Courtesy: ai image
ਨਵੀਂ ਦਿੱਲੀ: 15 ਅਗਸਤ ਆਜ਼ਾਦੀ ਦਿਵਸ ਤੋਂ ਪਹਿਲਾਂ ਰਾਜਧਾਨੀ ਦਿੱਲੀ ਹਾਈ ਅਲਰਟ 'ਤੇ ਹੈ। ਇਸ ਵਿਚਾਲੇ ਇੱਕ ਦਿਨ ਪਹਿਲਾਂ ਦਿੱਲੀ ਪੁਲਿਸ ਨੇ ਟ੍ਰੈਫਿਕ ਲਈ ਇੱਕ ਸਲਾਹ ਜਾਰੀ ਕੀਤੀ ਹੈ। ਸੁਤੰਤਰਤਾ ਦਿਵਸ ਦੇ ਜਸ਼ਨਾਂ ਦੇ ਮੱਦੇਨਜ਼ਰ ਸ਼ਨੀਵਾਰ (15 ਅਗਸਤ) ਨੂੰ ਲਾਲ ਕਿਲ੍ਹੇ ਵਿਖੇ ਜਨਤਕ ਸੁਰੱਖਿਆ ਅਤੇ ਸਹੂਲਤ ਨੂੰ ਯਕੀਨੀ ਬਣਾਉਣ ਲਈ ਸਵੇਰੇ 4:00 ਵਜੇ ਤੋਂ ਸਵੇਰੇ 10:00 ਵਜੇ ਤੱਕ ਟ੍ਰੈਫਿਕ ਪਾਬੰਦੀਆਂ ਜਾਰੀ ਰਹਿਣਗੀਆਂ। ਰੂਟ ਡਾਇਵਰਜ਼ਨ ਅਤੇ ਵਾਹਨਾਂ ਦੀ ਆਵਾਜਾਈ ਨਾਲ ਸਬੰਧਤ ਵਿਸ਼ੇਸ਼ ਨਿਯਮ ਲਾਗੂ ਰਹਿਣਗੇ।
ਆਜ਼ਾਦੀ ਦਿਵਸ 'ਤੇ ਸੁਰੱਖਿਆ ਵਿਵਸਥਾ ਨੂੰ ਦੇਖਦਿਆਂ ਲਾਲ ਕਿਲ੍ਹੇ ਦੇ ਨੇੜੇ ਕਈ ਰਸਤਿਆਂ ’ਤੇ ਆਮ ਟ੍ਰੈਫਿਕ ਦੀ ਆਵਾਜਾਈ ਬੰਦ ਜਾਂ ਨਿਯੰਤਰਿਤ ਰਹੇਗੀ। ਲਾਲ ਕਿਲ੍ਹੇ ਦੇ ਆਲੇ-ਦੁਆਲੇ ਕਈ ਰਸਤੇ ਸਵੇਰੇ 4:00 ਵਜੇ ਤੋਂ ਸਵੇਰੇ 10:00 ਵਜੇ ਤੱਕ ਆਮ ਆਵਾਜਾਈ ਲਈ ਬੰਦ ਰਹਿਣਗੇ। ਸਿਰਫ਼ ਵੈਧ ਲੇਬਲ ਵਾਲੇ ਵਾਹਨਾਂ ਨੂੰ ਹੀ ਆਉਣ ਜਾਣ ਦੀ ਇਜਾਜ਼ਤ ਹੋਵੇਗੀ।
15 ਅਗਸਤ ਦੇ ਮੌਕੇ 'ਤੇ ਨੇਤਾਜੀ ਸੁਭਾਸ਼ ਮਾਰਗ (ਦਿੱਲੀ ਗੇਟ ਤੋਂ ਛੱਤਾ ਰੇਲ ਚੌਕ/ਲੋਥੀਆਂ ਰੋਡ), ਜੀਪੀਓ (ਦਿੱਲੀ ਤੋਂ ਛੱਤਾ ਰੇਲ ਚੌਕ), ਐਸ.ਪੀ. ਮੁਖਰਜੀ ਮਾਰਗ (ਐੱਚ.ਸੀ. ਸੇਨ ਮਾਰਗ ਤੋਂ ਯਮੁਨਾ ਬਾਜ਼ਾਰ ਚੌਕ), ਚਾਂਦਨੀ ਚੌਕ ਰੋਡ (ਫੁਹਾਰਾ ਚੌਕ ਤੋਂ ਲਾਲ ਕਿਲ੍ਹਾ), ਨਿਸ਼ਾਦ ਰਾਜ ਮਾਰਗ (ਰਿੰਗ ਰੋਡ ਤੋਂ ਨੇਤਾਜੀ ਸੁਭਾਸ਼ ਮਾਰਗ), ਐਸਪਲੇਨੇਡ ਰੋਡ ਅਤੇ ਲਿੰਕ ਰੋਡ (ਨੇਤਾਜੀ ਸੁਭਾਸ਼ ਮਾਰਗ ਤੱਕ), ਅਤੇ ਰਿੰਗ ਰੋਡ (ਰਾਜਘਾਟ ਤੋਂ ਆਈਐਸਬੀਟੀ, ਕਸ਼ਮੀਰੀ ਗੇਟ) ਨੂੰ ਆਜ਼ਾਦੀ ਦਿਵਸ ਦੇ ਮੌਕੇ 'ਤੇ ਪੁਲਿਸ ਦੁਆਰਾ ਬੰਦ ਕੀਤਾ ਗਿਆ ਹੈ।
