Courtesy: X@ArvindKejriwal
ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵੱਲੋਂ ਈ-20 ਪੈਟਰੋਲ ਨੀਤੀ ਦੇ ਵਿਰੋਧ ਵਿੱਚ ਪ੍ਰਧਾਨ ਮੰਤਰੀ ਨਿਵਾਸ ਵੱਲ ਕੱਢੇ ਜਾਣ ਵਾਲੇ ਪ੍ਰਸਤਾਵਿਤ ਮਾਰਚ ਤੋਂ ਲਗਭਗ ਅੱਧਾ ਘੰਟਾ ਪਹਿਲਾਂ ਹੀ ਦਿੱਲੀ ਪੁਲਿਸ ਨੇ ਉਨ੍ਹਾਂ ਦੇ ਦਫ਼ਤਰ ਨੂੰ ਘੇਰ ਲਿਆ। ਮੌਕੇ 'ਤੇ ਦਿੱਲੀ ਪੁਲਿਸ ਅਤੇ ਸੀਆਰਪੀਐਫ ਦੇ ਜਵਾਨ ਵੱਡੀ ਗਿਣਤੀ ਵਿੱਚ ਤਾਇਨਾਤ ਕੀਤੇ ਗਏ, ਜਦਕਿ ਫਿਰੋਜ਼ਸ਼ਾਹ ਰੋਡ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।
ਦਿੱਲੀ ਪੁਲਿਸ ਨੇ ਕਿਹਾ ਪ੍ਰਧਾਨ ਮੰਤਰੀ ਨਿਵਾਸ ਵੱਲ ਮਾਰਚ ਦੀ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ। ਪੁਲਿਸ ਅਧਿਕਾਰੀਆਂ ਦੇ ਅਨੁਸਾਰ ਨਾ ਤਾਂ ਅਰਵਿੰਦ ਕੇਜਰੀਵਾਲ ਅਤੇ ਨਾ ਹੀ ਆਮ ਆਦਮੀ ਪਾਰਟੀ ਵੱਲੋਂ ਲਗਭਗ 100 ਲੋਕਾਂ ਦੀ ਇਸ ਯਾਤਰਾ ਲਈ ਕੋਈ ਇਜਾਜ਼ਤ ਮੰਗੀ ਗਈ ਸੀ।
ਅਧਿਕਾਰੀਆਂ ਨੇ ਇਹ ਵੀ ਨੋਟ ਕੀਤਾ ਕਿਰਾਸ਼ਟਰੀ ਰਾਜਧਾਨੀ ਵਿੱਚ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS) ਦੀ ਧਾਰਾ 163 ਲਾਗੂ ਹੈ, ਜੋ ਪ੍ਰਧਾਨ ਮੰਤਰੀ ਦੇ ਨਿਵਾਸ ਵੱਲ ਕਿਸੇ ਵੀ ਜਲੂਸ ਜਾਂ ਮਾਰਚ 'ਤੇ ਪਾਬੰਦੀ ਲਗਾਉਂਦੀ ਹੈ। ਇਸੇ ਕਾਰਨ ਯਾਤਰਾ ਨੂੰ ਅੱਗੇ ਨਹੀਂ ਵਧਣ ਦਿੱਤਾ ਗਿਆ।
ਅਰਵਿੰਦ ਕੇਜਰੀਵਾਲ ਦਾ ਕਾਫ਼ਲਾ ਜਦੋਂ ਫਿਰੋਜ਼ਸ਼ਾਹ ਰੋਡ 'ਤੇ ਪਹੁੰਚਿਆ ਤਾਂ ਪੁਲਿਸ ਨੇ ਉੱਥੇ ਹੀ ਰੋਕ ਲਿਆ। ਪੁਲਿਸ ਵੱਲੋਂ ਮਨਾਂ ਕੀਤੇ ਜਾਣ 'ਤੇ ਆਮ ਆਦਮੀ ਪਾਰਟੀ ਦੇ ਸਮਰਥਕ ਸੜਕ 'ਤੇ ਹੀ ਬੈਠ ਗਏ ਅਤੇ ਧਰਨਾ ਸ਼ੁਰੂ ਕਰ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਈ-20 ਪੈਟਰੋਲ ਦਾ ਮੁੱਦਾ ਬਹੁਤ ਗੰਭੀਰ ਹੈ ਅਤੇ ਇਸ ਲਈ ਵੱਡੇ ਪੱਧਰ ਦਾ ਜਨ ਅੰਦੋਲਨ ਕਰਨਾ ਪਵੇਗਾ। ਕੇਂਦਰ ਸਰਕਾਰ ਇਸ ਮਾਮਲੇ 'ਤੇ ਦਬਾਅ ਹੇਠ ਕੰਮ ਕਰ ਰਹੀ ਹੈ ਅਤੇ ਆਸਾਨੀ ਨਾਲ ਆਪਣਾ ਫ਼ੈਸਲਾ ਨਹੀਂ ਬਦਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਨਿਵਾਸ ਤੱਕ ਜਾਣ ਤੋਂ ਰੋਕ ਦਿੱਤਾ ਹੈ।
ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਦੇ ਸਮਰਥਕਾਂ ਵੱਲੋਂ ਇਕੱਠੇ ਕੀਤੇ ਗਏ ਲੱਖਾਂ ਲੋਕਾਂ ਦੇ ਹਸਤਾਖਰਾਂ ਵਾਲੇ ਮੰਗ-ਪੱਤਰ ਨੂੰ ਦਿੱਲੀ ਪੁਲਿਸ ਦੀ ਗੱਡੀ ਰਾਹੀਂ ਅੱਗੇ ਭੇਜ ਦਿੱਤਾ ਗਿਆ ਹੈ। ਇਸ ਤੋਂ ਬਾਅਦ ਕਰੀਬ ਇੱਕ ਘੰਟੇ ਤੱਕ ਧਰਨਾ ਦੇਣ ਮਗਰੋਂ ਪ੍ਰਦਰਸ਼ਨ ਸਮਾਪਤ ਕਰ ਦਿੱਤਾ ਗਿਆ।
ਅਰਵਿੰਦ ਕੇਜਰੀਵਾਲ ਨੇ ਇਸ ਪ੍ਰਦਰਸ਼ਨ ਦੀ ਘੋਸ਼ਣਾ ਇੱਕ ਦਿਨ ਪਹਿਲਾਂ ਕੀਤੀ ਸੀ। ਉਨ੍ਹਾਂ ਕਿਹਾ ਸੀ ਕਿ ਉਹ ਈ-20 ਪੈਟਰੋਲ ਨੀਤੀ ਦਾ ਵਿਰੋਧ ਕਰਨ ਵਾਲੇ ਦੋ ਲੱਖ ਤੋਂ ਵੱਧ ਲੋਕਾਂ ਦੇ ਦਸਤਖ਼ਤਾਂ ਵਾਲੀ ਅਰਜ਼ੀ ਪ੍ਰਧਾਨ ਮੰਤਰੀ ਨੂੰ ਸੌਂਪਣਾ ਚਾਹੁੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੇਂਦਰ ਸਰਕਾਰ ਵਿਦੇਸ਼ੀ ਦਬਾਅ ਹੇਠ ਅਮਰੀਕਾ ਤੋਂ ਐਥਨੌਲ ਦੀ ਆਮਦ ਵਧਾਉਣ ਲਈ ਈ-20 ਈਂਧਨ ਨੂੰ ਉਤਸ਼ਾਹਿਤ ਕਰ ਰਹੀ ਹੈ। ਇਸ ਮਿਲਾਵਟੀ ਈਂਧਨ ਕਾਰਨ ਕਈ ਵਾਹਨਾਂ ਵਿੱਚ ਤਕਨੀਕੀ ਸਮੱਸਿਆਵਾਂ ਆ ਰਹੀਆਂ ਹਨ ਅਤੇ ਵਾਹਨ ਮਾਲਕਾਂ ਨੂੰ ਆਰਥਿਕ ਨੁਕਸਾਨ ਝੱਲਣਾ ਪੈ ਰਿਹਾ ਹੈ।
ਇਸ ਤੋਂ ਪਹਿਲਾਂ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਮੁਲਾਕਾਤ ਦੀ ਮੰਗ ਵੀ ਕੀਤੀ ਸੀ। ਨਾਲ ਹੀ ਉਨ੍ਹਾਂ ਇਹ ਸੁਝਾਅ ਦਿੱਤਾ ਸੀ ਕਿ ਈ-20 ਦੇ ਨਾਲ-ਨਾਲ ਆਮ ਪੈਟਰੋਲ ਵੀ ਘੱਟ ਕੀਮਤ 'ਤੇ ਉਪਲਬਧ ਕਰਵਾਇਆ ਜਾਵੇ, ਤਾਂ ਜੋ ਲੋਕਾਂ ਕੋਲ ਆਪਣੀ ਪਸੰਦ ਦਾ ਵਿਕਲਪ ਹੋਵੇ।