ਨਵੀਂ ਦਿੱਲੀ: ਈਰਾਨ ਨਾਲ ਚੱਲ ਰਹੇ ਤਣਾਅ ਦੇ ਦਰਮਿਆਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਭਾਰਤ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇਜ਼ਰਾਈਲ ਦਾ ਸਭ ਤੋਂ ਮਹੱਤਵਪੂਰਨ ਰਣਨੀਤਿਕ ਸਾਥੀ ਹੈ ਅਤੇ ਪੀਐਮ ਮੋਦੀ ਉਨ੍ਹਾਂ ਦੇ ਸਭ ਤੋਂ ਕਰੀਬੀ ਦੋਸਤਾਂ ਵਿੱਚੋਂ ਇੱਕ ਹਨ। ਇਜ਼ਰਾਈਲ ਪੀਐਮ ਨੇ ਇਹ ਵੀ ਕਿਹਾ ਕਿ ਭਾਰਤ ਵੱਲੋਂ ਇਜ਼ਰਾਈਲ ਨੂੰ ਮਿਲਣ ਵਾਲਾ ਸਮਰਥਨ ਬੇਹੱਦ ਮਹੱਤਵਪੂਰਨ ਅਤੇ ਹੌਸਲਾ ਵਧਾਉਣ ਵਾਲਾ ਹੈ।
ਸੋਮਵਾਰ ਨੂੰ ਵਿਦੇਸ਼ੀ ਸੰਬੰਧਾਂ ਬਾਰੇ ਗੱਲਬਾਤ ਕਰਦਿਆਂ ਨੇਤਨਯਾਹੂ ਨੇ ਕਿਹਾ ਕਿ ਇਜ਼ਰਾਈਲ ਲਗਾਤਾਰ ਨਵੇਂ ਅੰਤਰਰਾਸ਼ਟਰੀ ਭਾਈਵਾਲਾਂ ਨਾਲ ਆਪਣੇ ਰਿਸ਼ਤੇ ਮਜ਼ਬੂਤ ਕਰ ਰਿਹਾ ਹੈ। ਇਸ ਸੂਚੀ ਵਿੱਚ ਭਾਰਤ ਸਭ ਤੋਂ ਅਹਿਮ ਦੇਸ਼ਾਂ ਵਿੱਚ ਸ਼ਾਮਲ ਹੈ।
ਨੇਤਨਯਾਹੂ ਨੇ ਕਿਹਾ ਕਿ ਬਦਲਦੇ ਗਲੋਬਲ ਹਾਲਾਤਾਂ ਨੂੰ ਦੇਖਦੇ ਹੋਏ ਇਜ਼ਰਾਈਲ ਨੂੰ ਆਪਣੇ ਭਰੋਸੇਯੋਗ ਸਾਥੀਆਂ ਨਾਲ ਹੋਰ ਮਜ਼ਬੂਤ ਸਬੰਧ ਬਣਾਉਣ ਦੀ ਲੋੜ ਹੈ। ਇਸ ਲਈ ਉਨ੍ਹਾਂ ਦੀ ਸਰਕਾਰ ਭਾਰਤ ਨਾਲ ਰਣਨੀਤਿਕ ਸਹਿਯੋਗ ਨੂੰ ਹੋਰ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ।
ਨੇਤਨਯਾਹੂ ਨੇ ਉਹਨਾਂ ਦਾਵਿਆਂ ਨੂੰ ਵੀ ਨਕਾਰ ਦਿੱਤਾ ਜਿਨ੍ਹਾਂ ਵਿੱਚ ਕਿਹਾ ਜਾਂਦਾ ਹੈ ਕਿ ਇਜ਼ਰਾਈਲ ਅੰਤਰਰਾਸ਼ਟਰੀ ਪੱਧਰ 'ਤੇ ਇਕੱਲਾ ਪੈ ਗਿਆ ਹੈ। ਉਨ੍ਹਾਂ ਕਿਹਾ ਕਿ ਅਜਿਹੀਆਂ ਗੱਲਾਂ ਹਕੀਕਤ ਤੋਂ ਦੂਰ ਹਨ। ਉਨ੍ਹਾਂ ਮੁਤਾਬਕ, ਭਾਰਤ ਵੱਲੋਂ ਮਿਲਦਾ ਸਮਰਥਨ ਇਹ ਸਾਬਤ ਕਰਦਾ ਹੈ ਕਿ ਇਜ਼ਰਾਈਲ ਦੇ ਨਾਲ ਮਜ਼ਬੂਤ ਅਤੇ ਭਰੋਸੇਯੋਗ ਦੋਸਤ ਖੜ੍ਹੇ ਹਨ। ਭਾਰਤ ਨਾਲ ਇਜ਼ਰਾਈਲ ਦੇ ਰਿਸ਼ਤੇ ਸਿਰਫ਼ ਕੂਟਨੀਤਿਕ ਨਹੀਂ, ਸਗੋਂ ਆਪਸੀ ਭਰੋਸੇ ਅਤੇ ਸਹਿਯੋਗ 'ਤੇ ਆਧਾਰਿਤ ਹਨ।
