ਪਾਕਿਸਤਾਨ ਦੇ ਕਬਜ਼ੇ ਹੇਠ ਕਸ਼ਮੀਰ (PoK) ਵਿੱਚ ਵੱਡਾ ਹੈਲੀਕਾਪਟਰ ਹਾਦਸਾ ਵਾਪਰ ਗਿਆ ਹੈ। ਬੁੱਧਵਾਰ ਨੂੰ ਪਾਕਿਸਤਾਨੀ ਫੌਜ ਦਾ ਇੱਕ MI-17 ਹੈਲੀਕਾਪਟਰ ਮੁਜ਼ੱਫਰਾਬਾਦ ਦੇ ਨਜ਼ਦੀਕੀ ਇਲਾਕੇ ਵਿੱਚ ਉਡਾਣ ਭਰਨ ਤੋਂ ਤੁਰੰਤ ਬਾਅਦ ਕਰੈਸ਼ ਹੋ ਗਿਆ। ਸ਼ੁਰੂਆਤੀ ਰਿਪੋਰਟਾਂ ਅਨੁਸਾਰ ਇਸ ਦੁਰਘਟਨਾ ਵਿੱਚ ਹੈਲੀਕਾਪਟਰ ਵਿੱਚ ਸਵਾਰ ਸਾਰੇ 21 ਫੌਜੀ ਕਰਮਚਾਰੀ ਮਾਰੇ ਗਏ ਹਨ, ਹਾਲਾਂਕਿ ਪਾਕਿਸਤਾਨੀ ਫੌਜ ਵੱਲੋਂ ਅਜੇ ਇਸ ਸੰਬੰਧੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ ਕਿ ਜਹਾਜ਼ ਵਿੱਚ ਕਿੰਨੇ ਸੈਨਿਕ ਸਵਾਰ ਸਨ।
ਮਿਲੀ ਜਾਣਕਾਰੀ ਮੁਤਾਬਕ ਇਹ ਸਾਰੇ ਜਵਾਨ PoK ਦੇ ਨੀਲਮ ਘਾਟੀ ਸੈਕਟਰ ਵੱਲ ਜਾ ਰਹੇ ਸਨ, ਜਿੱਥੇ ਹਾਲ ਹੀ ਵਿੱਚ ਵਿਧਾਨ ਸਭਾ ਦੀਆਂ 12 ਰਾਖਵੀਆਂ ਸੀਟਾਂ ਨੂੰ ਲੈ ਕੇ ਗੰਭੀਰ ਰਾਜਨੀਤਿਕ ਵਿਵਾਦ ਪੈਦਾ ਹੋ ਗਿਆ ਹੈ। ਇਸੇ ਖਿੱਚ-ਪੁੱਖ ਦੇ ਚੱਲਦਿਆਂ PoK ਪ੍ਰਸ਼ਾਸਨ ਨੇ ਇਲਾਕੇ ਵਿੱਚ ਵਾਧੂ ਫੌਜੀ ਤਾਇਨਾਤ ਕਰਨੀ ਸ਼ੁਰੂ ਕਰ ਦਿੱਤੀ ਸੀ। ਇਹ ਹੈਲੀਕਾਪਟਰ ਵੀ ਇਸੇ ਸਿਲਸਿਲੇ ਵਿੱਚ ਸੈਨਿਕਾਂ ਨੂੰ ਲੈ ਕੇ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਤਕਨੀਕੀ ਖਰਾਬੀ ਦਾ ਸ਼ਿਕਾਰ ਹੋ ਗਿਆ।
ਸੂਤਰਾਂ ਅਨੁਸਾਰ ਪਾਇਲਟ ਨੇ ਐਮਰਜੈਂਸੀ ਲੈਂਡਿੰਗ ਦੀ ਭਰਪੂਰ ਕੋਸ਼ਿਸ਼ ਕੀਤੀ, ਪਰ ਕਰੈਸ਼ ਨੂੰ ਰੋਕਿਆ ਨਾ ਜਾ ਸਕਿਆ। ਇਸ ਹਾਦਸੇ ਦੀ ਸੂਚਨਾ ਮਿਲਦੇ ਹੀ ਪਾਕਿਸਤਾਨੀ ਫੌਜ ਦੀ ਸਿਖਰਲੀ ਕਮਾਨ ਹਰਕਤ ਵਿੱਚ ਆ ਗਈ। ਫੌਜ ਮੁਖੀ ਜਰਨੈਲ ਆਸਿਮ ਮੁਨੀਰ ਨੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕਰ ਦਿੱਤੇ ਹਨ। ਉਨ੍ਹਾਂ ਸਮੇਤ ਸਾਰੇ ਫੌਜੀ ਅਧਿਕਾਰੀਆਂ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਦੂਜੇ ਪਾਸੇ, ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਵੀ ਇਸ ਦਰਦਨਾਕ ਘਟਨਾ 'ਤੇ ਗਹਿਰਾ ਦੁੱਖ ਜ਼ਾਹਰ ਕੀਤਾ ਹੈ। ਦੋਵਾਂ ਨੇਤਾਵਾਂ ਨੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਪੂਰੀ ਕੌਮ ਇਨ੍ਹਾਂ ਜਵਾਨਾਂ ਦੀ ਕੁਰਬਾਨੀ ਨੂੰ ਸਲਾਮ ਕਰਦੀ ਹੈ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਐਲਾਨ ਕੀਤਾ ਕਿ ਇਹ ਬਹਾਦਰ ਸੈਨਿਕ ਦੇਸ਼ ਦੀ ਮਿਸਾਲ ਬਣੇ ਰਹਿਣਗੇ।
ਜ਼ਿਕਰਯੋਗ ਹੈ ਕਿ ਇਹ ਹਾਦਸਾ ਅਜਿਹੇ ਸਮੇਂ ਵਾਪਰਿਆ ਹੈ ਜਦੋਂ PoK ਵਿੱਚ ਸੁਰੱਖਿਆ ਹਾਲਾਤ ਬਹੁਤ ਨਾਜ਼ੁਕ ਚੱਲ ਰਹੇ ਹਨ। ਇੱਕ ਪਾਸੇ ਪ੍ਰਸ਼ਾਸਨ ਵੱਲੋਂ ਇੱਕ ਸੰਗਠਨ 'ਤੇ ਪਾਬੰਦੀ ਲਗਾਈ ਗਈ ਹੈ, ਤਾਂ ਦੂਜੇ ਪਾਸੇ ਉਸੇ ਸੰਗਠਨ ਦੇ ਸਮਰਥਕਾਂ ਨੇ ਵਿਰੋਧ ਦਾ ਐਲਾਨ ਕਰ ਰੱਖਿਆ ਹੈ। ਹਾਲ ਹੀ 'ਚ ਰਾਵਲਾਕੋਟ ਸ਼ਹਿਰ ਵਿੱਚ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਹੋਈ ਝੜਪ ਵਿੱਚ ਘੱਟੋ-ਘੱਟ 11 ਲੋਕ ਮਾਰੇ ਗਏ ਸਨ। ਉਸ ਤੋਂ ਬਾਅਦ PoK 'ਚ ਫੌਜ ਅਤੇ ਅਰਧ-ਫੌਜੀ ਬਲਾਂ ਦੀ ਤਾਇਨਾਤੀ ਹੋਰ ਵਧਾ ਦਿੱਤੀ ਗਈ ਹੈ।