NEET-UG 2026 ਪੇਪਰ ਲੀਕ ਮਾਮਲੇ ਵਿੱਚ Central Bureau of Investigation ਨੇ ਵੱਡੀ ਕਾਰਵਾਈ ਕਰਦਿਆਂ ਮੁੱਖ ਮੁਲਜ਼ਮ ਪੀ.ਵੀ. ਕੁਲਕਰਨੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਂਚ ਏਜੰਸੀ ਦੇ ਮੁਤਾਬਕ, ਕੁਲਕਰਨੀ ਪੁਣੇ ਵਿੱਚ ਕੈਮਿਸਟਰੀ ਲੈਕਚਰਾਰ ਵਜੋਂ ਕੰਮ ਕਰਦਾ ਸੀ ਅਤੇ ਉਹ NTA ਦੀ ਪ੍ਰੀਖਿਆ ਪ੍ਰਕਿਰਿਆ ਨਾਲ ਵੀ ਜੁੜਿਆ ਹੋਇਆ ਸੀ। CBI ਦਾ ਦਾਅਵਾ ਹੈ ਕਿ ਉਸ ਕੋਲ ਪ੍ਰਸ਼ਨ ਪੱਤਰਾਂ ਤੱਕ ਪਹੁੰਚ ਸੀ ਅਤੇ ਉਸਨੇ ਇਸਦਾ ਗਲਤ ਫਾਇਦਾ ਚੁੱਕਦਿਆਂ ਪ੍ਰੀਖਿਆ ਤੋਂ ਪਹਿਲਾਂ ਹੀ ਸਵਾਲ ਵਿਦਿਆਰਥੀਆਂ ਤੱਕ ਪਹੁੰਚਾਏ।
CBI ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਅਪ੍ਰੈਲ 2026 ਦੇ ਆਖਰੀ ਹਫ਼ਤੇ ਦੌਰਾਨ ਕੁਲਕਰਨੀ ਨੇ ਕੁਝ ਵਿਦਿਆਰਥੀਆਂ ਨੂੰ ਇਕੱਠਾ ਕਰਕੇ ਖਾਸ ਕੋਚਿੰਗ ਕਲਾਸ ਚਲਾਈ ਸੀ। ਇਸ ਵਿੱਚ ਉਸਦੀ ਮਦਦ ਮਨੀਸ਼ਾ ਵਾਘਮਾਰੇ ਨਾਮਕ ਇੱਕ ਹੋਰ ਮੁਲਜ਼ਮ ਨੇ ਕੀਤੀ, ਜਿਸਨੂੰ CBI ਪਹਿਲਾਂ ਹੀ 14 ਮਈ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ। ਜਾਂਚ ਏਜੰਸੀ ਮੁਤਾਬਕ, ਪੁਣੇ ਸਥਿਤ ਆਪਣੇ ਘਰ ਵਿੱਚ ਕੁਲਕਰਨੀ ਵਿਦਿਆਰਥੀਆਂ ਨੂੰ ਪ੍ਰਸ਼ਨ, ਉਨ੍ਹਾਂ ਦੇ ਵਿਕਲਪ ਅਤੇ ਸਹੀ ਜਵਾਬ ਡਿਕਟੇਟ ਕਰਦਾ ਸੀ ਅਤੇ ਵਿਦਿਆਰਥੀ ਉਹਨਾਂ ਨੂੰ ਨੋਟਬੁੱਕ ਵਿੱਚ ਲਿਖਦੇ ਸਨ।
ਮਾਮਲੇ ਵਿੱਚ ਸਭ ਤੋਂ ਵੱਡਾ ਖੁਲਾਸਾ ਉਸ ਵੇਲੇ ਹੋਇਆ ਜਦੋਂ ਵਿਦਿਆਰਥੀਆਂ ਦੀਆਂ ਨੋਟਬੁੱਕਾਂ ਵਿੱਚ ਲਿਖੇ ਸਵਾਲਾਂ ਦੀ ਤੁਲਨਾ 3 ਮਈ 2026 ਨੂੰ ਹੋਈ ਅਸਲੀ NEET-UG ਪ੍ਰੀਖਿਆ ਦੇ ਪ੍ਰਸ਼ਨ ਪੱਤਰ ਨਾਲ ਕੀਤੀ ਗਈ। CBI ਦਾ ਕਹਿਣਾ ਹੈ ਕਿ ਦੋਵੇਂ ਸਵਾਲ ਇੱਕਦਮ ਮਿਲਦੇ ਹਨ। ਇਸ ਨਾਲ ਜਾਂਚ ਏਜੰਸੀ ਨੂੰ ਇਹ ਸਾਬਤ ਕਰਨ ਵਿੱਚ ਵੱਡੀ ਮਦਦ ਮਿਲੀ ਕਿ ਪੇਪਰ ਲੀਕ ਦਾ ਸਿੱਧਾ ਸੰਬੰਧ ਪ੍ਰੀਖਿਆ ਪ੍ਰਕਿਰਿਆ ਨਾਲ ਜੁੜੇ ਵਿਅਕਤੀ ਨਾਲ ਸੀ।
