menu-icon
Punjabi Story Line
  • Home
  • News
  • National
  • ਰਾਮ ਮੰਦਰ ਟਰੱਸਟ ਨੂੰ ਮਿਲੇਗਾ ਨਵਾਂ CEO? 11 ਜੁਲਾਈ ਦੀ ਮੀਟਿੰਗ ਰਹੇਗੀ ਅਹਿਮ

ਰਾਮ ਮੰਦਰ ਟਰੱਸਟ ਨੂੰ ਮਿਲੇਗਾ ਨਵਾਂ CEO? 11 ਜੁਲਾਈ ਦੀ ਮੀਟਿੰਗ ਰਹੇਗੀ ਅਹਿਮ

ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਵਿੱਚ ਅੱਠ ਮੁਲਜ਼ਮਾਂ ਦੇ ਜੇਲ੍ਹ ਭੇਜੇ ਜਾਣ ਅਤੇ ਦੋ ਟਰੱਸਟੀਆਂ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਟਰੱਸਟ ਦੇ ਪੁਨਰਗਠਨ ਦੀ ਚਰਚਾ ਤੇਜ਼ ਹੋ ਗਈ ਹੈ। ਮੁੱਢਲੀ ਰਿਪੋਰਟ ਵਿੱਚ SIT ਨੇ ਟਰੱਸਟ ਦੇ ਪੁਨਰਗਠਨ ਦੀ ਸਿਫਾਰਸ਼ ਕੀਤੀ ਹੈ ਅਤੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੁੱਖ ਕਾਰਜਕਾਰੀ ਅਧਿਕਾਰੀ ਵਜੋਂ ਨਿਯੁਕਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਹੈ।

Date Updated Last Updated : 29 June 2026, 10:49 AM IST
Share:

ਨਵੀਂ ਦਿੱਲੀ: ਰਾਮ ਮੰਦਰ ਚੜ੍ਹਾਵਾ ਚੋਰੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਨੇ ਕੰਟਰੋਲ ਰੂਮ ਇੰਚਾਰਜ ਸਮੇਤ 40 ਸੁਰੱਖਿਆ ਕਰਮਚਾਰੀਆਂ ਅਤੇ ਪੁਲਿਸ ਅਧਿਕਾਰੀਆਂ ਨੂੰ ਸ਼ੱਕੀ ਪਾਇਆ ਹੈ। ਸ਼ੱਕੀਆਂ ਵਿਰੁੱਧ ਅਪਰਾਧਿਕ ਅਤੇ ਵਿਭਾਗੀ ਕਾਰਵਾਈ ਦੀ ਤਿਆਰੀ ਕੀਤੀ ਜਾ ਰਹੀ ਹੈ। ਟਰੱਸਟ ਅਧਿਕਾਰੀਆਂ ਦੀ ਜਾਂਚ ਜਾਰੀ ਹੈ ਅਤੇ ਦੋ ਟਰਸੱਟੀਆਂ ਚੰਪਤ ਰਾਏ ਅਤੇ ਅਨਿਲ ਕੁਮਾਰ ਮਿਸ਼ਰਾ ਦੇ ਅਸਤੀਫੇ ਤੋਂ ਬਾਅਦ SIT ਨੇ ਟਰੱਸਟ ਦੇ ਪੁਨਰਗਠਨ ਦੀ ਸਿਫਾਰਸ਼ ਕੀਤੀ ਹੈ ਅਤੇ ਇੱਕ ਪ੍ਰਸ਼ਾਸਨਿਕ ਅਧਿਕਾਰੀ ਨੂੰ ਮੁੱਖ ਕਾਰਜਕਾਰੀ ਅਧਿਕਾਰੀ (CEO) ਵਜੋਂ ਨਿਯੁਕਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਹੈ।

11 ਜੁਲਾਈ ਦੀ ਟਰੱਸਟ ਮੀਟਿੰਗ 'ਤੇ ਸਭ ਦੀਆਂ ਨਜ਼ਰਾਂ

ਟਰੱਸਟ ਦੀ ਅਗਲੀ ਤਿਮਾਹੀ ਮੀਟਿੰਗ 11 ਜੁਲਾਈ ਨੂੰ ਹੋਣ ਦੀ ਸੰਭਾਵਨਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਤੋਂ ਪਹਿਲਾਂ ਕੇਂਦਰ ਸਰਕਾਰ ਸੀਈਓ ਦੀ ਨਿਯੁਕਤੀ ਸਬੰਧੀ ਆਪਣਾ ਫ਼ੈਸਲਾ ਕਰ ਸਕਦੀ ਹੈ। ਇਸ ਮੀਟਿੰਗ ਵਿੱਚ ਟਰੱਸਟ ਦੇ ਭਵਿੱਖੀ ਢਾਂਚੇ ਅਤੇ ਪ੍ਰਬੰਧਕੀ ਵਿਵਸਥਾ ਬਾਰੇ ਮਹੱਤਵਪੂਰਨ ਫ਼ੈਸਲੇ ਲਏ ਜਾ ਸਕਦੇ ਹਨ।

ਅਸਤੀਫ਼ਿਆਂ ਤੋਂ ਬਾਅਦ ਵਧਿਆ ਦਬਾਅ

ਐੱਸਆਈਟੀ ਵੱਲੋਂ ਸ਼ੁਰੂਆਤੀ ਰਿਪੋਰਟ ਪੇਸ਼ ਕਰਨ, ਐੱਫਆਈਆਰ ਦਰਜ ਹੋਣ ਅਤੇ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਟਰੱਸਟ ਦੇ ਮਹਾਂਸਚਿਵ ਚੰਪਤ ਰਾਏ ਅਤੇ ਮੈਂਬਰ ਡਾ. ਅਨਿਲ ਕੁਮਾਰ ਮਿਸ਼ਰਾ 'ਤੇ ਅਸਤੀਫ਼ਾ ਦੇਣ ਦਾ ਦਬਾਅ ਵਧ ਗਿਆ ਸੀ। ਇਸ ਤੋਂ ਬਾਅਦ ਦੋਵਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਸੌਂਪ ਦਿੱਤੇ।

ਟਰੱਸਟ ਦੇ ਖ਼ਜ਼ਾਨਚੀ ਸਵਾਮੀ ਗੋਵਿੰਦਦੇਵ ਗਿਰੀ ਨੇ ਇੱਕ ਅਧਿਕਾਰਤ ਪੱਤਰ ਰਾਹੀਂ ਇਸ ਦੀ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਟਰੱਸਟ ਦੀ ਅਗਲੀ ਮੀਟਿੰਗ ਵਿੱਚ ਇਨ੍ਹਾਂ ਅਸਤੀਫ਼ਿਆਂ ਨੂੰ ਮਨਜ਼ੂਰੀ ਦੇਣ ਸਬੰਧੀ ਵਿਚਾਰ ਕੀਤਾ ਜਾਵੇਗਾ।

ਸੀਈਓ ਲਈ ਕਈ ਨਾਂ ਚਰਚਾ ਵਿੱਚ

ਹਾਲਾਂਕਿ ਅਜੇ ਤੱਕ ਸੀਈਓ ਦੀ ਨਿਯੁਕਤੀ ਬਾਰੇ ਕੋਈ ਅੰਤਿਮ ਫ਼ੈਸਲਾ ਨਹੀਂ ਹੋਇਆ, ਪਰ ਦੋ ਸਾਬਕਾ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਨਾਂ ਚਰਚਾ ਵਿੱਚ ਹਨ। ਰਾਮ ਮੰਦਰ ਨਿਰਮਾਣ ਕਮੇਟੀ ਦੇ ਪ੍ਰਧਾਨ ਨ੍ਰਿਪੇਂਦਰ ਮਿਸ਼ਰਾ ਦਾ ਨਾਂ ਪਹਿਲਾਂ ਤੋਂ ਹੀ ਚੱਲ ਰਿਹਾ ਹੈ, ਜਦਕਿ ਸਾਬਕਾ ਆਈਏਐਸ ਅਧਿਕਾਰੀ ਯੋਗੇਸ਼ਵਰ ਰਾਮ ਮਿਸ਼ਰਾ ਦਾ ਨਾਂ ਵੀ ਹੁਣ ਵਿਚਾਰਧੀਨ ਦੱਸਿਆ ਜਾ ਰਿਹਾ ਹੈ।

