menu-icon
Punjabi Story Line
  • Home
  • News
  • National
  • ਬੰਬੇ ਹਾਈ ਕੋਰਟ ਨੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਤਰੁਣ ਤੇਜਪਾਲ ਨੂੰ ਠਹਿਰਾਇਆ ਦੋਸ਼ੀ

ਬੰਬੇ ਹਾਈ ਕੋਰਟ ਨੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਤਰੁਣ ਤੇਜਪਾਲ ਨੂੰ ਠਹਿਰਾਇਆ ਦੋਸ਼ੀ

ਜਿਨਸੀ ਸ਼ੋਸ਼ਣ ਮਾਮਲੇ ਵਿੱਚ ਤਰੁਣ ਤੇਜਪਾਲ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਬੰਬੇ ਹਾਈ ਕੋਰਟ ਨੇ 2013 ਦੇ ਮਾਮਲੇ ਵਿੱਚ ਤਰੁਣ ਨੂੰ ਦੋਸ਼ੀ ਠਹਿਰਾਇਆ।

Date Updated Last Updated : 06 August 2026, 11:26 AM IST
Share:

ਨਵੀਂ ਦਿੱਲੀ: ਜਿਨਸੀ ਸ਼ੋਸ਼ਣ ਮਾਮਲੇ ਵਿੱਚ ਪੱਤਰਕਾਰ ਅਤੇ ਸਾਬਕਾ ਸੰਪਾਦਕ ਤਰੁਣ ਤੇਜਪਾਲ ਨੂੰ ਵੱਡਾ ਝਟਕਾ ਲੱਗਾ ਹੈ। ਬੰਬੇ ਹਾਈ ਕੋਰਟ ਨੇ 2013 ਦੇ ਰੇਪ ਕੇਸ ਵਿੱਚ ਤਰੁਣ ਨੂੰ ਦੋਸ਼ੀ ਠਹਿਰਾਇਆ ਅਤੇ ਗੋਆ ਦੀ ਹੇਠਲੀ ਅਦਾਲਤ ਦੇ 2021 ਦੇ ਫੈਸਲੇ ਨੂੰ ਰੱਦ ਕਰ ਦਿੱਤਾ ਜਿਸਨੇ ਉਸਨੂੰ ਬਰੀ ਕਰ ਦਿੱਤਾ ਸੀ। ਅਦਾਲਤ ਵਿੱਚ ਤਰੁਣ ਨੂੰ ਦੁਪਿਹਰ 2:30 ਵਜੇ ਸਜ਼ਾ ਸੁਣਾਈ ਜਾਵੇਗੀ।

ਬੰਬੇ ਹਾਈ ਕੋਰਟ ਵਿੱਚ ਜਸਟਿਸ ਡਾ. ਨੀਲਾ ਗੋਖਲੇ ਅਤੇ ਅਮਿਤ ਜਾਮਸਾਂਡੇਕਰ ਦੇ ਬੈਂਚ ਨੇ ਤੇਜਪਾਲ ਨੂੰ ਦੋਸ਼ੀ ਠਹਿਰਾਇਆ ਹੈ।

ਤਰੁਣ ਤੇਜਪਾਲ 'ਤੇ ਲੱਗੇ ਸਨ ਦੋਸ਼ 

ਦਰਅਸਲ, ਇਹ ਮਾਮਲਾ 2013 ਵਿੱਚ ਗੋਆ ਵਿੱਚ ਹੋਏ ਇੱਕ ਪ੍ਰਸਿੱਧ ਸਮਾਗਮ ਦੌਰਾਨ ਵਾਪਰੀ ਘਟਨਾ ਨਾਲ ਜੁੜਿਆ ਹੋਇਆ ਹੈ। ਸ਼ਿਕਾਇਤਕਰਤਾ, ਜੋ ਉਸ ਸਮੇਂ ਤਰੁਣ ਤੇਜਪਾਲ ਨਾਲ ਕੰਮ ਕਰਦੀ ਇੱਕ ਨੌਜਵਾਨ ਸਹਿਕਰਮੀ ਸੀ ਨੇ ਦੋਸ਼ ਲਗਾਇਆ ਸੀ ਕਿ ਇੱਕ ਹੋਟਲ ਦੀ ਲਿਫ਼ਟ ਵਿੱਚ ਉਸ ਨਾਲ ਜਬਰਦਸਤੀ ਅਤੇ ਜਿਣਸੀ ਸ਼ੋਸ਼ਣ ਕੀਤਾ ਗਿਆ।

