menu-icon
Punjabi Story Line
  • Home
  • News
  • National
  • ਮੁਰੈਨਾ ਰੇਲ ਹਾਦਸਾ: ਅੱਗ ਦੀ ਅਫਵਾਹ ਨੇ ਮਚਾਈ ਦਹਿਸ਼ਤ, ਟ੍ਰੇਨ ਤੋਂ ਯਾਤਰੀਆਂ ਨੇ ਮਾਰੀਆਂ ਛਾਲਾਂ, ਛੇ ਮੌਤਾਂ

ਮੁਰੈਨਾ ਰੇਲ ਹਾਦਸਾ: ਅੱਗ ਦੀ ਅਫਵਾਹ ਨੇ ਮਚਾਈ ਦਹਿਸ਼ਤ, ਟ੍ਰੇਨ ਤੋਂ ਯਾਤਰੀਆਂ ਨੇ ਮਾਰੀਆਂ ਛਾਲਾਂ, ਛੇ ਮੌਤਾਂ

ਮ੍ਰਿਤਕਾਂ ਵਿੱਚ ਤਿੰਨ ਔਰਤਾਂ ਅਤੇ ਇੱਕ ਮਾਸੂਮ ਬੱਚਾ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਯਾਤਰੀ ਜ਼ਖਮੀ ਵੀ ਹੋਏ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਮੌਤਾਂ ਤੇ ਜ਼ਖਮੀਆਂ ਦੀ ਗਿਣਤੀ ਬਾਰੇ ਅਜੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਹਾਦਸੇ ਮਗਰੋਂ ਮੌਕੇ 'ਤੇ ਚੀਕਾਂ ਹੀ ਚੀਕਾਂ ਸੁਣਾਈ ਦਿੱਤੀਆਂ। ਲੋਕਾਂ ਦਾ ਰੌਲਾ ਦੂਰ ਤੱਕ ਸੁਣਿਆ ਗਿਆ।

Date Updated Last Updated : 14 June 2026, 07:57 PM IST
Share:

ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲ੍ਹੇ ਵਿੱਚ ਐਤਵਾਰ ਸ਼ਾਮ ਨੂੰ ਵਾਪਰੇ ਇੱਕ ਦੁਖਦਾਈ ਰੇਲ ਹਾਦਸੇ ਵਿੱਚ ਛੇ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਹੇਤਮਪੁਰ ਤੇ ਘੇਰ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਵਾਪਰੀ। ਉਦੈਪੁਰ ਇੰਟਰਸਿਟੀ ਐਕਸਪ੍ਰੈੱਸ ਵਿੱਚ ਅੱਗ ਲੱਗਣ ਦੀ ਅਫਵਾਹ ਫੈਲਣ ਕਾਰਨ ਦਹਿਸ਼ਤਜ਼ਦਾ ਯਾਤਰੀਆਂ ਨੇ ਐਮਰਜੈਂਸੀ ਚੇਨ ਖਿੱਚ ਕੇ ਟ੍ਰੇਨ ਰੋਕ ਦਿੱਤੀ। ਇਸ ਤੋਂ ਬਾਅਦ ਕਈ ਯਾਤਰੀ ਸੁਰੱਖਿਆ ਦੀ ਬਜਾਏ ਹੋਰ ਵੱਡੇ ਖਤਰੇ ਵੱਲ ਵਧਦੇ ਰਹੇ।
ਟ੍ਰੇਨ ਰੁਕਦੇ ਹੀ ਘਬਰਾਏ ਹੋਏ ਕੁਝ ਲੋਕ ਉਤਰ ਕੇ ਰੇਲ ਪਟੜੀ 'ਤੇ ਆ ਗਏ। ਇਸ ਦੌਰਾਨ ਦੂਜੀ ਲਾਈਨ 'ਤੇ ਪਾਤਾਲਕੋਟ ਐਕਸਪ੍ਰੈੱਸ ਤੇਜ਼ ਰਫ਼ਤਾਰ ਨਾਲ ਆ ਰਹੀ ਸੀ। ਨਾ ਜਾਣ ਕਿੰਨੇ ਲੋਕਾਂ ਨੇ ਇਸ ਟ੍ਰੇਨ ਨੂੰ ਨੇੜੇ ਆਉਂਦੇ ਦੇਖਿਆ ਹੋਵੇਗਾ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਪਾਤਾਲਕੋਟ ਐਕਸਪ੍ਰੈੱਸ ਦੀ ਲਪੇਟ ਵਿੱਚ ਆ ਕੇ ਛੇ ਯਾਤਰੀਆਂ ਨੇ ਆਪਣੀ ਜਾਨ ਗੁਆ ਦਿੱਤੀ।
ਮ੍ਰਿਤਕਾਂ ਵਿੱਚ ਤਿੰਨ ਔਰਤਾਂ ਅਤੇ ਇੱਕ ਮਾਸੂਮ ਬੱਚਾ ਸ਼ਾਮਲ ਹਨ। ਇਸ ਤੋਂ ਇਲਾਵਾ ਕਈ ਯਾਤਰੀ ਜ਼ਖਮੀ ਵੀ ਹੋਏ ਹਨ। ਹਾਲਾਂਕਿ ਪ੍ਰਸ਼ਾਸਨ ਵੱਲੋਂ ਮੌਤਾਂ ਤੇ ਜ਼ਖਮੀਆਂ ਦੀ ਗਿਣਤੀ ਬਾਰੇ ਅਜੇ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਹਾਦਸੇ ਮਗਰੋਂ ਮੌਕੇ 'ਤੇ ਚੀਕਾਂ ਹੀ ਚੀਕਾਂ ਸੁਣਾਈ ਦਿੱਤੀਆਂ। ਲੋਕਾਂ ਦਾ ਰੌਲਾ ਦੂਰ ਤੱਕ ਸੁਣਿਆ ਗਿਆ।

