ਅਮਰੀਕੀ ਜਾਂਚ ਏਜੰਸੀ FBI ਨੇ 32 ਸਾਲਾ ਮੁਹੰਮਦ ਬਾਕੇਰ ਸਾਦ ਦਾਉਦ ਅਲ-ਸਾਦੀ ਨਾਮ ਦੇ ਇੱਕ ਸ਼ੱਕੀ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਇਰਾਕ ਦਾ ਨਾਗਰਿਕ ਹੈ ਅਤੇ ਉਸਨੂੰ ਪਹਿਲਾਂ ਤੁਰਕੀ ਵਿੱਚ ਕਾਬੂ ਕੀਤਾ ਗਿਆ ਸੀ। ਬਾਅਦ ਵਿੱਚ ਉਸਨੂੰ ਅਮਰੀਕਾ ਲਿਆਂਦਾ ਗਿਆ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਉਹ ਡੋਨਾਲਡ ਟਰੰਪ ਦੀ ਧੀ ਇਵਾਂਕਾ ਟਰੰਪ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ‘ਤੇ ਕੰਮ ਕਰ ਰਿਹਾ ਸੀ।
ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ 2020 ਵਿੱਚ ਬਗਦਾਦ ਵਿੱਚ ਹੋਏ ਡਰੋਨ ਹਮਲੇ ਵਿੱਚ ਇਰਾਨੀ ਕਮਾਂਡਰ ਕਾਸਿਮ ਸੁਲੇਮਾਨੀ ਦੀ ਮੌਤ ਤੋਂ ਬਾਅਦ ਇਹ ਸਾਜ਼ਿਸ਼ ਤਿਆਰ ਕੀਤੀ ਗਈ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਦੋਸ਼ੀ ਖੁੱਲ੍ਹੇਆਮ ਬਦਲੇ ਦੀਆਂ ਗੱਲਾਂ ਕਰਦਾ ਸੀ। ਕੁਝ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਹ ਸੁਲੇਮਾਨੀ ਦੀ ਮੌਤ ਲਈ ਟਰੰਪ ਪਰਿਵਾਰ ਨੂੰ ਜ਼ਿੰਮੇਵਾਰ ਮੰਨਦਾ ਸੀ।
ਜਾਂਚ ਦੌਰਾਨ ਏਜੰਸੀਆਂ ਨੂੰ ਦੋਸ਼ੀ ਕੋਲੋਂ ਫਲੋਰਿਡਾ ਵਿੱਚ ਮੌਜੂਦ ਇਵਾਂਕਾ ਟਰੰਪ ਦੇ ਘਰ ਨਾਲ ਜੁੜੇ ਨਕਸ਼ੇ ਅਤੇ ਜਾਣਕਾਰੀਆਂ ਮਿਲੀਆਂ ਹਨ। ਇਵਾਂਕਾ ਉੱਥੇ ਆਪਣੇ ਪਤੀ ਜੈਰਡ ਕੁਸ਼ਨਰ ਨਾਲ ਰਹਿੰਦੀ ਹੈ। ਰਿਪੋਰਟਾਂ ਮੁਤਾਬਕ ਦੋਸ਼ੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਉਸ ਇਲਾਕੇ ਦੀਆਂ ਤਸਵੀਰਾਂ ਵੀ ਪੋਸਟ ਕੀਤੀਆਂ ਸਨ, ਜਿੱਥੇ ਟਰੰਪ ਪਰਿਵਾਰ ਦਾ ਘਰ ਸਥਿਤ ਹੈ।
