ਨਾਗਾਲੈਂਡ ਦੇ ਚੁਮੌਕੇਦੀਮਾ ਜ਼ਿਲ੍ਹੇ 'ਚ ਇੱਕ ਵੱਡੀ ਅੱਤਵਾਦੀ ਵਾਰਦਾਤ ਵਾਪਰੀ ਹੈ। ਸੋਮਵਾਰ ਨੂੰ ਸ਼ੋਖੁਵੀ-ਚੁਮੌਕੇਦੀਮਾ ਰੋਡ 'ਤੇ ਤਾਇਨਾਤ ਅਸਾਮ ਰਾਈਫਲਜ਼ ਦੇ ਜਵਾਨ ਰੁਟੀਨ ਗਤੀਵਿਧੀ ਤਹਿਤ ਜਾ ਰਹੇ ਸਨ। ਇਸ ਦੌਰਾਨ ਸੜਕ ਕਿਨਾਰੇ ਪਹਿਲਾਂ ਤੋਂ ਲਗਾਏ ਗਏ IED 'ਚ ਜ਼ੋਰਦਾਰ ਧਮਾਕਾ ਹੋਇਆ, ਜਿਸ ਦੀ ਲਪੇਟ 'ਚ ਜਵਾਨਾਂ ਦਾ ਕਾਫ਼ਲਾ ਆ ਗਿਆ।
ਇਸ ਘਮਾਕੇ 'ਚ ਅਸਾਮ ਰਾਈਫਲਜ਼ ਦਾ ਇੱਕ ਜਵਾਨ ਸ਼ਹੀਦ ਹੋ ਗਿਆ, ਜਦਕਿ ਚਾਰ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਹਨ। ਜ਼ਖ਼ਮੀ ਜਵਾਨਾਂ ਨੂੰ ਤੁਰੰਤ ਨਜ਼ਦੀਕੀ ਸਿਹਤ ਕੇਂਦਰ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਜਾਰੀ ਹੈ। ਸੂਤਰਾਂ ਮੁਤਾਬਕ ਇਸ ਇਲਾਕੇ 'ਚ ਅਸਾਮ ਰਾਈਫਲਜ਼ ਦਾ ਇੱਕ ਵੱਡਾ ਟ੍ਰੇਨਿੰਗ ਸੈਂਟਰ ਵੀ ਸਥਿਤ ਹੈ।
ਧਮਾਕੇ ਦੀ ਸੂਚਨਾ ਮਿਲਦੇ ਹੀ ਸੁਰੱਖਿਆ ਬਲਾਂ ਦੀਆਂ ਜਥੇਬੰਦੀਆਂ ਮੌਕੇ 'ਤੇ ਪਹੁੰਚ ਗਈਆਂ ਅਤੇ ਪੂਰੇ ਇਲਾਕੇ ਨੂੰ ਘੇਰੇ 'ਚ ਲੈ ਲਿਆ। ਇਸ ਤੋਂ ਬਾਅਦ ਸੁਰੱਖਿਆ ਬਲਾਂ ਨੇ ਆਸ-ਪਾਸ ਦੇ ਜੰਗਲੀ ਇਲਾਕਿਆਂ 'ਚ ਵੱਡੇ ਪੱਧਰ 'ਤੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ, ਤਾਂ ਜੋ ਹਮਲੇ ਦੇ ਯੋਜਨਾਕਾਰਾਂ ਅਤੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਸਕੇ। ਹਾਲਾਂਕਿ, ਹੁਣ ਤੱਕ ਕਿਸੇ ਵੀ ਅੱਤਵਾਦੀ ਗੁਟ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।
ਘਟਨਾ ਸਥਾਨ 'ਤੇ ਫੋਰੈਂਸਿਕ ਟੀਮਾਂ ਵੀ ਮੌਜੂਦ ਹਨ, ਜੋ ਧਮਾਕੇ ਦੇ ਕਾਰਨਾਂ ਅਤੇ ਇਸ ਦੀ ਪ੍ਰਕਿਰਤੀ ਦੀ ਜਾਂਚ ਕਰ ਰਹੀਆਂ ਹਨ। ਖੁਫੀਆ ਏਜੰਸੀਆਂ ਨੇ ਵੀ ਅਲਰਟ ਜਾਰੀ ਕਰ ਦਿੱਤਾ ਹੈ ਅਤੇ ਇਲਾਕੇ 'ਚ ਲੋਕਾਂ ਨੂੰ ਸੁਚੇਤ ਰਹਿਣ ਦੀ ਹਦਾਇਤ ਕੀਤੀ ਗਈ ਹੈ। ਸੁਰੱਖਿਆ ਬਲਾਂ ਦੀਆਂ ਕਈ ਟੀਮਾਂ ਮੌਕੇ 'ਤੇ ਤਾਇਨਾਤ ਹਨ ਤੇ ਖੋਜ ਕਾਰਜ ਲਗਾਤਾਰ ਜਾਰੀ ਹੈ।