Courtesy: ai image
ਨਵੀਂ ਦਿੱਲੀ: ਤੁਸੀ ਕਈ ਪੁਰਾਣੀਆਂ ਫ਼ਿਲਮਾਂ ਅਤੇ ਟੀਵੀ ਡਰਾਮਿਆਂ 'ਚ ਦੇਖਿਆ ਹੋਣਾ ਕਿ ਇੱਕ ਕੁੜੀ ਉੱਪਰਲੀ ਮੰਜ਼ਿਲ ਜਾਂ ਬਾਲਕਨੀ ਤੋਂ ਸਜਾਈ ਹੋਈ ਗੇਂਦ ਹੇਠਾਂ ਸੁੱਟਦੀ ਹੈ, ਜਿਸ ਨੌਜਵਾਨ ਦੇ ਹੱਥ ਇਹ ਗੇਂਦ ਆ ਜਾਂਦੀ ਹੈ, ਉਹ ਉਸ ਲੜਕੀ ਦਾ ਪਤੀ ਬਣ ਜਾਂਦਾ ਹੈ। ਇਹ ਇਕ ਪ੍ਰਾਚੀਨ ਪਰੰਪਰਾ ਸੀ ਅਤੇ ਅੱਜ ਵੀ ਕਈ ਸਮੂਹਾਂ ਵਿੱਚ ਇਸਦਾ ਰਿਵਾਜ ਹੈ। ਇਹ ਰਵਾਇਤ ਖ਼ਾਸ ਤੌਰ ’ਤੇ ਦੱਖਣੀ ਚੀਨ ਦੇ ਗੁਆਂਗਸ਼ੀ ਖੇਤਰ ਦੇ ਝੁਆਂਗ (Zhuang) ਭਾਈਚਾਰੇ ਨਾਲ ਜੋੜੀ ਜਾਂਦੀ ਹੈ।
ਦਰਅਸਲ, ਝੁਆਂਗ ਭਾਈਚਾਰੇ ਵਿੱਚ ਰਵਾਇਤੀ ਤੌਰ ’ਤੇ ਨੌਜਵਾਨ ਲੜਕੇ ਅਤੇ ਲੜਕੀਆਂ ਕੜ੍ਹਾਈ ਵਾਲੀਆਂ ਗੇਂਦਾਂ ਦੀ ਵਰਤੋਂ ਇੱਕ-ਦੂਜੇ ਪ੍ਰਤੀ ਆਪਣੀ ਪਸੰਦ ਅਤੇ ਪਿਆਰ ਦਾ ਇਜ਼ਹਾਰ ਕਰਨ ਲਈ ਕਰਦੇ ਸਨ। ਇਸ ਰਿਵਾਜ ਦਾ ਸਬੰਧ ਖ਼ਾਸ ਤੌਰ ’ਤੇ ਸੱਭਿਆਚਾਰਕ ਮੇਲਿਆਂ ਅਤੇ ਤਿਉਹਾਰਾਂ ਨਾਲ ਰਿਹਾ ਹੈ। ਅਜਿਹੇ ਮੌਕਿਆਂ ’ਤੇ ਨੌਜਵਾਨ ਇਕੱਠੇ ਹੁੰਦੇ, ਲੋਕ-ਗੀਤ ਗਾਉਂਦੇ ਅਤੇ ਇੱਕ-ਦੂਜੇ ਨਾਲ ਜਾਣ-ਪਛਾਣ ਕਰਦੇ ਸਨ। ਜੇਕਰ ਕੋਈ ਨੌਜਵਾਨ ਲੜਕਾ ਅਤੇ ਲੜਕੀ ਇੱਕ-ਦੂਜੇ ਨੂੰ ਪਸੰਦ ਕਰਦੇ ਸਨ, ਤਾਂ ਉਹ ਕੜ੍ਹਾਈ ਵਾਲੀ ਗੇਂਦ ਇੱਕ-ਦੂਜੇ ਵੱਲ ਸੁੱਟ ਕੇ ਆਪਣੀਆਂ ਭਾਵਨਾਵਾਂ ਜਾਹਰ ਕਰਦੇ ਸਨ ਅਤੇ ਕਈ ਵਾਰ ਗੇਂਦ ਨਾਲ ਛੋਟਾ ਜਿਹਾ ਤੋਹਫ਼ਾ ਵੀ ਬੰਨ੍ਹਿਆ ਜਾਂਦਾ ਸੀ। ਹਾਲਾਂਕਿ, ਇਸ ਲਈ ਇਸ ਰਵਾਇਤ ਨੂੰ ਸਿਰਫ਼ “ਗੇਂਦ ਫੜੀ ਅਤੇ ਵਿਆਹ ਹੋ ਗਿਆ” ਵਾਲੀ ਪ੍ਰਥਾ ਸਮਝਣਾ ਸਹੀ ਨਹੀਂ ਹੋਵੇਗਾ।