ਅਮਰੀਕੀ ਏਜੰਸੀਆਂ ਦਾ ਕਹਿਣਾ ਹੈ ਕਿ ਦੋਸ਼ੀ ਦੇ ਸੰਬੰਧ ਇਰਾਨ ਦੀ ਇਸਲਾਮਿਕ ਰਿਵੋਲਿਊਸ਼ਨਰੀ ਗਾਰਡ ਕੋਰਪਸ (IRGC) ਅਤੇ ਕਤਾਇਬ ਹਿਜ਼ਬੁੱਲਾਹ ਵਰਗੇ ਗਰੁੱਪਾਂ ਨਾਲ ਰਹੇ ਹਨ। ਉਸ ‘ਤੇ ਯੂਰਪ ਅਤੇ ਅਮਰੀਕਾ ਵਿੱਚ ਕਈ ਹਮਲਿਆਂ ਅਤੇ ਹਮਲੇ ਦੀਆਂ ਕੋਸ਼ਿਸ਼ਾਂ ਨਾਲ ਜੁੜੇ ਹੋਣ ਦੇ ਦੋਸ਼ ਵੀ ਲੱਗੇ ਹਨ। ਜਾਂਚਕਰਤਿਆਂ ਮੁਤਾਬਕ ਇਹ ਨੈੱਟਵਰਕ ਲੰਮੇ ਸਮੇਂ ਤੋਂ ਅੰਤਰਰਾਸ਼ਟਰੀ ਪੱਧਰ ‘ਤੇ ਸਰਗਰਮ ਸੀ।
ਦੋਸ਼ੀ ‘ਤੇ ਲੰਡਨ, ਟੋਰਾਂਟੋ ਅਤੇ ਐਮਸਟਰਡਮ ਸਮੇਤ ਕਈ ਸ਼ਹਿਰਾਂ ਵਿੱਚ ਹਮਲਿਆਂ ਦੀ ਯੋਜਨਾ ਬਣਾਉਣ ਦੇ ਦੋਸ਼ ਲੱਗੇ ਹਨ। ਅਮਰੀਕੀ ਨਿਆਂ ਵਿਭਾਗ ਦਾ ਦਾਅਵਾ ਹੈ ਕਿ ਉਹ 18 ਵੱਖ-ਵੱਖ ਹਮਲਿਆਂ ਜਾਂ ਹਮਲੇ ਦੀਆਂ ਕੋਸ਼ਿਸ਼ਾਂ ਨਾਲ ਜੁੜਿਆ ਰਿਹਾ ਹੈ। ਇਸ ਵਿੱਚ ਧਾਰਮਿਕ ਥਾਵਾਂ ਅਤੇ ਦੂਤਾਵਾਸਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਯੋਜਨਾਵਾਂ ਵੀ ਸ਼ਾਮਲ ਦੱਸੀਆਂ ਜਾ ਰਹੀਆਂ ਹਨ।
ਰਿਪੋਰਟਾਂ ਮੁਤਾਬਕ ਮੁਹੰਮਦ ਅਲ-ਸਾਦੀ ਨੇ ਧਾਰਮਿਕ ਯਾਤਰਾਵਾਂ ਨਾਲ ਜੁੜੀ ਇੱਕ ਟਰੈਵਲ ਏਜੰਸੀ ਵੀ ਸ਼ੁਰੂ ਕੀਤੀ ਸੀ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਇਸੇ ਜ਼ਰੀਏ ਉਹ ਵੱਖ-ਵੱਖ ਦੇਸ਼ਾਂ ਵਿੱਚ ਜਾ ਕੇ ਆਪਣੇ ਨੈੱਟਵਰਕ ਨੂੰ ਮਜ਼ਬੂਤ ਕਰਦਾ ਰਿਹਾ। ਮੌਜੂਦਾ ਸਮੇਂ ਵਿੱਚ ਉਸਨੂੰ ਨਿਊਯਾਰਕ ਦੇ ਇੱਕ ਡਿਟੈਨਸ਼ਨ ਸੈਂਟਰ ਵਿੱਚ ਰੱਖਿਆ ਗਿਆ ਹੈ ਅਤੇ ਜਾਂਚ ਜਾਰੀ ਹੈ।