Courtesy: ai image
ਨਵੀਂ ਦਿੱਲੀ: ਅਮਰੀਕਾ ਜਾਣ ਵਾਲੇ ਅਤੇ ਉੱਥੇ ਰਹਿ ਰਹੇ ਭਾਰਤੀ ਅਤੇ ਪੰਜਾਬੀ ਪ੍ਰਵਾਸੀਆਂ ਲਈ ਵੱਡੀ ਖ਼ਬਰ ਹੈ। ਉੱਥੇ ਰਹਿ ਰਹੇ ਪ੍ਰਵਾਸੀਆਂ ਨੂੰ ਲੈ ਕੇ ਲਈ ਇਮੀਗ੍ਰੇਸ਼ਨ ਨਿਯਮਾਂ ਅਤੇ ਸਖ਼ਤੀ ਨੂੰ ਲੈ ਕੇ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਮਰੀਕੀ ਇਮੀਗ੍ਰੇਸ਼ਨ ਵਕੀਲਾਂ ਨੇ ਐੱਚ-1ਬੀ (H-1B) ਵੀਜ਼ਾ ਧਾਰਕਾਂ ਸਮੇਤ ਸਾਰੇ ਪ੍ਰਵਾਸੀਆਂ ਨੂੰ ਦੇਸ਼ ਵਿੱਚ ਆਪਣੀ ਕਾਨੂੰਨੀ ਸਥਿਤੀ ਜਾਂ ਵੈਧ ਠਹਿਰਾਅ ਨਾਲ ਜੁੜੇ ਸਾਰੇ ਦਸਤਾਵੇਜ਼ ਹਰ ਸਮੇਂ ਆਪਣੇ ਨਾਲ ਰੱਖਣ ਦੀ ਸਲਾਹ ਦਿੱਤੀ ਹੈ। ਇਹ ਫੈਸਲਾ ਅਮਰੀਕਾ ਦੀਆਂ ਘਰੇਲੂ ਉਡਾਣਾਂ ਜਾਂ ਹੋਰ ਸਾਧਨਾਂ ਰਾਹੀਂ ਯਾਤਰਾ ਕਰਨ ਵਾਲੇ ਗ਼ੈਰ-ਨਾਗਰਿਕਾਂ ਨੂੰ DHS ਵੱਲੋਂ ਹਿਰਾਸਤ ਵਿੱਚ ਲਏ ਜਾਣ ਦੀਆਂ ਘਟਨਾਵਾਂ ਤੋਂ ਬਾਅਦ ਲਿਆ ਗਿਆ ਹੈ।
ਅਮੈਰੀਕਨ ਇਮੀਗ੍ਰੇਸ਼ਨ ਲਾਇਰਜ਼ ਐਸੋਸੀਏਸ਼ਨ (AILA) ਮੁਤਾਬਕ, ਅਜਿਹੀਆਂ ਘਟਨਾਵਾਂ ਅਮਰੀਕਾ ਦੇ ਕਈ ਰਾਜਾਂ ਜਿਵੇਂ ਕੈਲੀਫੋਰਨੀਆ, ਕੋਲੋਰਾਡੋ, ਫਲੋਰੀਡਾ, ਇਲੀਨੋਇਸ, ਕੰਸਾਸ, ਮਿਸ਼ੀਗਨ, ਨਿਊ ਜਰਸੀ, ਟੈਕਸਾਸ ਅਤੇ ਵਰਜੀਨੀਆ ਵਿੱਚ ਵਾਪਰੀਆਂ। ਇਨ੍ਹਾਂ ਮਾਮਲਿਆਂ ਨੇ ਉੱਥੇ ਰਹਿ ਰਹੇ ਪ੍ਰਵਾਸੀ ਭਾਈਚਾਰੇ ਵਿੱਚ ਚਿੰਤਾ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਜਿਨ੍ਹਾਂ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ, ਉਨ੍ਹਾਂ ਵਿੱਚੋਂ ਕਈਆਂ ਦਾ ਕੋਈ ਵੀ ਅਪਰਾਧਿਕ ਰਿਕਾਰਡ ਨਹੀਂ ਸੀ। ਕਈ ਅਜਿਹੇ ਵਿਅਕਤੀ ਵੀ ਸਨ ਜੋ ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਰਹਿ ਰਹੇ ਸਨ ਅਤੇ ਜਿਨ੍ਹਾਂ ਦੇ ਗ੍ਰੀਨ ਕਾਰਡ ਜਾਂ ਸ਼ਰਨ ਨਾਲ ਸਬੰਧਤ ਅਰਜ਼ੀਆਂ ਪ੍ਰਕਿਰਿਆ ਅਧੀਨ ਸਨ। ਕੁਝ ਲੋਕਾਂ ਕੋਲ DHS ਵੱਲੋਂ ਜਾਰੀ ਕੀਤਾ ਗਿਆ ਵਰਕ ਪਰਮਿਟ ਵੀ ਮੌਜੂਦ ਸੀ।