ਟ੍ਰਾਇਲ ਕੋਰਟ ਨੇ ਕੀਤਾ ਸੀ ਬਰੀ

ਮਈ 2021 ਵਿੱਚ ਗੋਆ ਦੀ ਸੈਸ਼ਨ ਅਦਾਲਤ ਨੇ ਤਰੁਣ ਤੇਜਪਾਲ ਨੂੰ ਬਰੀ ਕਰ ਦਿੱਤਾ ਸੀ। ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ ਕਿ ਪੇਸ਼ ਕੀਤੇ ਗਏ ਸਬੂਤ ਦੋਸ਼ ਸਾਬਤ ਕਰਨ ਲਈ ਕਾਫ਼ੀ ਨਹੀਂ ਹਨ।


ਹਾਈ ਕੋਰਟ ਨੇ ਪਲਟਿਆ ਟ੍ਰਾਇਲ ਕੋਰਟ ਦਾ ਫ਼ੈਸਲਾ 

ਮਾਮਲੇ ਦੀ ਸੁਣਵਾਈ ਦੌਰਾਨ ਗੋਆ ਸਰਕਾਰ ਵੱਲੋਂ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦਲੀਲ ਦਿੱਤੀ ਕਿ ਟ੍ਰਾਇਲ ਕੋਰਟ ਨੇ ਸ਼ਿਕਾਇਤਕਰਤਾ ਦੇ ਵਿਹਾਰ ਦਾ ਮੁਲਾਂਕਣ ਪੁਰਾਣੀਆਂ ਧਾਰਣਾਵਾਂ ਅਤੇ ਸਟੀਰੀਓਟਾਈਪਸ ਦੇ ਆਧਾਰ 'ਤੇ ਕੀਤਾ, ਜੋ ਕਾਨੂੰਨੀ ਤੌਰ 'ਤੇ ਠੀਕ ਨਹੀਂ ਸੀ। ਉਨ੍ਹਾਂ ਨੇ ਕਿਹਾ ਕਿ ਜਿਨਸੀ ਸ਼ੋਸ਼ਣ ਦੀ ਸ਼ਿਕਾਰ ਹਰ ਔਰਤ ਦੀ ਪ੍ਰਤੀਕਿਰਿਆ ਵੱਖ-ਵੱਖ ਹੋ ਸਕਦੀ ਹੈ ਅਤੇ ਇਸ ਲਈ ਕੋਈ ਇੱਕ ਨਿਰਧਾਰਤ ਮਾਪਦੰਡ ਨਹੀਂ ਬਣਾਇਆ ਜਾ ਸਕਦਾ। ਕਿਸੇ ਵੀ ਪੀੜਤਾ ਦੇ ਵਿਹਾਰ ਨੂੰ ਉਸਦੀ ਸਿੱਖਿਆ, ਸਮਾਜਿਕ ਪਿਛੋਕੜ, ਵਿਅਕਤੀਗਤ ਸੁਭਾਅ ਅਤੇ ਹਾਲਾਤਾਂ ਦੇ ਸੰਦਰਭ ਵਿੱਚ ਹੀ ਦੇਖਿਆ ਜਾਣਾ ਚਾਹੀਦਾ ਹੈ।

ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਟ੍ਰਾਇਲ ਕੋਰਟ ਦੇ ਫ਼ੈਸਲੇ ਨੂੰ ਪਲਟਿਆਂ ਤਰੁਣ ਤੇਜਪਾਲ ਨੂੰ ਦੋਸ਼ੀ ਕਰਾਰ ਦਿੱਤਾ।


ਦੋਸ਼ ਸਾਬਤ ਹੋਣ ਤੋਂ ਬਾਅਦ ਹੁਣ ਸਭ ਦੀ ਨਜ਼ਰ ਅਦਾਲਤ ਵੱਲੋਂ ਸੁਣਾਈ ਜਾਣ ਵਾਲੀ ਸਜ਼ਾ 'ਤੇ ਟਿਕੀ ਹੋਈ ਹੈ।

Recent News