ਯੋਗੇਸ਼ਵਰ ਰਾਮ ਮਿਸ਼ਰਾ ਉੱਤਰ ਪ੍ਰਦੇਸ਼ ਲੋਕ ਸੇਵਾ ਅਧਿਕਰਣ ਵਿੱਚ ਮੈਂਬਰ (ਪ੍ਰਸ਼ਾਸਨ) ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਪਹਿਲਾਂ ਅਯੋਧਿਆ ਦੇ ਜ਼ਿਲ੍ਹਾ ਮੈਜਿਸਟ੍ਰੇਟ ਵੀ ਰਹਿ ਚੁੱਕੇ ਹਨ। 

 

ਤਿੰਨ ਅਹੁਦੇ ਹੋ ਸਕਦੇ ਹਨ ਖਾਲੀ

ਜੇਕਰ ਦੋਵੇਂ ਅਸਤੀਫ਼ੇ ਮਨਜ਼ੂਰ ਕਰ ਲਏ ਜਾਂਦੇ ਹਨ ਤਾਂ ਟਰੱਸਟ ਵਿੱਚ ਤਿੰਨ ਅਹੁਦੇ ਖਾਲੀ ਹੋ ਜਾਣਗੇ। ਇੱਕ ਅਹੁਦਾ ਪਹਿਲਾਂ ਹੀ ਸਾਬਕਾ ਰਾਜ ਪਰਿਵਾਰ ਦੇ ਮੁਖੀ ਬਿਮਲੇਂਦਰ ਮੋਹਨ ਪ੍ਰਤਾਪ ਮਿਸ਼ਰਾ ਦੇ ਦੇਹਾਂਤ ਤੋਂ ਬਾਅਦ ਖਾਲੀ ਪਿਆ ਹੈ।

ਇਸ ਤੋਂ ਇਲਾਵਾ ਟਰੱਸਟ ਦੇ ਪ੍ਰਧਾਨ ਮਹੰਤ ਨ੍ਰਿਤਯ ਗੋਪਾਲ ਦਾਸ, ਮੈਂਬਰ ਅਤੇ ਸੀਨੀਅਰ ਵਕੀਲ ਕੇ. ਪਰਾਸਰਣ ਸਮੇਤ ਕੁਝ ਹੋਰ ਟਰੱਸਟੀ ਵਧੀਕ ਉਮਰ ਅਤੇ ਸਿਹਤ ਕਾਰਨਾਂ ਕਰਕੇ ਸਰਗਰਮ ਭੂਮਿਕਾ ਨਹੀਂ ਨਿਭਾ ਰਹੇ। ਉਹ ਜ਼ਿਆਦਾਤਰ ਮੀਟਿੰਗਾਂ ਵਿੱਚ ਆਨਲਾਈਨ ਹੀ ਸ਼ਾਮਲ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਪੁਨਰਗਠਨ ਦੌਰਾਨ ਨਵੇਂ ਮੈਂਬਰਾਂ ਦੀ ਨਿਯੁਕਤੀ 'ਤੇ ਵੀ ਵਿਚਾਰ ਕੀਤਾ ਜਾ ਸਕਦਾ ਹੈ।

ਸੀਈਓ ਦੀ ਨਿਯੁਕਤੀ ਲਈ ਨਿਯਮਾਂ ਵਿੱਚ ਸੋਧ ਲਾਜ਼ਮੀ

ਕਾਨੂੰਨੀ ਮਾਹਿਰਾਂ ਦੇ ਅਨੁਸਾਰ ਜੇਕਰ ਟਰੱਸਟ ਵਿੱਚ ਸੀਈਓ ਦਾ ਅਹੁਦਾ ਬਣਾਇਆ ਜਾਂਦਾ ਹੈ ਤਾਂ ਸਭ ਤੋਂ ਪਹਿਲਾਂ ਟਰੱਸਟ ਦੇ ਉਪ-ਨਿਯਮਾਂ (ਬਾਇਲਾਜ਼) ਵਿੱਚ ਸੋਧ ਕਰਨੀ ਪਵੇਗੀ। ਮੌਜੂਦਾ ਨਿਯਮਾਂ ਵਿੱਚ ਸੀਈਓ ਦੇ ਅਹੁਦੇ ਦੀ ਕੋਈ ਵਿਵਸਥਾ ਨਹੀਂ ਹੈ, ਇਸ ਲਈ ਨਿਯਮਾਂ ਵਿੱਚ ਤਬਦੀਲੀ ਤੋਂ ਬਿਨਾਂ ਨਵੀਂ ਨਿਯੁਕਤੀ ਸੰਭਵ ਨਹੀਂ ਹੋਵੇਗੀ।

Recent News