ਹਾਲਾਂਕਿ ਇਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ EAD ਸਿਰਫ਼ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ। ਇਹ ਆਪਣੇ ਆਪ ਵਿੱਚ ਅਮਰੀਕਾ ਵਿੱਚ ਕਾਨੂੰਨੀ ਤੌਰ 'ਤੇ ਰਹਿਣ ਦਾ ਸਥਾਈ ਦਰਜਾ ਨਹੀਂ ਮੰਨਿਆ ਜਾਂਦਾ।
ਇਮੀਗ੍ਰੇਸ਼ਨ ਮਾਹਿਰਾਂ ਨੇ ਸਲਾਹ ਦਿੱਤੀ ਹੈ ਕਿ ਅਮਰੀਕਾ ਦੇ ਅੰਦਰ ਯਾਤਰਾ ਕਰਦੇ ਸਮੇਂ ਹੇਠ ਲਿਖੇ ਦਸਤਾਵੇਜ਼ ਆਪਣੇ ਨਾਲ ਰੱਖਣ
ਵੈਧ ਪਾਸਪੋਰਟ
ਸਭ ਤੋਂ ਨਵਾਂ Form I-94
ਗ੍ਰੀਨ ਕਾਰਡ (ਜੇਕਰ ਲਾਗੂ ਹੁੰਦਾ ਹੋਵੇ)
ਇਮੀਗ੍ਰੇਸ਼ਨ ਅਰਜ਼ੀਆਂ ਨਾਲ ਸਬੰਧਤ ਰਸੀਦਾਂ
ਵਰਕ ਪਰਮਿਟ (EAD) ਕਾਰਡ
ਮੌਜੂਦਾ ਨੌਕਰੀ ਨਾਲ ਸਬੰਧਤ ਦਸਤਾਵੇਜ਼ ਜਾਂ ਰੁਜ਼ਗਾਰ ਦਾ ਸਬੂਤ
ਅਮਰੀਕਾ ਵਿੱਚ H-1B ਵੀਜ਼ਾ 'ਤੇ ਕੰਮ ਕਰਨ ਵਾਲਿਆਂ ਵਿੱਚ ਵੱਡੀ ਗਿਣਤੀ ਭਾਰਤੀ ਪੇਸ਼ੇਵਰਾਂ ਦੀ ਹੈ। ਜਦੋਂ ਕੋਈ ਕੰਪਨੀ ਆਪਣੇ ਕਰਮਚਾਰੀ ਲਈ ਗ੍ਰੀਨ ਕਾਰਡ ਦੀ ਪ੍ਰਕਿਰਿਆ ਸ਼ੁਰੂ ਕਰਦੀ ਹੈ ਅਤੇ ਵੀਜ਼ਾ ਨੰਬਰ ਉਪਲਬਧ ਹੋ ਜਾਂਦਾ ਹੈ ਤਾਂ ਕਰਮਚਾਰੀ Form I-485 ਦਾਖ਼ਲ ਕਰਦਾ ਹੈ।
ਇਸ ਦੌਰਾਨ ਕਰਮਚਾਰੀ ਕੋਲ ਆਮ ਤੌਰ 'ਤੇ ਦੋ ਵਿਕਲਪ ਹੁੰਦੇ ਹਨ। ਪਹਿਲਾ, ਉਹ ਆਪਣਾ H-1B ਵੀਜ਼ਾ ਸਮੇਂ-ਸਮੇਂ 'ਤੇ ਨਵੀਨਕਰਣ ਕਰਵਾਉਂਦਾ ਰਹੇ। ਦੂਜਾ, ਉਹ H-1B ਸਟੇਟਸ ਛੱਡ ਕੇ ਸਿਰਫ਼ I-485 ਦੀ ਲੰਬਿਤ ਅਰਜ਼ੀ ਅਤੇ EAD ਦੇ ਆਧਾਰ 'ਤੇ ਕੰਮ ਕਰੇ।
ਜੇਕਰ ਇਮੀਗ੍ਰੇਸ਼ਨ ਅਧਿਕਾਰੀ (USCIS) ਬਾਅਦ ਵਿੱਚ ਗ੍ਰੀਨ ਕਾਰਡ ਦੀ ਅਰਜ਼ੀ ਨੂੰ ਰੱਦ ਕਰ ਦਿੰਦੇ ਹਨ, ਤਾਂ ਇੱਕ ਵਿਅਕਤੀ ਜੋ ਵੈਧ H-1B ਦਰਜਾ ਬਣਾਈ ਰੱਖਦਾ ਹੈ, ਕਾਨੂੰਨੀ ਤੌਰ 'ਤੇ ਆਪਣੀ ਸਪਾਂਸਰਿੰਗ ਕੰਪਨੀ ਨਾਲ ਅਮਰੀਕਾ ਵਿੱਚ ਰਹਿਣਾ ਅਤੇ ਕੰਮ ਕਰਨਾ ਜਾਰੀ ਰੱਖ ਸਕਦਾ ਹੈ।
ਪ੍ਰਮੁੱਖ ਇਮੀਗ੍ਰੇਸ਼ਨ ਵਕੀਲ ਸਾਇਰਸ ਡੀ. ਮਹਿਤਾ ਦੇ ਅਨੁਸਾਰ, ਜੇਕਰ H-1B ਦਰਜੇ ਦੀ ਮਿਆਦ ਖਤਮ ਹੋ ਗਈ ਹੈ ਅਤੇ ਸਿਰਫ਼ ਇੱਕ ਸਮਾਯੋਜਨ ਅਰਜ਼ੀ ਲੰਬਿਤ ਹੈ, ਤਾਂ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਹੈ ਅਤੇ ਦੇਸ਼ ਨਿਕਾਲੇ ਦੀ ਕਾਰਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ।