Courtesy: @PeteHegseth
ਨਵੀਂ ਦਿੱਲੀ: ਈਰਾਨ ਅਤੇ ਅਮਰੀਕਾ ਵਿਚਾਲੇ ਅਜੇ ਤੱਕ ਇੱਕ ਨਵੀਂ ਡੀਲ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਹੈ। ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਦੇ ਨਾਲ-ਨਾਲ ਰਣਨੀਤਕ ਤੌਰ ’ਤੇ ਬੇਹੱਦ ਮਹੱਤਵਪੂਰਨ ਹੋਰਮੁਜ ਜਲਡਮਰੂਮੱਧ ਨੂੰ ਲੈ ਕੇ ਤਣਾਅ ਵਧਿਆ ਹੋਇਆ ਹੈ। ਈਰਾਨ ਦਾ ਦਾਅਵਾ ਹੈ ਕਿ ਇਸ ਮਹੱਤਵਪੂਰਨ ਸਮੁੰਦਰੀ ਰਸਤੇ ’ਤੇ ਉਸ ਦਾ ਕੰਟਰੋਲ ਹੈ ਅਤੇ ਜਹਾਜ਼ਾਂ ਦੀ ਆਵਾਜਾਈ ਉਸ ਦੀ ਮਨਜ਼ੂਰੀ ਅਤੇ ਨਿਗਰਾਨੀ ਤੋਂ ਬਿਨਾਂ ਆਮ ਤਰੀਕੇ ਨਾਲ ਨਹੀਂ ਹੋ ਸਕਦੀ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਹੋਰਮੁਜ਼ ਸਟ੍ਰੇਟ ਵਿੱਚ ਅਮਰੀਕੀ ਨੌਸੈਨਾ ਦੀ ਮੌਜੂਦਗੀ ਅਤੇ ਕੰਟਰੋਲ ਦਾ ਦਾਅਵਾ ਕੀਤਾ ਹੈ। ਇਸ ਵਿਚਾਲੇ ਅਮਰੀਕੀ ਰੱਖਿਆ ਸਕੱਤਰ ਪੀਟ ਹੇਗਸੇਥ ਦੇ ਤਾਜ਼ਾ ਬਿਆਨ ਨੇ ਟਕਰਾਅ ਨੂੰ ਹੋਰ ਗੰਭੀਰ ਬਣਾ ਦਿੱਤਾ ਹੈ।
ਪੀਟ ਹੇਗਸੇਥ ਨੇ ਪਨਾਮ ਸਿਟੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਲੋੜ ਪਈ ਤਾਂ ਅਮਰੀਕਾ ਈਰਾਨੀ ਬੰਦਰਗਾਹਾਂ ਦੇ ਆਲੇ-ਦੁਆਲੇ ਆਪਣੀ ਨੌਸੈਨਿਕ ਨਾਕਾਬੰਦੀ ਨੂੰ ਲੰਬੇ ਸਮੇਂ ਤੱਕ ਜਾਰੀ ਰੱਖ ਸਕਦਾ ਹੈ। ਉਨ੍ਹਾਂ ਇਹ ਵੀ ਸੰਕੇਤ ਦਿੱਤਾ ਕਿ ਅਮਰੀਕਾ ਇਸ ਤਰ੍ਹਾਂ ਦੀ ਕਾਰਵਾਈ ਨੂੰ ਕਿਸੇ ਨਿਰਧਾਰਤ ਛੋਟੀ ਮਿਆਦ ਤੱਕ ਸੀਮਿਤ ਨਹੀਂ ਸਮਝਦਾ।
ਅਮਰੀਕੀ ਰੱਖਿਆ ਸਕੱਤਰ ਨੇ ਦੱਸਿਆ ਕਿ ਨੌਸੈਨਿਕ ਤਾਇਨਾਤੀ ਨੂੰ ਕਾਇਮ ਰੱਖਣ ਲਈ ਅਮਰੀਕੀ ਜੰਗੀ ਜਹਾਜ਼ਾਂ ਦੀ ਰੋਟੇਸ਼ਨ ਕੀਤੀ ਜਾ ਸਕਦੀ ਹੈ। ਉਨ੍ਹਾਂ ਮੁਤਾਬਕ, ਇੱਕ ਜਹਾਜ਼ ਦੀ ਥਾਂ ਲੋੜ ਅਨੁਸਾਰ ਦੂਜਾ ਜਹਾਜ਼ ਤਾਇਨਾਤ ਕਰਕੇ ਅਮਰੀਕੀ ਨੌਸੈਨਾ ਖੇਤਰ ਵਿੱਚ ਆਪਣੀ ਮੌਜੂਦਗੀ ਬਰਕਰਾਰ ਰੱਖ ਸਕਦੀ ਹੈ। ਇਸ ਨਾਲ ਲੰਬੇ ਸਮੇਂ ਤੱਕ ਨਾਕਾਬੰਦੀ ਜਾਂ ਸਮੁੰਦਰੀ ਦਬਾਅ ਬਣਾਈ ਰੱਖਣਾ ਸੰਭਵ ਹੋ ਸਕਦਾ ਹੈ। ਹੇਗਸੇਥ ਨੇ ਇਸ ਨੂੰ ਅਮਰੀਕੀ ਨੌਸੈਨਾ ਦੀ ਲੰਬੇ ਸਮੇਂ ਤੱਕ ਕਾਰਵਾਈ ਕਰਨ ਦੀ ਸਮਰੱਥਾ ਨਾਲ ਜੋੜਿਆ ਅਤੇ ਕਿਹਾ ਕਿ ਜਹਾਜ਼ਾਂ ਦੀ ਬਦਲੀ ਕਰਦੇ ਰਹਿਣ ਨਾਲ ਅਮਰੀਕਾ ਈਰਾਨ ਖ਼ਿਲਾਫ਼ ਆਪਣੀ ਨੌਸੈਨਿਕ ਕਾਰਵਾਈ ਨੂੰ ਅਣਮਿੱਥੇ ਸਮੇਂ ਤੱਕ ਜਾਰੀ ਰੱਖ ਸਕਦਾ ਹੈ।
ਹੋਰਮੁਜ਼ ਸਟ੍ਰੇਟ ਨੂੰ ਲੈ ਕੇ ਈਰਾਨ ਅਤੇ ਅਮਰੀਕਾ ਦੋਵਾਂ ਦੇਸ਼ਾਂ ਦੇ ਬਿਆਨਾ 'ਚ ਵੱਡਾ ਅੰਤਰ ਨਜ਼ਰ ਆ ਰਿਹਾ ਹੈ। ਇਕ ਪਾਸੇ ਡੋਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਹੋਰਮੁਜ਼ ਸਟ੍ਰੇਟ ਖੁੱਲ੍ਹਾ ਹੈ ਅਤੇ ਅਮਰੀਕਾ ਜਿਨ੍ਹਾਂ ਦੇਸ਼ਾਂ ਦੇ ਜਹਾਜ਼ਾਂ ਨੂੰ ਇਸ ਰਸਤੇ ਰਾਹੀਂ ਲੰਘਣ ਦੀ ਇਜਾਜ਼ਤ ਦੇਣਾ ਚਾਹੁੰਦਾ ਹੈ, ਉਨ੍ਹਾਂ ਨੂੰ ਲੰਘਣ ਦਿੱਤਾ ਜਾਵੇਗਾ। ਦੂਜੇ ਪਾਸੇ, ਈਰਾਨੀ ਪੱਖ ਅਮਰੀਕੀ ਦਾਅਵੇ ਨੂੰ ਰੱਦ ਕਰਦਾ ਹੈ ਅਤੇ ਉਸਦਾ ਕਹਿਣਾ ਹੈ ਕਿ ਹੋਰਮੁਜ਼ ਸਟ੍ਰੇਟ ’ਤੇ ਈਰਾਨ ਦਾ ਪਹਿਲਾਂ ਵਾਂਗ ਹੀ ਕੰਟਰੋਲ ਹੈ।
ਕਿਉਂ ਮਹਤੱਵਪੂਰਣ ਹੈ ਹੋਰਮੁਜ਼ ਸਟ੍ਰੇਟ?
