Courtesy: ai image
ਨਵੀਂ ਦਿੱਲੀ: ਮੁੰਬਈ ਦੇ ਨੇਵੀ ਨਗਰ ਤੋਂ ਹਾਲ ਹੀ 'ਚ ਇੱਕ ਬੇਹਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। 15 ਅਗਸਤ ਨੂੰ ਭਾਰਤੀ ਜਲ ਸੈਨਾ ਦਾ ਇੱਕ ਮਲਾਹ, ਉਸਦੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚੇ ਆਪਣੇ ਘਰ ਵਿੱਚ ਮ੍ਰਿਤਕ ਪਾਏ ਗਏ। ਇੱਕੋ ਸਮੇਂ ਪਰਿਵਾਰ ਦੇ 4 ਜੀਆਂ ਦੀ ਮੌਤ ਨਾਲ ਇਲਾਕੇ 'ਚ ਹੜਕੰਪ ਮਚ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਸੂਤਰਾਂ ਮੁਤਾਬਕ, ਜਲ ਸੈਨਾ ਦੇ ਮਲਾਹ, ਉਸਦੀ ਪਤਨੀ ਅਤੇ ਬੱਚਿਆਂ ਦੀ ਖੁਦਕੁਸ਼ੀ ਕਰਨ ਦਾ ਖਦਸ਼ਾ ਹੈ। ਮੁੱਢਲੀ ਜਾਂਚ 'ਚ ਪੁਲਿਸ ਨੂੰ ਸ਼ੱਕ ਹੈ ਕਿ ਕਰਮਚਾਰੀ ਨੇ ਫਾਹਾ ਲਗਾ ਕੇ ਸੁਸਾਈਡ ਕੀਤਾ, ਜਦੋਂ ਕਿ ਪਤਨੀ ਅਤੇ ਬੱਚਿਆਂ ਦੀ ਮੌਤ ਜ਼ਹਿਰ ਨਾਲ ਹੋਈ ਹੈ।
ਮਰਨ ਵਾਲਿਆਂ ਵਿੱਚ ਜਲ ਸੈਨਾ ਦਾ ਕਰਮਚਾਰੀ, ਉਸਦੀ ਪਤਨੀ ਅਤੇ ਦੋ ਛੋਟੇ ਬੱਚੇ ਹਨ। ਸਭ ਤੋਂ ਦਿਲ ਦਹਿਲਾਉਣ ਵਾਲੀ ਗੱਲ ਤਾਂ ਇਹ ਹੈ ਕਿ ਇਨ੍ਹਾਂ 'ਚ ਇੱਕ ਬੱਚੇ ਦੀ ਉਮਰ ਸਿਰਫ 2 ਮਹੀਨੇ ਸੀ ਅਤੇ ਦੂਜਾ ਬੱਚਾ ਤਿੰਨ ਸਾਲ ਦਾ ਸੀ।
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਚਾਰੇ ਮ੍ਰਿਤਕ ਦੇਹਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹੁਣ ਪੁਲਿਸ ਇਸ ਘਟਨਾ ਦੇ ਪਿੱਛੇ ਅਸਲੀ ਕਾਰਨਾਂ ਨੂੰ ਜਾਣਨ ਲਈ ਡੂੰਘੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੌਤ ਦੇ ਪਿੱਛੇ ਸਹੀ ਕਾਰਨਾਂ ਦੀ ਜਾਣਕਾਰੀ ਪੋਸਟਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਹੀ ਲੱਗ ਸਕਦੀ ਹੈ।
ਦੂਜੇ ਪਾਸੇ ਭਾਰਤੀ ਜਲ ਸੈਨਾ ਨੇ ਇਸ ਘਟਨਾ 'ਤੇ ਦੁੱਖ ਜਤਾਉਂਦਿਆ ਕਿਹਾ ਕਿ ਉਹ ਇਸ ਮਾਮਲੇ ਵਿੱਚ ਪੁਲਿਸ ਦੀ ਜਾਂਚ 'ਚ ਪੂਰਾ ਸਹਿਯੋਗ ਕਰੇਗੀ।