ਝੁਆਂਗ ਸੱਭਿਆਚਾਰ ਵਿੱਚ ਤੀਜੇ ਚੰਦਰ ਮਹੀਨੇ ਦੇ ਤੀਜੇ ਦਿਨ ਹੋਣ ਵਾਲੇ ਰਵਾਇਤੀ ਤਿਉਹਾਰ ਦਾ ਖ਼ਾਸ ਮਹੱਤਵ ਰਿਹਾ ਹੈ। ਇਸ ਮੌਕੇ ’ਤੇ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੁੰਦੇ ਸਨ। ਗੀਤ-ਸੰਗੀਤ, ਸੱਭਿਆਚਾਰਕ ਗਤੀਵਿਧੀਆਂ ਅਤੇ ਸਮਾਜਿਕ ਮਿਲਾਪ ਰਾਹੀਂ ਨੌਜਵਾਨਾਂ ਨੂੰ ਇੱਕ-ਦੂਜੇ ਨੂੰ ਜਾਣਨ ਦਾ ਮੌਕਾ ਮਿਲਦਾ ਸੀ। ਕੜ੍ਹਾਈ ਵਾਲੀ ਗੇਂਦ ਇਸ ਸਮਾਜਿਕ ਮਾਹੌਲ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਈ। ਇਸ ਰਾਹੀਂ ਨੌਜਵਾਨ ਆਪਣੀ ਪਸੰਦ ਦਾ ਇਸ਼ਾਰਾ ਕਰ ਸਕਦੇ ਸਨ ਅਤੇ ਰਿਸ਼ਤੇ ਦੀ ਸ਼ੁਰੂਆਤ ਹੋ ਸਕਦੀ ਸੀ।
ਦਰਅਸਲ, ਇਹ ਗੇਂਦ ਆਮ ਖੇਡਾਂ ਵਾਲੀ ਗੇਂਦ ਨਹੀਂ ਹੁੰਦੀ ਸੀ। ਇਸ ਨੂੰ ਹੱਥ ਨਾਲ ਅਤੇ ਕਈ ਕਲਾਤਮਕ ਹੁਨਰਾਂ ਨਾਲ ਤਿਆਰ ਕੀਤਾ ਜਾਂਦਾ ਸੀ। ਇਸ ਨੂੰ ਕਈ ਕੱਪੜੇ ਦੇ ਟੁਕੜਿਆਂ ਨੂੰ ਜੋੜ ਕੇ ਤਿਆਰ ਕੀਤਾ ਜਾਂਦਾ ਅਤੇ ਅੰਦਰ ਵੱਖ-ਵੱਖ ਸਮੱਗਰੀ ਭਰੀ ਜਾਂਦੀ ਸੀ। ਗੇਂਦ ਦੀ ਬਾਹਰੀ ਸਤ੍ਹਾ ’ਤੇ ਚਮਕਦਾਰ ਅਤੇ ਸ਼ੁਭ ਮੰਨੇ ਜਾਣ ਵਾਲੇ ਰੰਗਾਂ ਨਾਲ ਕੜ੍ਹਾਈ ਕੀਤੀ ਜਾਂਦੀ ਸੀ। ਇਸ ’ਤੇ ਫੁੱਲਾਂ, ਪੰਛੀਆਂ ਅਤੇ ਹੋਰ ਸੱਭਿਆਚਾਰਕ ਡਿਜ਼ਾਈਨਾਂ ਦੀਆਂ ਤਸਵੀਰਾਂ ਬਣਾਈਆਂ ਜਾਂਦੀਆਂ ਸਨ। ਇਸ ਨਾਲ ਰੰਗ-ਬਿਰੰਗੇ ਰਿਬਨ ਅਤੇ ਲਾਲ ਲਟਕਣੀਆਂ ਵੀ ਲਗਾਈਆਂ ਜਾਂਦੀਆਂ ਸਨ, ਜਿਸ ਨਾਲ ਗੇਂਦ ਹੋਰ ਸੁੰਦਰ ਦਿਖਾਈ ਦਿੰਦੀ ਸੀ।
ਇਸ ਰਵਾਇਤ ਦੀ ਖ਼ਾਸ ਗੱਲ ਸਿਰਫ਼ ਗੇਂਦ ਸੁੱਟਣਾ ਨਹੀਂ ਸੀ, ਸਗੋਂ ਇਸ ਨੂੰ ਤਿਆਰ ਕਰਨ ਦੀ ਕਲਾ ਵੀ ਸੀ। ਇਹ ਵੀ ਦੱਸਿਆ ਜਾਂਦਾ ਹੈ ਕਿ ਗੇਂਦ ਦੇ ਅੰਦਰ ਬੀਜ ਜਾਂ ਚੌਲ ਦੀ ਭੂਸੀ ਵਰਗੀ ਸਮੱਗਰੀ ਭਰੀ ਜਾਂਦੀ ਸੀ। ਬਾਹਰ ਕੀਤੀ ਗਈ ਬਾਰੀਕ ਕੜ੍ਹਾਈ ਗੇਂਦ ਨੂੰ ਵਿਲੱਖਣ ਰੂਪ ਦਿੰਦੀ ਸੀ। ਇਸ ਕਰਕੇ ਇਹ ਗੇਂਦ ਸਿਰਫ਼ ਪਿਆਰ ਦਾ ਸੰਕੇਤ ਨਹੀਂ, ਸਗੋਂ ਸਥਾਨਕ ਹੱਥਕਲਾ ਅਤੇ ਸੱਭਿਆਚਾਰ ਦਾ ਵੀ ਹਿੱਸਾ ਸੀ।
ਸਭ ਤੋਂ ਦਿਲਚਸਪ ਸਵਾਲ ਇਹ ਹੈ ਕਿ ਜਦੋਂ ਅਸਲ ਰਵਾਇਤ ਵਿੱਚ ਇੱਕ-ਦੂਜੇ ਨੂੰ ਪਸੰਦ ਕਰਨ ਵਾਲੇ ਨੌਜਵਾਨ ਗੇਂਦ ਸੁੱਟਦੇ ਸਨ ਤਾਂ ਫ਼ਿਲਮਾਂ ਅਤੇ ਕਹਾਣੀਆਂ ਵਿੱਚ ਬਾਲਕਨੀ ਤੋਂ ਗੇਂਦ ਸੁੱਟ ਕੇ ਪਤੀ ਚੁਣਨ ਵਾਲਾ ਦ੍ਰਿਸ਼ ਕਿੱਥੋਂ ਆਇਆ? ਇਸ ਦਾ ਇੱਕ ਵੱਡਾ ਕਾਰਨ ਸਾਹਿਤ ਅਤੇ ਮਨੋਰੰਜਨ ਵਿੱਚ ਇਸ ਲੋਕ-ਰਵਾਇਤ ਨੂੰ ਨਾਟਕੀ ਰੂਪ ਦੇਣਾ ਮੰਨਿਆ ਜਾਂਦਾ ਹੈ। ਪੁਰਾਣੇ ਚੀਨੀ ਸਮਾਜ ਵਿੱਚ ਵਿਆਹ ਸਿਰਫ਼ ਦੋ ਵਿਅਕਤੀਆਂ ਦਾ ਨਿੱਜੀ ਫ਼ੈਸਲਾ ਨਹੀਂ ਹੁੰਦਾ ਸੀ। ਪਰਿਵਾਰ ਦੀ ਸਮਾਜਿਕ ਸਥਿਤੀ, ਇੱਜ਼ਤ, ਆਰਥਿਕ ਹਾਲਾਤ ਅਤੇ ਪਰਿਵਾਰਾਂ ਵਿਚਕਾਰ ਸਬੰਧ ਵੀ ਵਿਆਹ ਦੇ ਫ਼ੈਸਲਿਆਂ ਵਿੱਚ ਮਹੱਤਵਪੂਰਨ ਹੁੰਦੇ ਸਨ। ਅਜਿਹੇ ਸਮਾਜਿਕ ਮਾਹੌਲ ਵਿੱਚ ਗੇਂਦ ਰਾਹੀਂ ਆਪਣੀ ਪਸੰਦ ਦਾ ਇਜ਼ਹਾਰ ਕਰਨ ਦੀ ਕਹਾਣੀ ਪਿਆਰ ਅਤੇ ਨਿੱਜੀ ਚੋਣ ਦੀ ਇੱਕ ਦਿਲਚਸਪ ਪ੍ਰਤੀਕਾਤਮਕ ਤਸਵੀਰ ਬਣ ਗਈ।
