ਖਾੜੀ ਖੇਤਰ ਵਿੱਚ ਤਣਾਅ ਇੱਕ ਵਾਰ ਫਿਰ ਆਪਣੇ ਸਿਖ਼ਰ 'ਤੇ ਪਹੁੰਚ ਗਿਆ ਹੈ, ਜਦੋਂ ਹੋਰਮੁਜ਼ ਸਟ੍ਰੇਟ ਵਿੱਚ ਦੋ ਵੱਡੇ ਤੇਲ ਟੈਂਕਰਾਂ ਵਿੱਚ ਭਿਆਨਕ ਧਮਾਕੇ ਹੋਣ ਦੀ ਖ਼ਬਰ ਹੈ। ਈਰਾਨ ਦੀ ਇਨਕਲਾਬੀ ਗਾਰਡ ਕੋਰ (IRGC) ਨੇ ਇਨ੍ਹਾਂ ਧਮਾਕਿਆਂ ਲਈ ਅਮਰੀਕੀ ਖੁਫੀਆ ਏਜੰਸੀਆਂ ਦੀ ਗ਼ਲਤ ਰਣਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ, ਜਦੋਂ ਕਿ ਅਮਰੀਕਾ ਨੇ ਲਗਾਤਾਰ ਸੱਤਵੀਂ ਰਾਤ ਈਰਾਨੀ ਫੌਜੀ ਟਿਕਾਣਿਆਂ ਉੱਤੇ ਹਮਲੇ ਕੀਤੇ ਹਨ। ਇਸ ਦੇ ਜਵਾਬ ਵਿੱਚ ਈਰਾਨ ਨੇ ਕੁਵੈਤ ਅਤੇ ਬਹਿਰੀਨ ਵਿੱਚ ਮੌਜੂਦ ਅਮਰੀਕੀ ਫੌਜੀ ਅੱਡਿਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ, ਜਿਸ ਨਾਲ ਪੂਰੇ ਖੇਤਰ ਵਿੱਚ ਫੌਜੀ ਟਕਰਾਅ ਦਾ ਖ਼ਤਰਾ ਪੈਦਾ ਹੋ ਗਿਆ ਹੈ।
ਹੋਰਮੁਜ਼ ਸਟ੍ਰੇਟ—ਦੁਨੀਆਂ ਦੇ ਸਭ ਤੋਂ ਰਣਨੀਤਕ ਸਮੁੰਦਰੀ ਰਸਤਿਆਂ ਵਿੱਚੋਂ ਇੱਕ—ਵਿੱਚ ਅੱਜ ਦੋ ਤੇਲ ਟੈਂਕਰਾਂ ਵਿੱਚ ਧਮਾਕਿਆਂ ਦੀ ਖ਼ਬਰ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਚੌਕੰਨਾ ਕਰ ਦਿੱਤਾ ਹੈ। ਈਰਾਨੀ IRGC ਨੇ ਦਾਅਵਾ ਕੀਤਾ ਹੈ ਕਿ ਅਮਰੀਕੀ ਖੁਫੀਆ ਏਜੰਸੀਆਂ ਦੀ ਗਲਤ ਜਾਣਕਾਰੀ ਸਦਕਾ ਇਹ ਟੈਂਕਰ ਸਮੁੰਦਰ ਵਿੱਚ ਵਿਛਾਈਆਂ ਖਾਨਾਂ (ਮਾਈਨਸ) ਨਾਲ ਟਕਰਾ ਗਏ, ਜਿਸ ਨਾਲ ਉਹ ਅੱਗ ਦੀ ਲਪੇਟ ਵਿੱਚ ਆ ਗਏ।
