Courtesy: ai image
ਪੰਜਾਬ ਵਿੱਚ ਸਰਕਾਰੀ ਬੱਸਾਂ ਦੇ ਠੇਕਾ ਮੁਲਾਜ਼ਮਾਂ ਨੇ 3 ਤੋਂ 5 ਅਗਸਤ ਤੱਕ ਬੱਸਾਂ ਦੀ ਹੜਤਾਲ ਕਰਨ ਅਤੇ ਮੁੱਖ ਮੰਤਰੀ ਮਾਨ ਦੀ ਰਿਹਾਇਸ਼ ਵੱਲ ਮਾਰਚ ਕਰਨ ਦਾ ਐਲਾਨ ਕੀਤਾ ਸੀ। ਹੁਣ ਇਸ ਮਾਮਲੇ 'ਚ ਵੱਡਾ ਅਪਡੇਟ ਸਾਹਮਣੇ ਆਇਆ ਹੈ। ਪੰਜਾਬ ਸਰਕਾਰ ਨੇ ਯੂਨੀਅਨ ਦੀਆਂ ਮੰਗਾਂ ਸਬੰਧੀ ਲਿਖਤੀ ਤੌਰ 'ਤੇ ਮੰਨਣ ਦੀ ਗੱਲ ਕਹੀ ਹੈ, ਜਿਸਤੋਂ ਬਾਅਦ ਪੀਆਰਟੀਸੀ ਕੰਟਰੈਕਟ ਮੁਲਾਜ਼ਮ ਯੂਨੀਅਨ ਨੇ ਸੀਐਮ ਮਾਨ ਦੇ ਰਿਹਾਇਸ਼ ਵੱਲ ਮਾਰਚ ਨੂੰ ਵਾਪਸ ਲੈ ਲਿਆ ਹੈ।
ਸਰਕਾਰ ਨੇ ਦਿੱਤਾ ਲਿਖਤੀ ਸਮਝੌਤੇ ਦਾ ਭਰੋਸਾ
ਸ਼ੁਰੂਆਤੀ ਪੜਾਅ ਵਿੱਚ ਸਰਕਾਰ ਵੱਲੋਂ ਲਿਖਤੀ ਭਰੋਸਾ ਨਾ ਦਿੱਤੇ ਜਾਣ ਕਾਰਨ ਗੱਲਬਾਤ ਇੱਕ ਵਾਰ ਫਿਰ ਅਟਕਦੀ ਨਜ਼ਰ ਆਈ। ਇਸ ਤੋਂ ਬਾਅਦ ਯੂਨੀਅਨ ਨੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਦੀਆਂ ਤਿਆਰੀਆਂ ਵੀ ਤੇਜ਼ ਕਰ ਦਿੱਤੀਆਂ ਸਨ। ਹਾਲਾਂਕਿ ਕੁਝ ਹੀ ਸਮੇਂ ਬਾਅਦ ਸਰਕਾਰ ਨੇ ਯੂਨੀਅਨ ਨੂੰ ਲਿਖਤੀ ਸਮਝੌਤਾ ਸੌਂਪਣ ਦਾ ਭਰੋਸਾ ਦਿੱਤਾ ਅਤੇ ਹੜਤਾਲ ਖਤਮ ਕਰਨ ਦੀ ਅਪੀਲ ਕੀਤੀ।
ਯੂਨੀਅਨ ਨੇ ਹੜਤਾਲ ਰੱਦ ਕਰਨ ਦਾ ਫੈਸਲਾ ਲਿਆ
ਸਰਕਾਰ ਦੇ ਇਸ ਕਦਮ ਤੋਂ ਬਾਅਦ ਯੂਨੀਅਨ ਨੇ ਹੜਤਾਲ ਨੂੰ ਖਤਮ ਕਰਨ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਮਾਰਚ ਦਾ ਫੈਸਲਾ ਵਾਪਸ ਲੈਣ ਦਾ ਐਲਾਨ ਕਰ ਦਿੱਤਾ। ਇਸ ਮਗਰੋਂ ਹੁਣ ਸਰਕਾਰੀ ਬੱਸ ਸੇਵਾਵਾਂ ਮੁੜ ਆਮ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ, ਜਿਸ ਨਾਲ ਯਾਤਰੀਆਂ ਨੂੰ ਆਉਣ-ਜਾਣ 'ਤੇ ਰਾਹਤ ਮਿਲੇਗੀ।
ਯੂਨੀਅਨ ਦੇ ਪ੍ਰਧਾਨ ਰੇਸ਼ਮ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਸਬੰਧੀ ਲਿਖਤੀ ਭਰੋਸਾ ਦਿੱਤਾ ਹੈ। ਇਸ ਕਰਕੇ ਯੂਨੀਅਨ ਨੇ ਆਪਣਾ ਰੋਸ ਪ੍ਰਦਰਸ਼ਨ ਫਿਲਹਾਲ ਟਾਲ ਦਿੱਤਾ ਹੈ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਕੂਚ ਵੀ ਰੱਦ ਕਰ ਦਿੱਤਾ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ ਸਰਕਾਰ ਅਤੇ ਯੂਨੀਅਨ ਵਿਚਾਲੇ ਅਗਲੀ ਅਹਿਮ ਮੀਟਿੰਗ 14 ਅਗਸਤ ਨੂੰ ਹੋਵੇਗੀ।