ਦਰਅਸਲ, ਹੋਰਮੁਜ਼ ਸਟ੍ਰੇਟ ਵਿਸ਼ਵ ਵਪਾਰ ਅਤੇ ਊਰਜਾ ਸਪਲਾਈ ਦਾ ਇੱਕ ਬਹੁਤ ਹੀ ਮਹੱਤਵਪੂਰਨ ਸਮੁੰਦਰੀ ਰਸਤਾ ਹੈ। ਫ਼ਾਰਸ ਦੀ ਖਾੜੀ ਨੂੰ ਓਮਾਨ ਦੀ ਖਾੜੀ ਅਤੇ ਅੱਗੇ ਅਰਬ ਸਾਗਰ ਨਾਲ ਜੋੜਨ ਵਾਲਾ ਇਹ ਜਲਮਾਰਗ ਕੱਚੇ ਤੇਲ ਅਤੇ ਹੋਰ ਊਰਜਾ ਉਤਪਾਦਾਂ ਦੀ ਸਮੁੰਦਰੀ ਆਵਾਜਾਈ ਲਈ ਅਹਿਮ ਹੈ। ਇਸ 'ਤੇ ਕਿਸੇ ਵੀ ਤਰ੍ਹਾਂ ਦੀ ਨਾਕਾਬੰਦੀ ਅਤੇ ਰੁਕਾਵਟ ਨਾਲ ਅੰਤਰਰਾਸ਼ਟਰੀ ਤੇਲ ਸਪਲਾਈ, ਸਮੁੰਦਰੀ ਵਪਾਰ ਅਤੇ ਵਿਸ਼ਵ ਪੱਧਰ ’ਤੇ ਊਰਜਾ ਦੀਆਂ ਕੀਮਤਾਂ ’ਤੇ ਪ੍ਰਭਾਵ ਪੈਣ ਦੀ ਸੰਭਾਵਨਾ ਵੱਧ ਜਾਂਦੀ ਹੈ।
ਈਰਾਨ ਅਤੇ ਅਮਰੀਕਾ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਸਹਿਮਤੀ ਨਾ ਬਣਨ 'ਤੇ ਤਣਾਅ ਹੋਰ ਗਹਿਰਾ ਹੋ ਰਿਹਾ ਹੈ। ਇੱਕ ਪਾਸੇ ਕੂਟਨੀਤਕ ਪੱਧਰ ’ਤੇ ਹੱਲ ਦੀਆਂ ਕੋਸ਼ਿਸ਼ਾਂ ਦੀ ਗੱਲ ਕੀਤੀ ਜਾ ਰਹੀ ਹੈ, ਜਦਕਿ ਦੂਜੇ ਪਾਸੇ ਦੋਵੇਂ ਦੇਸ਼ ਸਮੁੰਦਰੀ ਤਾਕਤ ਅਤੇ ਆਪਣੇ ਰਣਨੀਤਕ ਪ੍ਰਭਾਵ ਨੂੰ ਲੈ ਕੇ ਸਖ਼ਤ ਬਿਆਨ ਦੇ ਰਹੇ ਹਨ।
ਹੁਣ ਸਭ ਦੀ ਨਜ਼ਰ ਇਸ ਗੱਲ ’ਤੇ ਹੈ ਕਿ ਹੋਰਮੁਜ ਜਲਡਮਰੂਮੱਧ ਵਿੱਚ ਜਹਾਜ਼ਾਂ ਦੀ ਆਵਾਜਾਈ ਕਿਵੇਂ ਰਹਿੰਦੀ ਹੈ ਅਤੇ ਈਰਾਨ ਤੇ ਅਮਰੀਕਾ ਵਿਚਾਲੇ ਸਮੁੰਦਰੀ ਤਣਾਅ ਕਿਸ ਪਾਸੇ ਜਾਂਦਾ ਹੈ।