ਅਮਰੀਕੀ CENTCOM ਨੇ IRGC ਦੇ ਦਾਅਵਿਆਂ ਨੂੰ ਸਿਰੇ ਤੋਂ ਰੱਦ ਕਰਦਿਆਂ ਆਪਣੇ ਫੌਜੀ ਅਭਿਆਨਾਂ ਦੀ ਪੁਸ਼ਟੀ ਕੀਤੀ ਹੈ। CENTCOM ਮੁਤਾਬਕ, ਉਸਨੇ ਲਗਾਤਾਰ ਸੱਤਵੀਂ ਰਾਤ ਈਰਾਨ ਦੇ ਵੱਖ-ਵੱਖ ਫੌਜੀ ਠਿਕਾਣਿਆਂ, ਹਥਿਆਰ ਡਿਪੂਆਂ ਅਤੇ ਸਮੁੰਦਰੀ ਸਮਰੱਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ। ਅਲ ਜਜ਼ੀਰਾ ਦੀ ਰਿਪੋਰਟ ਮੁਤਾਬਕ, ਇਨ੍ਹਾਂ ਹਮਲਿਆਂ ਵਿੱਚ ਸੀਰਿਕ, ਬੁਸ਼ਹਿਰ, ਬੰਦਰ ਅੱਬਾਸ, ਕੇਸ਼ਮ ਟਾਪੂ ਅਤੇ ਯਜ਼ਦ ਵਰਗੇ ਰਣਨੀਤਕ ਸ਼ਹਿਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਈਰਾਨੀ ਸੰਸਦ ਮੈਂਬਰ ਅਹਿਮਦ ਬਖ਼ਸ਼ਾਇਸ਼ ਅਰਦੇਸਤਾਨੀ ਨੇ ਸਪੱਸ਼ਟ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਨੇ ਈਰਾਨ ਖ਼ਿਲਾਫ਼ ਕਿਸੇ ਵੀ ਕਿਸਮ ਦਾ ਜ਼ਮੀਨੀ ਹਮਲਾ ਸ਼ੁਰੂ ਕੀਤਾ, ਤਾਂ ਈਰਾਨੀ ਫੌਜ ਕੁਵੈਤ ਅਤੇ ਬਹਿਰੀਨ ਵਿੱਚ ਮੌਜੂਦ ਅਮਰੀਕੀ ਫੌਜੀ ਅੱਡਿਆਂ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦੇਵੇਗੀ। ਇਸ ਤੋਂ ਇਲਾਵਾ, ਈਰਾਨੀ ਮੀਡੀਆ ਮੁਤਾਬਕ, IRGC ਨੇ ਅਮਰੀਕੀ ਫੌਜ ਦੀ ਮੇਜ਼ਬਾਨੀ ਕਰਨ ਵਾਲੇ ਸਾਰੇ ਖਾੜੀ ਦੇਸ਼ਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਫੌਜੀ ਟਿਕਾਣਿਆਂ ਦੇ ਨੇੜਿਓਂ ਹਟਾਉਣ ਅਤੇ ਆਪਣੇ ਸੁਰੱਖਿਆ ਪ੍ਰਬੰਧ ਮਜ਼ਬੂਤ ਕਰਨ।
ਈਰਾਨ ਦੀ ਫ਼ਾਰਸ ਨਿਊਜ਼ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਚਾਬਹਾਰ ਬੰਦਰਗਾਹ ਉੱਤੇ ਹਮਲੇ ਦੇ ਬਦਲੇ ਈਰਾਨ ਖਾੜੀ ਖੇਤਰ ਦੀਆਂ ਪੰਜ ਵੱਡੀਆਂ ਬੰਦਰਗਾਹਾਂ ਨੂੰ ਨਿਸ਼ਾਨਾ ਬਣਾ ਸਕਦਾ ਹੈ, ਜੋ ਅਮਰੀਕੀ ਫੌਜੀ ਜਾਂ ਵਪਾਰਕ ਹਿੱਤਾਂ ਨਾਲ ਸਿੱਧੇ ਜੁੜੀਆਂ ਹੋਈਆਂ ਹਨ। ਇਨ੍ਹਾਂ ਵਿੱਚ UAE ਦਾ ਜੇਬੇਲ ਅਲੀ, ਬਹਿਰੀਨ ਦਾ ਮੀਨਾ ਸਲਮਾਨ, ਕੁਵੈਤ ਦੀ ਸ਼ੁਆਇਬਾ, ਕਤਰ ਦਾ ਹਮਾਦ ਅਤੇ ਸਾਊਦੀ ਅਰਬ ਦੀ ਕਿੰਗ ਫਹਦ ਇੰਡਸਟਰੀਅਲ ਬੰਦਰਗਾਹ ਸ਼ਾਮਲ ਹਨ।
ਰਾਇਟਰਜ਼ ਮੁਤਾਬਕ, ਈਰਾਨੀ IRGC ਨੇ ਸ਼ੁੱਕਰਵਾਰ ਨੂੰ ਹੋਰਮੁਜ਼ ਸਟ੍ਰੇਟ ਵਿੱਚੋਂ ਲੰਘ ਰਹੇ ਇੱਕ ਥਾਈਲੈਂਡੀ ਝੰਡੇ ਵਾਲੇ ਜਹਾਜ਼ ਨੂੰ ਵੀ ਚੇਤਾਵਨੀਆਂ ਨੂੰ ਨਜ਼ਰਅੰਦਾਜ਼ ਕਰਨ ਕਾਰਨ ਨਿਸ਼ਾਨਾ ਬਣਾਇਆ। ਦਾਅਵਾ ਹੈ ਕਿ ਜਹਾਜ਼ ਨੇ ਬਿਨਾਂ ਇਜਾਜ਼ਤ ਰਣਨੀਤਕ ਜਲ-ਮਾਰਗ ਤੋਂ ਲੰਘਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਨੌਸੇਨਾ ਨੇ ਕਾਰਵਾਈ ਕੀਤੀ। ਹਾਲਾਂਕਿ, ਇਸ ਹਮਲੇ ਵਿੱਚ ਹੋਏ ਨੁਕਸਾਨ ਜਾਂ ਜਾਨੀ ਨੁਕਸਾਨ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਥਾਈਲੈਂਡ ਸਰਕਾਰ ਨੇ ਵੀ ਹੁਣ ਤੱਕ ਇਸ ਘਟਨਾ ਉੱਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਇਨ੍ਹਾਂ ਤਾਜ਼ਾ ਘਟਨਾਵਾਂ ਨੇ ਖਾੜੀ ਖੇਤਰ ਵਿੱਚ ਸ਼ਾਂਤੀ ਨੂੰ ਗੰਭੀਰ ਖ਼ਤਰਾ ਪੈਦਾ ਕਰ ਦਿੱਤਾ ਹੈ। ਸੰਯੁਕਤ ਰਾਸ਼ਟਰ ਅਤੇ ਹੋਰ ਅੰਤਰਰਾਸ਼ਟਰੀ ਸੰਗਠਨਾਂ ਨੇ ਦੋਵਾਂ ਧਿਰਾਂ ਨੂੰ ਸੰਜਮ ਬਰਤਣ ਅਤੇ ਕੂਟਨੀਤਕ ਰਾਹੀਂ ਮਸਲਿਆਂ ਦਾ ਹੱਲ ਕਰਨ ਦੀ ਅਪੀਲ ਕੀਤੀ ਹੈ, ਪਰ ਫਿਲਹਾਲ ਫੌਜੀ ਕਾਰਵਾਈਆਂ ਲਗਾਤਾਰ ਜਾਰੀ ਹਨ, ਜਿਸ ਨਾਲ ਵਿਸ਼ਵ ਊਰਜਾ ਸਪਲਾਈ ਚੇਨ ਉੱਤੇ ਵੀ ਮਾੜਾ ਪ੍ਰਭਾਵ ਪੈਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।