India Meteorological Department ਵੱਲੋਂ ਜਾਰੀ ਅੰਕੜਿਆਂ ਅਨੁਸਾਰ 19 ਮਈ ਨੂੰ ਦਿੱਲੀ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਪਾਰ ਨਿਕਲ ਗਿਆ। ਇਸ ਨਾਲ ਇਹ ਪਿਛਲੇ ਦੋ ਸਾਲਾਂ ਦਾ ਸਭ ਤੋਂ ਗਰਮ ਮਈ ਦਿਹਾੜਾ ਬਣ ਗਿਆ। ਇਸ ਤੋਂ ਪਹਿਲਾਂ 18 ਮਈ ਨੂੰ ਰਾਜਧਾਨੀ ਵਿੱਚ ਤਾਪਮਾਨ ਕਰੀਬ 44 ਡਿਗਰੀ ਤੱਕ ਪਹੁੰਚਿਆ ਸੀ, ਪਰ ਸਿਰਫ 24 ਘੰਟਿਆਂ ਵਿੱਚ ਗਰਮੀ ਹੋਰ ਵਧ ਗਈ ਅਤੇ ਹਾਲਾਤ ਹੋਰ ਵੀ ਖ਼ਤਰਨਾਕ ਹੋ ਗਏ।
ਦਿੱਲੀ ਦੇ ਰਿਜ਼ ਇਲਾਕੇ ਵਿੱਚ ਸਭ ਤੋਂ ਵੱਧ 46.5°C ਤਾਪਮਾਨ ਦਰਜ ਕੀਤਾ ਗਿਆ। ਇਸਦੇ ਨਾਲ ਹੀ ਸਫ਼ਦਰਜੰਗ ਅਤੇ ਪਾਲਮ ਮੌਸਮ ਕੇਂਦਰਾਂ ‘ਤੇ 45.1°C ਤਾਪਮਾਨ ਰਿਕਾਰਡ ਹੋਇਆ। ਲੋਧੀ ਰੋਡ ਵਿੱਚ 45.2°C ਅਤੇ ਅਯਾਨਗਰ ਵਿੱਚ 45.5°C ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਇਹ ਸਾਰੇ ਅੰਕੜੇ ਆਮ ਤਾਪਮਾਨ ਨਾਲੋਂ ਕਾਫ਼ੀ ਵੱਧ ਹਨ ਅਤੇ ਭਿਆਨਕ ਹੀਟਵੇਵ ਦੀ ਸ਼੍ਰੇਣੀ ਵਿੱਚ ਆਉਂਦੇ ਹਨ।
IMD ਦੇ ਅੰਕੜਿਆਂ ਅਨੁਸਾਰ ਲੋਧੀ ਰੋਡ ਵਿੱਚ ਤਾਪਮਾਨ ਆਮ ਨਾਲੋਂ 6.2°C ਵੱਧ ਰਿਹਾ, ਜਦਕਿ ਰਿਜ਼ ਵਿੱਚ 5°C ਅਤੇ ਸਫ਼ਦਰਜੰਗ ਵਿੱਚ 4.7°C ਵੱਧ ਦਰਜ ਕੀਤਾ ਗਿਆ। ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦਾ ਅਚਾਨਕ ਵਾਧਾ ਬਹੁਤ ਖ਼ਤਰਨਾਕ ਹੋ ਸਕਦਾ ਹੈ, ਖ਼ਾਸ ਕਰਕੇ ਬਜ਼ੁਰਗਾਂ, ਬੱਚਿਆਂ ਅਤੇ ਬਿਮਾਰ ਲੋਕਾਂ ਲਈ।