ਇਸਤੋਂ ਇਲਾਵਾ 15 ਅਗਸਤ ਨੂੰ ਟ੍ਰੈਫਿਕ ਪੁਲਿਸ ਨੇ ਕਈ ਸੜਕਾਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇਨ੍ਹਾਂ ਵਿੱਚ ਸੀ-ਹੈਕਸਾਗਨ, ਇੰਡੀਆ ਗੇਟ, ਕੋਪਰਨਿਕਸ ਮਾਰਗ, ਮੰਡੀ ਹਾਊਸ, ਤਿਲਕ ਮਾਰਗ, ਮਥੁਰਾ ਰੋਡ, ਬੀਐਸਜ਼ੈਡ ਮਾਰਗ, ਨੇਤਾਜੀ ਸੁਭਾਸ਼ ਮਾਰਗ, ਜੇਐਲ ਨਹਿਰੂ ਮਾਰਗ, ਨਿਜ਼ਾਮੂਦੀਨ ਖੱਟੜਾ ਅਤੇ ਆਈਐਸਬੀਟੀ ਵਿਚਕਾਰ ਰਿੰਗ ਰੋਡ ਦਾ ਹਿੱਸਾ, ਅਤੇ ਸਲੀਮਗੜ੍ਹ ਬਾਈਪਾਸ ਅਤੇ ਕਸ਼ਮੀਰੀ ਗੇਟ ਰਾਹੀਂ ਬਾਹਰੀ ਰਿੰਗ ਰੋਡ ਸ਼ਾਮਲ ਹਨ।
ਦਿੱਲੀ ਪੁਲਿਸ ਨੇ ਆਜ਼ਾਦੀ ਦਿਵਸ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਵਿੱਚ ਸੁਰੱਖਿਆ ਪ੍ਰਬੰਧ ਵਧਾ ਦਿੱਤੇ ਹਨ। ਸਮਾਗਮਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਗਸ਼ਤ, ਵਾਹਨ ਜਾਂਚ, ਡਰੋਨ ਨਿਗਰਾਨੀ ਅਤੇ ਮੌਕ ਡ੍ਰਿਲ ਕੀਤੇ ਜਾ ਰਹੇ ਹਨ। ਸ਼ਹਿਰ ਦੀਆਂ ਸਰਹੱਦਾਂ, ਭੀੜ-ਭੜੱਕੇ ਵਾਲੇ ਬਾਜ਼ਾਰਾਂ, ਮਾਲਾਂ, ਹੋਟਲਾਂ, ਜਨਤਕ ਥਾਵਾਂ ਅਤੇ ਹੋਰ ਸੰਵੇਦਨਸ਼ੀਲ ਸਥਾਨਾਂ 'ਤੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਟ੍ਰੈਫਿਕ ਜਾਮ ਤੋਂ ਬਚਣ ਲਈ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਲੋਕ ਘਰੋਂ ਨਿਕਲਣ ਤੋਂ ਪਹਿਲਾਂ ਆਪਣਾ ਰੂਟ ਚੈੱਕ ਕਰ ਲੈਣ। ਪਾਬੰਦੀ ਵਾਲੇ ਮਾਰਗਾਂ ਦੀ ਬਜਾਏ ਵਿਕਲਪਕ ਰਸਤੇ ਚੁਣੇ ਜਾਣ। ਯਾਤਰਾ ਲਈ ਵਾਧੂ ਸਮਾਂ ਮੰਨ ਕੇ ਚੱਲੋ। ਟ੍ਰੈਫਿਕ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰੋ। ਸੜਕ ’ਤੇ ਲੱਗੇ VMS ਬੋਰਡਾਂ ’ਤੇ ਦਿੱਤੀ ਜਾਣਕਾਰੀ ਨੂੰ ਧਿਆਨ ਨਾਲ ਪੜ੍ਹੋ ਅਤੇ ਬੇਲੋੜੀ ਤੌਰ ’ਤੇ ਸਮਾਗਮ ਵਾਲੇ ਇਲਾਕਿਆਂ ਵੱਲ ਜਾਣ ਤੋਂ ਬਚੋ।