ਭਾਜਪਾ ਦੇ 10 ਸਾਂਸਦਾਂ ਨੇ ਦਿੱਤਾ ਅਸਤੀਫ਼ਾ, ਜਾਣੋ ਵਜ੍ਹਾ
ਤਿੰਨ ਸੂਬਿਆਂ ਅੰਦਰ ਸ਼ਾਨਦਾਰ ਜਿੱਤ ਮਗਰੋਂ ਭਾਜਪਾ ਦੇ 10 ਲੋਕ ਸਭਾ ਮੈਂਬਰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਗਏ। ਇਸਦੇ ਨਾਲ ਕੇਂਦਰ 'ਚ 2 ਮੰਤਰੀ ਵੀ ਘੱਟ ਹੋ ਗਏ ਹਨ। ਇਸਨੂੰ ਸਿਆਸਤ ਦੀ ਵੱਡੀ ਰਣਨੀਤੀ ਮੰਨਿਆ ਜਾ ਰਿਹਾ ਹੈ।
Last Updated :
06 December 2023, 04:19 PM IST
ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਹੁਣ ਇਹਨਾਂ ਸੂਬਿਆਂ 'ਚ ਭਾਜਪਾ ਲੀਡਰਸ਼ਿਪ ਮੁੱਖ ਮੰਤਰੀ ਦੇ ਚਿਹਰਿਆਂ ਉਪਰ ਵਿਚਾਰ ਕਰ ਰਹੀ ਹੈ। ਇਸੇ ਦਰਮਿਆ ਪਾਰਟੀ ਦੇ 10 ਸਾਂਸਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਗਏ। ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ, ਪ੍ਰਹਿਲਾਦ ਸਿੰਘ ਪਟੇਲ ਤੋਂ ਇਲਾਵਾ ਕਿਰੋੜੀ ਲਾਲ ਮੀਨਾ, ਰਾਜਵਰਧਨ ਸਿੰਘ ਰਾਠੌਰ, ਰਾਕੇਸ਼ ਸਿੰਘ, ਉਦੈ ਪ੍ਰਤਾਪ, ਰੀਤੀ ਪਾਠਕ, ਅਰੁਣ ਸਾਓ, ਗੋਮਤੀ ਸਾਈਂ, ਦੀਆ ਕੁਮਾਰੀ ਨੇ ਬੁੱਧਵਾਰ ਨੂੰ ਲੋਕ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ।
ਕਿਉਂ ਦਿੱਤਾ ਅਸਤੀਫ਼ਾ
ਦੱਸ ਦਈਏ ਕਿ ਇਸ ਸਾਲ ਹੋਈਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਨੇ ਕੁੱਲ 21 ਸੰਸਦ ਮੈਂਬਰਾਂ ਨੂੰ ਮੈਦਾਨ ‘ਚ ਉਤਾਰਿਆ ਸੀ, ਜਿਨ੍ਹਾਂ ‘ਚੋਂ 12 ਜਿੱਤੇ ਅਤੇ ਬਾਕੀ 9 ਸੰਸਦ ਮੈਂਬਰ ਚੋਣ ਹਾਰ ਗਏ। ਜੇਤੂਆਂ ਚੋਂ ਸਾਂਸਦ ਬਾਬਾ ਬਾਲਕ ਨਾਥ ਅਤੇ ਰੇਣੂਕਾ ਸਿੰਘ ਨੇ ਅਜੇ ਤੱਕ ਅਸਤੀਫਾ ਨਹੀਂ ਦਿੱਤਾ ਹੈ। ਉਹ ਅੱਜ ਲੋਕ ਸਭਾ ਸ਼ੈਸ਼ਨ 'ਚ ਵੀ ਨਹੀਂ ਆਏ। ਇਹ ਦੋਵੇਂ ਸੰਸਦ ਮੈਂਬਰ ਵੀ ਜਲਦੀ ਹੀ ਆਪਣੇ ਅਸਤੀਫੇ ਸੌਂਪ ਦੇਣਗੇ। ਭਾਜਪਾ ਨੇ ਰਾਜ ਵਿਧਾਨ ਸਭਾ ਚੋਣਾਂ ਵਿੱਚ ਆਪਣੇ ਸੰਸਦ ਮੈਂਬਰਾਂ ਨੂੰ ਮੈਦਾਨ ਵਿੱਚ ਉਤਾਰ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਅਤੇ ਇਹ ਯੋਜਨਾ ਭਾਜਪਾ ਦੇ ਕੰਮ ਆਈ। ਹੁਣ ਇਹ ਸਾਂਸਦ ਵਿਧਾਇਕ ਬਣ ਗਏ ਹਨ। ਇਹ ਦੋਵੇਂ ਅਹੁਦਿਆਂ ਉਪਰ ਨਹੀਂ ਰਹਿ ਸਕਦੇ। ਇਸ ਕਰਕੇ ਇਹਨਾਂ ਨੇ ਸੰਸਦ ਮੈਂਬਰ ਤੋਂ ਅਸਤੀਫਾ ਦੇ ਦਿੱਤਾ। ਭਾਜਪਾ ਪ੍ਰਧਾਨ ਜੇਪੀ ਨੱਡਾ ਨੇ ਪੀਐਮ ਮੋਦੀ, ਲੋਕ ਸਭਾ ਸਪੀਕਰ ਅਤੇ ਰਾਜ ਸਭਾ ਚੇਅਰਮੈਨ ਨਾਲ ਮੁਲਾਕਾਤ ਦੌਰਾਨ ਇਨ੍ਹਾਂ ਸੰਸਦ ਮੈਂਬਰਾਂ ਦੇ ਵਫ਼ਦ ਦੀ ਅਗਵਾਈ ਕੀਤੀ। ਵਿਧਾਨ ਸਭਾ ਚੋਣਾਂ ਜਿੱਤਣ ਵਾਲੇ ਸੰਸਦ ਮੈਂਬਰਾਂ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੇਪੀ ਨੱਡਾ ਨਾਲ ਮੁਲਾਕਾਤ ਕਰਕੇ ਅਸਤੀਫਾ ਦਿੱਤਾ।