ਮੌਸਮ ਵਿਭਾਗ ਦੇ ਡਾਟਾ ਮੁਤਾਬਕ ਪਿਛਲੇ 24 ਘੰਟਿਆਂ ਵਿੱਚ ਵੱਖ-ਵੱਖ ਮੌਸਮ ਕੇਂਦਰਾਂ ‘ਤੇ ਤਾਪਮਾਨ 1.1°C ਤੋਂ 1.9°C ਤੱਕ ਵਧਿਆ ਹੈ। ਇਸ ਨਾਲ ਸਪਸ਼ਟ ਹੈ ਕਿ ਦਿਨ ਦੇ ਸਮੇਂ ਗਰਮੀ ਤੇਜ਼ੀ ਨਾਲ ਵਧ ਰਹੀ ਹੈ। ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਾਲਾਤ ਹੋਰ ਵੀ ਖ਼ਰਾਬ ਹੋ ਸਕਦੇ ਹਨ।
ਦਿੱਲੀ ਵਿੱਚ ਸਿਰਫ ਦਿਨ ਹੀ ਨਹੀਂ, ਰਾਤਾਂ ਵੀ ਬਹੁਤ ਗਰਮ ਹੋ ਚੁੱਕੀਆਂ ਹਨ। ਸਫ਼ਦਰਜੰਗ ਵਿੱਚ ਘੱਟੋ-ਘੱਟ ਤਾਪਮਾਨ 28.2°C ਦਰਜ ਕੀਤਾ ਗਿਆ, ਜਦਕਿ ਪਾਲਮ ਅਤੇ ਰਿਜ਼ ਵਿੱਚ 28.1°C ਰਿਹਾ। ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ ਰਾਤ ਦਾ ਤਾਪਮਾਨ ਵੀ ਵੱਧ ਰਹੇ ਤਾਂ ਮਨੁੱਖੀ ਸਰੀਰ ਨੂੰ ਠੰਢਾ ਹੋਣ ਦਾ ਮੌਕਾ ਨਹੀਂ ਮਿਲਦਾ, ਜੋ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ।
ਸਵੇਰੇ 8:30 ਵਜੇ ਤੋਂ ਸ਼ਾਮ 5:30 ਵਜੇ ਤੱਕ ਦਿੱਲੀ ਦੇ ਕਿਸੇ ਵੀ ਹਿੱਸੇ ਵਿੱਚ ਮੀਂਹ ਦਰਜ ਨਹੀਂ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਬੱਦਲਾਂ ਦੀ ਗੈਰਹਾਜ਼ਰੀ, ਸੁੱਕੀਆਂ ਹਵਾਵਾਂ ਅਤੇ ਤਿੱਖੀ ਧੁੱਪ ਕਾਰਨ ਤਾਪਮਾਨ ਲਗਾਤਾਰ ਵਧ ਰਿਹਾ ਹੈ। ਮੀਂਹ ਨਾ ਪੈਣ ਨਾਲ ਲੋਕਾਂ ਨੂੰ ਗਰਮੀ ਤੋਂ ਕੋਈ ਰਾਹਤ ਨਹੀਂ ਮਿਲ ਰਹੀ।
ਮੌਸਮ ਵਿਭਾਗ ਨੇ ਲੋਕਾਂ ਨੂੰ ਦੁਪਹਿਰ ਦੇ ਸਮੇਂ ਘਰੋਂ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਹੈ। ਡਾਕਟਰਾਂ ਨੇ ਵੀ ਕਿਹਾ ਹੈ ਕਿ ਜ਼ਿਆਦਾ ਪਾਣੀ ਪੀਓ, ਹਲਕੇ ਕੱਪੜੇ ਪਹਿਨੋ ਅਤੇ ਸਿੱਧੀ ਧੁੱਪ ਤੋਂ ਬਚੋ। ਹੀਟਵੇਵ ਕਾਰਨ ਹੀਟ ਸਟ੍ਰੋਕ ਅਤੇ ਡੀਹਾਈਡਰੇਸ਼ਨ ਦੇ ਮਾਮਲੇ ਵੱਧ ਸਕਦੇ ਹਨ।