ਰਾਹਤ ਕਾਰਜ ਅਤੇ ਜਾਂਚ ਸ਼ੁਰੂ

ਜਿਵੇਂ ਹੀ ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲੀ, ਜੀ.ਆਰ.ਪੀ., ਆਰ.ਪੀ.ਐੱਫ. ਅਤੇ ਮੁਰੈਨਾ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਅਧਿਕਾਰੀਆਂ ਨੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ। ਪੁਲਿਸ ਮੁਤਾਬਕ ਮ੍ਰਿਤਕਾਂ ਦੀ ਪਛਾਣ ਕਰਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੱਕ ਸੂਚਨਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਰੇਲਵੇ ਪ੍ਰਸ਼ਾਸਨ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਦੈਪੁਰ ਇੰਟਰਸਿਟੀ ਐਕਸਪ੍ਰੈੱਸ ਵਿੱਚ ਅੱਗ ਨਹੀਂ ਲੱਗੀ ਸੀ। ਇਹ ਸਿਰਫ਼ ਇੱਕ ਅਫਵਾਹ ਸੀ ਜਿਸ ਨੇ ਇੰਨਾ ਵੱਡਾ ਹਾਦਸਾ ਕਰਵਾ ਦਿੱਤਾ। ਅਧਿਕਾਰੀਆਂ ਮੁਤਾਬਕ, ਯਾਤਰੀ ਬਿਨਾਂ ਕਿਸੇ ਪੁਸ਼ਟੀ ਤੋਂ ਘਬਰਾ ਗਏ ਅਤੇ ਇਸ ਤਰ੍ਹਾਂ ਦੇ ਗੈਰ-ਜ਼ਿੰਮੇਵਾਰਾਨਾ ਕਦਮ ਚੁੱਕ ਕੇ ਆਪ ਹੀ ਆਪਣੀ ਜਾਨ ਜੋਖਮ ਵਿੱਚ ਪਾ ਲਿਆ।

ਰੇਲ ਆਵਾਜਾਈ ਪ੍ਰਭਾਵਿਤ

ਇਸ ਹਾਦਸੇ ਕਾਰਨ ਦਿੱਲੀ-ਮੁੰਬਈ ਮੁੱਖ ਰੇਲ ਮਾਰਗ ਉੱਤੇ ਕੁਝ ਸਮੇਂ ਲਈ ਰੇਲ ਆਵਾਜਾਈ ਠੱਪ ਰਹੀ। ਕਈ ਟ੍ਰੇਨਾਂ ਨੂੰ ਵਿਚਕਾਰ ਹੀ ਰੋਕ ਕੇ ਖੜ੍ਹਾ ਕਰ ਦਿੱਤਾ ਗਿਆ। ਪ੍ਰਸ਼ਾਸਨ ਵੱਲੋਂ ਪ੍ਰਭਾਵਿਤ ਯਾਤਰੀਆਂ ਲਈ ਵਿਕਲਪਕ ਪ੍ਰਬੰਧ ਵੀ ਕੀਤੇ ਗਏ। ਬਾਅਦ ਵਿੱਚ ਟ੍ਰੈਕ ਸਾਫ਼ ਕਰਕੇ ਰੇਲ ਯਾਤਾਇਤ ਨੂੰ ਮੁੜ ਆਮ ਕਰ ਦਿੱਤਾ ਗਿਆ।
ਪੁਲਿਸ ਅਤੇ ਰੇਲਵੇ ਦੀਆਂ ਵੱਖ-ਵੱਖ ਟੀਮਾਂ ਹੁਣ ਇਸ ਗੱਲ ਦੀ ਵੀ ਜਾਂਚ ਕਰ ਰਹੀਆਂ ਹਨ ਕਿ ਆਖ਼ਰ ਇਹ ਅਫਵਾਹ ਕਿਸਨੇ ਫੈਲਾਈ? ਅਜੇ ਤੱਕ ਇਸ ਦਾ ਖੁਲਾਸਾ ਨਹੀਂ ਹੋ ਸਕਿਆ। ਇਸ ਹਾਦਸੇ ਨੇ ਇੱਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਅਫਵਾਹਾਂ ਕਿਸ ਤਰ੍ਹਾਂ ਜਾਨਲੇਵਾ ਬਣ ਸਕਦੀਆਂ ਹਨ। ਹਾਦਸੇ ਦੀ ਪੂਰੀ ਜਾਂਚ ਉਪਰੰਤ ਹੀ ਸਪੱਸ਼ਟ ਹੋ ਸਕੇਗਾ ਕਿ ਆਖ਼ਰ ਇਸ ਦੁਰਘਟਨਾ ਲਈ ਜ਼ਿੰਮੇਵਾਰ ਕੌਣ ਹੈ।

Recent News