ਭਾਰਤ ਅਤੇ ਇਜ਼ਰਾਈਲ ਵਿਚਕਾਰ ਪਿਛਲੇ ਕੁਝ ਸਾਲਾਂ ਦੌਰਾਨ ਰਿਸ਼ਤੇ ਕਾਫ਼ੀ ਮਜ਼ਬੂਤ ਹੋਏ ਹਨ। ਖ਼ਾਸ ਕਰਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੈਂਜਾਮਿਨ ਨੇਤਨਯਾਹੂ ਦੇ ਕਾਰਜਕਾਲ ਵਿੱਚ ਦੋਵਾਂ ਦੇਸ਼ਾਂ ਨੇ ਰੱਖਿਆ, ਵਪਾਰ, ਤਕਨਾਲੋਜੀ, ਖੇਤੀਬਾੜੀ, ਸਾਈਬਰ ਸੁਰੱਖਿਆ ਅਤੇ ਰਣਨੀਤਿਕ ਖੇਤਰਾਂ ਵਿੱਚ ਸਾਂਝ ਨੂੰ ਨਵੀਆਂ ਉਚਾਈਆਂ ਤੱਕ ਪਹੁੰਚਾਇਆ ਹੈ।
ਦੱਸ ਦੇਈਏ, ਸਾਲ 2018 ਵਿੱਚ ਬੈਂਜਾਮਿਨ ਨੇਤਨਯਾਹੂ ਨੇ ਭਾਰਤ ਦਾ ਦੌਰਾ ਕੀਤਾ ਸੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਕਾਰ ਕਈ ਮਹੱਤਵਪੂਰਨ ਸਮਝੌਤਿਆਂ 'ਤੇ ਦਸਤਖ਼ਤ ਹੋਏ ਸਨ। ਦੋਵਾਂ ਨੇਤਾਵਾਂ ਨੇ ਉਸ ਵੇਲੇ ਭਾਰਤ-ਇਜ਼ਰਾਈਲ ਸੰਬੰਧਾਂ ਨੂੰ ਇੱਕ ਵਿਸ਼ੇਸ਼ ਰਣਨੀਤਿਕ ਭਾਈਵਾਲੀ ਦਾ ਦਰਜਾ ਦਿੱਤਾ ਸੀ।
ਸਾਲ 2026 ਵਿੱਚ ਭਾਰਤ ਅਤੇ ਇਜ਼ਰਾਈਲ ਨੇ ਆਪਣੇ ਸਬੰਧਾਂ ਨੂੰ ਹੋਰ ਉੱਚੇ ਪੱਧਰ 'ਤੇ ਲੈ ਜਾਂਦੇ ਹੋਏ "ਇੰਡੀਆ-ਇਜ਼ਰਾਈਲ ਸਪੈਸ਼ਲ ਸਟ੍ਰੈਟੇਜਿਕ ਪਾਰਟਨਰਸ਼ਿਪ ਫਾਰ ਪੀਸ, ਇਨੋਵੇਸ਼ਨ ਐਂਡ ਪ੍ਰੋਸਪਰਿਟੀ" ਦੇ ਰੂਪ ਵਿੱਚ ਹੋਰ ਮਜ਼ਬੂਤ ਕੀਤਾ। ਇਸੇ ਸਾਲ ਫਰਵਰੀ ਮਹੀਨੇ ਵਿੱਚ ਪੀਐਮ ਮੋਦੀ ਨੇ ਇਜ਼ਰਾਈਲ ਦਾ ਦੌਰਾ ਕੀਤਾ ਸੀ। ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਨੇ ਆਰਟੀਫ਼ਿਸ਼ਲ ਇੰਟੈਲੀਜੈਂਸ (AI), ਰੱਖਿਆ, ਮਹੱਤਵਪੂਰਨ ਖਣਿਜ ਸਰੋਤਾਂ, ਵਪਾਰ, ਸਿੱਖਿਆ, ਸਿਹਤ ਅਤੇ ਰੁਜ਼ਗਾਰ ਵਰਗੇ ਕਈ ਖੇਤਰਾਂ ਵਿੱਚ ਸਹਿਯੋਗ ਵਧਾਉਣ 'ਤੇ ਸਹਿਮਤੀ ਜਤਾਈ ਸੀ।
ਇਸਤੋਂ ਪਹਿਲ ਵੀ ਨੇਤਨਯਾਹੂ ਕਈ ਮੌਕਿਆਂ 'ਤੇ ਭਾਰਤ ਦੀ ਤਾਰੀਫ਼ ਕਰ ਚੁੱਕੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਦੋਵਾਂ ਦੇਸ਼ਾਂ ਦੇ ਸੰਬੰਧ ਲਗਾਤਾਰ ਨਵੇਂ ਪੜਾਅ 'ਤੇ ਪਹੁੰਚ ਰਹੇ ਹਨ ਅਤੇ ਭਵਿੱਖ ਵਿੱਚ ਵੀ ਦੋਵੇਂ ਦੇਸ਼ ਕਈ ਮਹੱਤਵਪੂਰਨ ਖੇਤਰਾਂ ਵਿੱਚ ਮਿਲ ਕੇ ਕੰਮ ਕਰਦੇ ਰਹਿਣਗੇ।