ਗਿਆ ਤਾਂ ਦੋਵੇਂ ਦੇਸ਼ ਖ਼ਤਰਨਾਕ ਟਕਰਾਅ ਵੱਲ ਵੱਧ ਸਕਦੇ ਹਨ।
ਚੀਨ ਯਾਤਰਾ ਤੋਂ ਬਾਅਦ ਫਾਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਡੋਨਾਲਡ ਟਰੰਪ ਦਾ ਰੁਖ਼ ਪਹਿਲਾਂ ਨਾਲੋਂ ਕਾਫ਼ੀ ਸੰਤੁਲਿਤ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਅਮਰੀਕਾ ਨਹੀਂ ਚਾਹੁੰਦਾ ਕਿ ਤਾਇਵਾਨ ਇਹ ਸਮਝੇ ਕਿ ਉਹ ਖੁਦ ਨੂੰ ਆਧਿਕਾਰਿਕ ਤੌਰ ‘ਤੇ ਆਜ਼ਾਦ ਘੋਸ਼ਿਤ ਕਰ ਸਕਦਾ ਹੈ ਅਤੇ ਇਸ ਲਈ ਉਸਨੂੰ ਅਮਰੀਕੀ ਸਮਰਥਨ ਮਿਲੇਗਾ। ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕਾ ਦੀ ਅਧਿਕਾਰਿਕ ਨੀਤੀ ਵਿੱਚ ਕੋਈ ਬਦਲਾਅ ਨਹੀਂ ਆਇਆ, ਪਰ ਖੇਤਰ ਵਿੱਚ ਸ਼ਾਂਤੀ ਬਣਾਈ ਰੱਖਣਾ ਸਭ ਤੋਂ ਵੱਡੀ ਤਰਜੀਹ ਹੈ।
ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮੀਟਿੰਗ ਦੌਰਾਨ ਚੇਤਾਵਨੀ ਦਿੰਦਿਆਂ ਕਿਹਾ ਕਿ ਜੇ ਤਾਇਵਾਨ ਮਾਮਲੇ ਵਿੱਚ ਕੋਈ ਗਲਤ ਕਦਮ ਚੁੱਕਿਆ ਗਿਆ ਤਾਂ ਇਹ ਸੈਨਿਕ ਟਕਰਾਅ ਤੱਕ ਪਹੁੰਚ ਸਕਦਾ ਹੈ। ਚੀਨ ਦਾ ਮੰਨਣਾ ਹੈ ਕਿ ਤਾਇਵਾਨ ਨੂੰ ਮਿਲਦਾ ਅਮਰੀਕੀ ਸਮਰਥਨ ਪੂਰੇ ਏਸ਼ੀਆ-ਪੈਸਿਫਿਕ ਖੇਤਰ ਦੀ ਸ਼ਾਂਤੀ ਅਤੇ ਸੁਰੱਖਿਆ ਨੂੰ ਪ੍ਰਭਾਵਿਤ ਕਰ ਸਕਦਾ ਹੈ। ਬੀਜਿੰਗ ਲਗਾਤਾਰ ਇਹ ਦਾਅਵਾ ਕਰਦਾ ਆ ਰਿਹਾ ਹੈ ਕਿ ਤਾਇਵਾਨ ਚੀਨ ਦਾ ਅਟੂਟ ਹਿੱਸਾ ਹੈ ਅਤੇ ਇਸ ਦੀ ਆਜ਼ਾਦੀ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਇੰਟਰਵਿਊ ਦੌਰਾਨ ਜਦੋਂ ਟਰੰਪ ਤੋਂ ਪੁੱਛਿਆ ਗਿਆ ਕਿ ਕੀ ਉਹਨਾਂ ਨੂੰ ਚੀਨ ਅਤੇ ਅਮਰੀਕਾ ਵਿਚਕਾਰ ਤਾਇਵਾਨ ਨੂੰ ਲੈ ਕੇ ਕਿਸੇ ਵੱਡੇ ਯੁੱਧ ਦਾ ਖ਼ਤਰਾ ਦਿਖਾਈ ਦਿੰਦਾ ਹੈ, ਤਾਂ ਉਨ੍ਹਾਂ ਇਸ ਤੋਂ ਇਨਕਾਰ ਕੀਤਾ। ਟਰੰਪ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਹਾਲਾਤ ਕਾਬੂ ਵਿੱਚ ਰਹਿਣਗੇ ਅਤੇ ਸ਼ੀ ਜਿਨਪਿੰਗ ਵੀ ਯੁੱਧ ਨਹੀਂ ਚਾਹੁੰਦੇ। ਉਨ੍ਹਾਂ ਕਿਹਾ ਕਿ ਅਮਰੀਕਾ ਕਿਸੇ ਅਜਿਹੇ ਸੰਘਰਸ਼ ਵਿੱਚ ਨਹੀਂ ਫਸਣਾ ਚਾਹੁੰਦਾ ਜਿਸ ਲਈ ਹਜ਼ਾਰਾਂ ਮੀਲ ਦੂਰ ਜਾ ਕੇ ਸੈਨਿਕ ਕਾਰਵਾਈ ਕਰਨੀ ਪਵੇ।
ਚੀਨ ਤਾਇਵਾਨ ਨੂੰ ਆਪਣਾ ਹਿੱਸਾ ਮੰਨਦਾ ਹੈ, ਜਦਕਿ ਤਾਇਵਾਨ ਆਪਣੇ ਆਪ ਨੂੰ ਇੱਕ ਸੁਤੰਤਰ ਅਤੇ ਲੋਕਤੰਤਰਿਕ ਸਰਕਾਰ ਵਾਲਾ ਦੇਸ਼ ਦੱਸਦਾ ਹੈ। ਤਾਇਵਾਨ ਦੇ ਰਾਸ਼ਟਰਪਤੀ ਲਾਈ ਚਿੰਗ-ਤੇ ਪਹਿਲਾਂ ਵੀ ਕਹਿ ਚੁੱਕੇ ਹਨ ਕਿ ਉਨ੍ਹਾਂ ਨੂੰ ਆਧਿਕਾਰਿਕ ਆਜ਼ਾਦੀ ਦੀ ਘੋਸ਼ਣਾ ਕਰਨ ਦੀ ਲੋੜ ਨਹੀਂ ਲੱਗਦੀ, ਕਿਉਂਕਿ ਤਾਇਵਾਨ ਪਹਿਲਾਂ ਹੀ ਖੁਦ ਨੂੰ ਸੰਪੂਰਨ ਮੰਨਦਾ ਹੈ। ਹਾਲਾਂਕਿ, ਬੀਜਿੰਗ ਇਸ ਤਰ੍ਹਾਂ ਦੇ ਬਿਆਨਾਂ ਤੋਂ ਨਾਰਾਜ਼ ਰਹਿੰਦਾ ਹੈ ਅਤੇ ਉਨ੍ਹਾਂ ‘ਤੇ ਖੇਤਰੀ ਤਣਾਅ ਵਧਾਉਣ ਦੇ ਦੋਸ਼ ਲਗਾਉਂਦਾ ਹੈ।
ਟਰੰਪ ਦੇ ਇਸ ਬਿਆਨ ਤੋਂ ਬਾਅਦ ਅੰਤਰਰਾਸ਼ਟਰੀ ਸਿਆਸੀ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ। ਵਿਸ਼ਲੇਸ਼ਕ ਮੰਨ ਰਹੇ ਹਨ ਕਿ ਅਮਰੀਕਾ ਅਤੇ ਚੀਨ ਵਿਚਕਾਰ ਤਾਇਵਾਨ ਨੂੰ ਲੈ ਕੇ ਹੋਣ ਵਾਲੀ ਹਰ ਹਿਲਚਲ ਦਾ ਅਸਰ ਗਲੋਬਲ ਰਾਜਨੀਤੀ ਅਤੇ ਅਰਥਵਿਵਸਥਾ ‘ਤੇ ਪੈ ਸਕਦਾ ਹੈ। ਹੁਣ ਸਭ ਦੀ ਨਜ਼ਰ ਇਸ ਗੱਲ ‘ਤੇ ਟਿਕੀ ਹੈ ਕਿ ਆਉਣ ਵਾਲੇ ਸਮੇਂ ਵਿੱਚ ਅਮਰੀਕਾ ਆਪਣੀ ਤਾਇਵਾਨ ਨੀਤੀ ਵਿੱਚ ਕੋਈ ਵੱਡਾ ਬਦਲਾਅ ਕਰਦਾ ਹੈ ਜਾਂ ਮੌਜੂਦਾ ਸੰਤੁਲਨ ਕਾਇਮ ਰੱਖਦਾ ਹੈ।