ਕਾਕਰੋਚ ਜਨਤਾ ਪਾਰਟੀ ਦੇ ਮੁਖੀ ਅਭਿਜੀਤ ਦੀਪਕੇ ਸੋਮਵਾਰ ਨੂੰ ਜੈਪੁਰ ਦੇ ਸ਼ਹੀਦ ਸਮਾਰਕ ‘ਤੇ NEET ਪੇਪਰ ਲੀਕ, ਬੇਰੁਜ਼ਗਾਰੀ ਤੇ ਸਿੱਖਿਆ ਸੁਧਾਰਾਂ ਸਮੇਤ ਕਈ ਮੁੱਦਿਆਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸੇ ਦੌਰਾਨ ਅਚਾਨਕ ਇਕ ਜਾਣੋ-ਅਣਜਾਣ ਸ਼ਖਸ ਨੇ ਉਨ੍ਹਾਂ ਕੋਲ ਆ ਕੇ ਉਨ੍ਹਾਂ ਦੇ ਚਿਹਰੇ ‘ਤੇ ਥੱਪੜ ਮਾਰ ਦਿੱਤੇ। ਘਟਨਾ ਵਾਪਰਦੇ ਹੀ ਮੌਕੇ ‘ਤੇ ਹਫੜਾ-ਦਫੜੀ ਮੱਚ ਗਈ।
ਥੱਪੜ ਮਾਰਨ ਦੀ ਵਾਰਦਾਤ ਮਗਰੋਂ ਪੁਲੀਸ ਨੇ ਸਥਾਨਕ ਨੌਜਵਾਨਾਂ ਨੂੰ ਸ਼ੱਕੀ ਆਧਾਰ ‘ਤੇ ਹਿਰਾਸਤ ਵਿੱਚ ਲੈ ਲਿਆ। ਪੁਲੀਸ ਅਧਿਕਾਰੀਆਂ ਅਨੁਸਾਰ ਫਿਲਹਾਲ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਲੋੜੀਂਦੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। ਪੁਲੀਸ ਨੇ ਸਥਿਤੀ ‘ਤੇ ਕਾਬੂ ਪਾਉਂਦਿਆਂ ਪ੍ਰਦਰਸ਼ਨਕਾਰੀਆਂ ਨੂੰ ਸਮਾਰਕ ਅਹਾਤੇ ਤੋਂ ਬਾਹਰ ਕੱਢ ਦਿੱਤਾ।
ਸੀ.ਜੇ.ਪੀ. ਦੇ ਰਾਸ਼ਟਰੀ ਬੁਲਾਰੇ ਆਸ਼ੁਤੋਸ਼ ਰਾਂਕਾ ਨੇ ਦੱਸਿਆ ਕਿ ਪਾਰਟੀ ਲੰਬੇ ਸਮੇਂ ਤੋਂ ਵਿਦਿਆਰਥੀਆਂ ਤੇ ਨੌਜਵਾਨਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਵਾਜ਼ ਬੁਲੰਦ ਕਰ ਰਹੀ ਹੈ। ਇਸ ਪ੍ਰਦਰਸ਼ਨ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਵਿਆਪਕ ਸੁਧਾਰ, NEET ਪੇਪਰ ਲੀਕ ਮਾਮਲੇ ਵਿੱਚ ਕੇਂਦਰੀ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਸਮੇਤ ਹੋਰ ਕਈ ਮੰਗਾਂ ਰੱਖੀਆਂ ਗਈਆਂ ਸਨ।
ਅਭਿਜੀਤ ਦੀਪਕੇ ਐਤਵਾਰ ਰਾਤ ਨੂੰ ਹੀ ਜੈਪੁਰ ਪੁੱਜੇ ਸਨ। ਜੈਪੁਰ ਪੁਲੀਸ ਨੇ ਪ੍ਰਦਰਸ਼ਨ ਲਈ ਲਿਖਤੀ ਇਜਾਜ਼ਤ ਦਿੱਤੀ ਸੀ, ਜਿਸ ਵਿੱਚ 800 ਤੋਂ ਵੱਧ ਲੋਕਾਂ ਦੇ ਇਕੱਠੇ ਹੋਣ ‘ਤੇ ਪਾਬੰਦੀ ਸੀ। ਨਾਲ ਹੀ ਪ੍ਰਦਰਸ਼ਨਕਾਰੀਆਂ ਨੂੰ ਆਵਾਜਾਈ ਅਤੇ ਕਾਨੂੰਨ-ਵਿਵਸਥਾ ਨੂੰ ਪ੍ਰਭਾਵਿਤ ਨਾ ਕਰਨ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਸਨ।
ਪਾਰਟੀ ਵੱਲੋਂ ਇਸ ਤੋਂ ਪਹਿਲਾਂ ਵੀ ਦਿੱਲੀ, ਪੁਣੇ, ਲਖਨਊ, ਅੰਮ੍ਰਿਤਸਰ, ਬੈਂਗਲੁਰੂ ਅਤੇ ਹੈਦਰਾਬਾਦ ਸਮੇਤ ਕਈ ਸ਼ਹਿਰਾਂ ਵਿੱਚ ਸਿੱਖਿਆ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰ ਚੁੱਕੀ ਹੈ।