CBI ਨੇ ਕਈ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਪੀ.ਵੀ. ਕੁਲਕਰਨੀ ਨੂੰ ਪੁਣੇ ਤੋਂ ਗ੍ਰਿਫ਼ਤਾਰ ਕੀਤਾ। ਜਾਣਕਾਰੀ ਮੁਤਾਬਕ, ਉਹ ਮੂਲ ਰੂਪ ਵਿੱਚ ਮਹਾਰਾਸ਼ਟਰ ਦੇ ਲਾਤੂਰ ਦਾ ਰਹਿਣ ਵਾਲਾ ਹੈ। ਜਾਂਚ ਏਜੰਸੀ ਹੁਣ ਇਹ ਪਤਾ ਲਗਾਉਣ ਵਿੱਚ ਜੁਟੀ ਹੋਈ ਹੈ ਕਿ ਇਸ ਪੂਰੇ ਰੈਕਟ ਵਿੱਚ ਹੋਰ ਕੌਣ-ਕੌਣ ਸ਼ਾਮਲ ਸੀ ਅਤੇ ਇਹ ਜਾਲ ਕਿੰਨੇ ਰਾਜਾਂ ਤੱਕ ਫੈਲਿਆ ਹੋਇਆ ਸੀ।
NEET-UG ਪੇਪਰ ਲੀਕ ਮਾਮਲੇ ਨੇ ਪਹਿਲਾਂ ਹੀ ਦੇਸ਼ ਭਰ ਵਿੱਚ ਵੱਡਾ ਵਿਵਾਦ ਖੜ੍ਹਾ ਕੀਤਾ ਹੋਇਆ ਹੈ। ਵਿਦਿਆਰਥੀਆਂ ਅਤੇ ਮਾਪਿਆਂ ਵੱਲੋਂ ਲਗਾਤਾਰ ਪ੍ਰੀਖਿਆ ਪ੍ਰਣਾਲੀ ‘ਤੇ ਸਵਾਲ ਉਠਾਏ ਜਾ ਰਹੇ ਹਨ। ਵਿਰੋਧੀ ਧਿਰਾਂ ਵੀ ਕੇਂਦਰ ਸਰਕਾਰ ਅਤੇ ਪ੍ਰੀਖਿਆ ਏਜੰਸੀਆਂ ‘ਤੇ ਨਿਸ਼ਾਨਾ ਸਾਧ ਰਹੀਆਂ ਹਨ। ਹੁਣ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਹ ਮਾਮਲਾ ਹੋਰ ਗੰਭੀਰ ਹੋ ਗਿਆ ਹੈ।
CBI ਦਾ ਕਹਿਣਾ ਹੈ ਕਿ ਜਾਂਚ ਅਜੇ ਜਾਰੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਗ੍ਰਿਫ਼ਾਰੀਆਂ ਵੀ ਹੋ ਸਕਦੀਆਂ ਹਨ। ਏਜੰਸੀ ਇਹ ਵੀ ਖੰਗਾਲ ਰਹੀ ਹੈ ਕਿ ਪੇਪਰ ਲੀਕ ਦੇ ਬਦਲੇ ਕਿੰਨੀ ਰਕਮ ਵਸੂਲੀ ਗਈ ਅਤੇ ਕਿਹੜੇ ਕੋਚਿੰਗ ਨੈੱਟਵਰਕ ਜਾਂ ਹੋਰ ਅਧਿਕਾਰੀ ਇਸ ਨਾਲ ਜੁੜੇ ਹੋ ਸਕਦੇ ਹਨ। ਜਾਂਚ ਦੇ ਅਗਲੇ ਪੜਾਅ ਵਿੱਚ ਡਿਜ਼ੀਟਲ ਸਬੂਤਾਂ ਅਤੇ ਬੈਂਕ ਲੈਣ-ਦੇਣ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਇਸ ਪੂਰੇ ਮਾਮਲੇ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਦੇਸ਼ ਦੀਆਂ ਸਭ ਤੋਂ ਵੱਡੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਭਰੋਸੇਯੋਗਤਾ ਕਿਵੇਂ ਬਰਕਰਾਰ ਰੱਖੀ ਜਾਵੇ। ਲੱਖਾਂ ਵਿਦਿਆਰਥੀ ਸਾਲਾਂ ਤੱਕ ਮਿਹਨਤ ਕਰਦੇ ਹਨ ਅਤੇ ਅਜਿਹੇ ਪੇਪਰ ਲੀਕ ਮਾਮਲੇ ਉਨ੍ਹਾਂ ਦੇ ਭਵਿੱਖ ‘ਤੇ ਸਿੱਧਾ ਅਸਰ ਪਾਂਦੇ ਹਨ। ਹੁਣ ਸਭ ਦੀ ਨਜ਼ਰ CBI ਦੀ ਅਗਲੀ ਕਾਰਵਾਈ ਅਤੇ ਸਰਕਾਰ ਦੇ ਕਦਮਾਂ ‘ਤੇ ਟਿਕੀ ਹੋਈ ਹੈ।