Courtesy: pinterest
ਨਸਰਾਪੁਰ : ਮਹਾਰਾਸ਼ਟਰ ਦੇ ਪੂਣੇ ਜ਼ਿਲੇ ਦੇ ਨਸਰਾਪੁਰ 'ਚ ਚਾਰ ਸਾਲ ਦੀ ਬੱਚੀ ਨਾਲ ਬਲਾਤਕਾਰ ਤੇ ਬਾਅਦ 'ਚ ਉਸਦੀ ਬੇਰਹਮੀ ਨਾਲ ਹੱਤਿਆ ਕਰਨ ਵਾਲੇ ਦੋਸ਼ੀ ਖ਼ਿਲਾਫ ਕੋਰਟ ਨੇ ਸਖ਼ਤ ਐਕਸ਼ਨ ਲਿਆ ਹੈ। ਕੋਰਟ ਨੇ ਬੱਚੀ ਦੇ ਦੋਸ਼ੀ ਭੀਮਰਾਵ ਕਾਂਬਲੇ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਫੈਸਲਾ ਸੁਣਾਉਂਦਿਆਂ ਕਿਹਾ ਕਿ 65 ਸਾਲਾ ਵਿਨੋਦ ਕਾਂਬਲੇ ਨੂੰ ਫਾਂਸੀ ਤੇ ਚੜ੍ਹਾਇਆ ਜਾਵੇ।
ਫੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਇਸ ਮਾਮਲੇ ਨੂੰ ਬਹੁਤ ਹੀ ਘਟੀਆ ਅਤੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲਾ ਕਰਾਰ ਦਿੱਤਾ। ਅਦਾਲਤ ਨੇ ਕਿਹਾ ਕਿ ਅਜਿਹੇ ਅਪਰਾਧ ਲਈ ਉਮਰ ਕੈਦ ਵੀ ਕਾਫ਼ੀ ਨਹੀਂ, ਅਤੇ ਭਾਵੇਂ ਫਾਂਸੀ ਸਭ ਤੋਂ ਸਖ਼ਤ ਸਜ਼ਾ ਹੈ, ਪਰ ਇਸ ਤੋਂ ਵੱਧ ਸਜ਼ਾ ਦੇਣ ਦਾ ਕੋਈ ਕਾਨੂੰਨੀ ਪ੍ਰਬੰਧ ਨਹੀਂ ਹੈ।
ਇਸ ਮਾਮਲੇ ਦੀ ਸੁਣਵਾਈ ਸਪੈਸ਼ਲ ਫਾਸਟ ਟਰੈਕ ਕੋਰਟ ਦੇ ਜੱਜ ਐਸ. ਆਰ. ਸਾਲੁੰਕੇ ਨੇ ਕੀਤੀ। ਸੋਮਵਾਰ (29 ਜੂਨ) ਨੂੰ ਸਜ਼ਾ ਦਾ ਐਲਾਨ ਕੀਤਾ ਗਿਆ। ਫੈਸਲੇ ਵੇਲੇ ਪੀੜਤ ਬੱਚੀ ਦੇ ਪਰਿਵਾਰਕ ਮੈਂਬਰ ਵੀ ਅਦਾਲਤ ਵਿੱਚ ਮੌਜੂਦ ਸਨ।
ਦੱਸ ਦੇਈਏ ਇਹ ਮਾਮਲਾ ਮਈ ਵਿੱਚ ਸਾਹਮਣੇ ਆਇਆ ਸੀ, ਜਦੋਂ ਪੂਣੇ ਜ਼ਿਲ੍ਹੇ ਦੇ ਭੋਰ ਤਹਿਸੀਲ ਦੇ ਨਸਰਾਪੁਰ ਇਲਾਕੇ ਵਿੱਚ 65 ਸਾਲਾ ਭੀਮਰਾਓ ਕਾਂਬਲੇ ਨੇ ਚਾਰ ਸਾਲ ਦੀ ਬੱਚੀ ਨਾਲ ਜਬਰ-ਜਨਾਹ ਕੀਤਾ ਅਤੇ ਬਾਅਦ ਵਿੱਚ ਉਸ ਦੀ ਹੱਤਿਆ ਕਰ ਦਿੱਤੀ।
ਪੁਲਿਸ ਨੇ ਜਾਂਚ ਤੇਜ਼ੀ ਨਾਲ ਪੂਰੀ ਕਰਕੇ ਮਾਮਲਾ ਅਦਾਲਤ ਵਿੱਚ ਪੇਸ਼ ਕੀਤਾ। 25 ਜੂਨ ਨੂੰ ਅਦਾਲਤ ਨੇ ਦੋਸ਼ੀ ਨੂੰ ਕਸੂਰਵਾਰ ਕਰਾਰ ਦਿੱਤਾ ਸੀ ਅਤੇ ਸਜ਼ਾ 'ਤੇ ਫੈਸਲਾ 29 ਜੂਨ ਲਈ ਰੱਖਿਆ ਗਿਆ ਸੀ। ਹੁਣ ਅਦਾਲਤ ਨੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਉਂਦਿਆਂ ਸਖ਼ਤ ਸੰਦੇਸ਼ ਦਿੱਤਾ ਹੈ ਕਿ ਮਾਸੂਮ ਬੱਚਿਆਂ ਨਾਲ ਅਜਿਹੇ ਘਿਨਾਉਣੇ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਇਹ ਮਾਮਲਾ ਹੁਣ ਤੱਕ ਤੇਜ਼ ਨਿਆਂ ਦੀ ਇੱਕ ਮਹੱਤਵਪੂਰਨ ਮਿਸਾਲ ਬਣਿਆ ਹੈ, ਕਿਉਂਕਿ ਗ੍ਰਿਫ਼ਤਾਰੀ ਤੋਂ ਲੈ ਕੇ ਦੋਸ਼ੀ ਨੂੰ ਸਜ਼ਾ ਸੁਣਾਏ ਜਾਣ ਤੱਕ ਦੀ ਪੂਰੀ ਕਾਰਵਾਈ ਕਰੀਬ ਇੱਕ ਮਹੀਨੇ ਦੇ ਅੰਦਰ ਪੂਰੀ ਹੋ ਗਈ।