ਕੜ੍ਹਾਈ ਵਾਲੀ ਗੇਂਦ ਨਾਲ ਜੀਵਨ ਸਾਥੀ ਚੁਣਨ ਦੀ ਕਹਾਣੀ ਚੀਨੀ ਸਾਹਿਤ ਅਤੇ ਪੀਰੀਅਡ ਡਰਾਮਿਆਂ ਵਿੱਚ ਵੱਖ-ਵੱਖ ਰੂਪਾਂ ਵਿੱਚ ਦਿਖਾਈ ਗਈ ਹੈ। 16ਵੀਂ ਸਦੀ ਦੇ ਪ੍ਰਸਿੱਧ ਚੀਨੀ ਨਾਵਲ ‘Journey to the West’ ਵਿੱਚ ਵੀ ਇਸ ਤਰ੍ਹਾਂ ਦਾ ਇੱਕ ਪ੍ਰਸੰਗ ਮਿਲਦਾ ਹੈ। ਇਸ ਕਾਰਨ ਇਹ ਧਾਰਨਾ ਹੋਰ ਲੋਕਪ੍ਰਿਯ ਹੋਈ ਕਿ ਸ਼ਾਇਦ ਪੁਰਾਣੇ ਚੀਨ ਵਿੱਚ ਗੇਂਦ ਫੜਨ ਵਾਲਾ ਵਿਅਕਤੀ ਹੀ ਲੜਕੀ ਦਾ ਪਤੀ ਬਣ ਜਾਂਦਾ ਸੀ।
ਇਸੇ ਤਰ੍ਹਾਂ 1998 ਦੇ ਮਸ਼ਹੂਰ ਚੀਨੀ ਟੀਵੀ ਡਰਾਮੇ ‘My Fair Princess’ ਵਿੱਚ ਵੀ ਇਸ ਤਰ੍ਹਾਂ ਦੀ ਕਹਾਣੀ ਨੂੰ ਨਾਟਕੀ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ। ਅਜਿਹੇ ਦ੍ਰਿਸ਼ ਵਾਰ-ਵਾਰ ਸਾਹਿਤ, ਫ਼ਿਲਮਾਂ ਅਤੇ ਟੈਲੀਵਿਜ਼ਨ ’ਤੇ ਦਿਖਾਏ ਜਾਣ ਕਾਰਨ ਇਹ ਧਾਰਨਾ ਆਮ ਹੋ ਗਈ ਕਿ ਇਹ ਪੁਰਾਣੇ ਚੀਨ ਵਿੱਚ ਵਿਆਹ ਦਾ ਇੱਕ ਆਮ ਤਰੀਕਾ ਸੀ।
ਹਾਲਾਂਕਿ, ਇਹ ਰਵਾਇਤ ਇੰਨੀ ਸਧਾਰਨ ਨਹੀਂ ਸੀ ਕਿ ਕੁੜੀ ਬਾਲਕਨੀ ਤੋਂ ਗੇਂਦ ਸੁੱਟੇ ਅਤੇ ਜਿਸ ਦੇ ਹੱਥ ਗੇਂਦ ਲੱਗੇ, ਉਹ ਉਸਦਾ ਪਤੀ ਬਣ ਜਾਏ। ਝੁਆਂਗ ਭਾਈਚਾਰੇ ਦੀ ਪਰੰਪਰਾ ਵਿੱਚ ਗੇਂਦ ਮੁੱਖ ਤੌਰ ’ਤੇ ਪਿਆਰ, ਪਸੰਦ ਅਤੇ ਆਪਸੀ ਰੁਚੀ ਪ੍ਰਗਟ ਕਰਨ ਦਾ ਸਾਧਨ ਸੀ। ਅਰਥਾਤ, ਇਹ ਕੋਈ ਬੇਤਰਤੀਬ “ਲਾਟਰੀ” ਨਹੀਂ ਸੀ। ਆਮ ਤੌਰ ’ਤੇ ਗੇਂਦ ਦਾ ਆਦਾਨ-ਪ੍ਰਦਾਨ ਉਨ੍ਹਾਂ ਨੌਜਵਾਨਾਂ ਵਿਚਕਾਰ ਹੁੰਦਾ ਸੀ ਜੋ ਇੱਕ-ਦੂਜੇ ਵਿੱਚ ਦਿਲਚਸਪੀ ਰੱਖਦੇ ਸਨ।