Courtesy: @TweetShivangiii
ਨਵੀਂ ਦਿੱਲੀ: ਜੋਧਪੁਰ 'ਚ ਨਾਬਾਲਗ ਲੜਕੀ ਨਾਲ ਜਿਣਸੀ ਸੋਸ਼ਣ ਦੇ ਮਾਮਲੇ 'ਚ ਉਮਰਕੈਦ ਦੀ ਸਜ਼ਾ ਭੁਗਤ ਰਹੇ ਆਸਾਰਾਮ ਨੂੰ ਸੁਪਰੀਮ ਕੋਰਟ ਨੇ ਵੱਡਾ ਝੱਟਕਾ ਦਿੱਤਾ ਹੈ। ਕੋਰਟ ਨੇ ਫਿਲਹਾਲ ਖਰਾਬ ਸਿਹਤ ਦੇ ਆਧਾਰ 'ਤੇ ਆਸਾਰਾਮ ਨੂੰ ਅੰਤਰਿਮ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ।
ਰਾਜਸਥਾਨ ਸਰਕਾਰ ਵੱਲੋਂ ਪੇਸ਼ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਦੋਸ਼ ਲਗਾਇਆ ਕਿ ਆਸਾਰਾਮ ਨੇ ਇਸ ਤੱਥ ਨੂੰ ਛੁਪਾਇਆ ਸੀ ਕਿ ਉਸਨੇ ਹਾਈ ਕੋਰਟ ਤੋਂ 20 ਦਿਨਾਂ ਦੀ ਪੈਰੋਲ ਦੀ ਬੇਨਤੀ ਕਰਦੇ ਹੋਏ ਸੁਪਰੀਮ ਕੋਰਟ ਤੋਂ ਅੰਤਰਿਮ ਜ਼ਮਾਨਤ ਮੰਗੀ ਸੀ। ਆਸਾਰਾਮ ਨੂੰ ਇਸ ਸਮੇਂ ਹਾਈ ਕੋਰਟ ਨੇ 20 ਦਿਨਾਂ ਦੀ ਪੈਰੋਲ ਦਿੱਤੀ ਹੈ। ਅੰਤਰਿਮ ਜ਼ਮਾਨਤ ਦੀ ਪਟੀਸ਼ਨ 'ਤੇ ਪਿਛਲੀ ਸੁਣਵਾਈ ਦੌਰਾਨ, ਸੁਪਰੀਮ ਕੋਰਟ ਨੇ ਆਸਾਰਾਮ ਬਾਪੂ ਦੀ ਜ਼ਮਾਨਤ ਪਟੀਸ਼ਨ 'ਤੇ ਫੈਸਲਾ ਲੈਣ ਲਈ ਏਮਜ਼ ਤੋਂ ਵਿਸਤ੍ਰਿਤ ਮੈਡੀਕਲ ਰਿਪੋਰਟ ਮੰਗੀ ਸੀ।
ਦਰਅਸਲ, ਅਦਾਲਤ ਇਹ ਪਤਾ ਲਗਾਉਣਾ ਚਾਹੁੰਦੀ ਸੀ ਕਿ ਆਸਾਰਾਮ ਦੀ ਹਾਲਤ ਅਸਲ 'ਚ ਕਿੰਨੀ ਗੰਭੀਰ ਹੈ ਅਤੇ ਕੀ ਉਨ੍ਹਾਂ ਨੂੰ ਸਿਹਤ ਦੇ ਅਧਾਰ ਤੇ ਅੰਤਰਿਮ ਜ਼ਮਾਨਤ ਦੇਣੀ ਚਾਹੀਦੀ ਹੈ। ਇਸ 'ਤੇ ਏਮਸ ਨੇ ਆਪਣੀ ਰਿਪੋਰਟ 'ਚ ਕਿਹਾ ਕਿ ਆਸਾਰਾਮ ਨੂੰ ਹਸਪਤਾਲ 'ਚ ਐਡਮਿਟ ਕਰਨ ਦੀ ਜ਼ਰੂਰਤ ਨਹੀਂ ਹੈ, ਪਰ ਉਨ੍ਹਾਂ ਦੀ ਸਿਹਤ ਦੀ 24 ਘੰਟੇ ਨਿਗਰਾਨੀ ਰੱਖਣੀ ਚਾਹੀਦੀ ਹੈ।
ਏਮਸ ਦੀ ਇਸ ਰਿਪੋਰਟ ਮਗਰੋਂ ਸੁਪਰੀਮ ਕੋਰਟ ਨੇ ਆਸਾਰਾਮ ਨੂੰ 24 ਘੰਟੇ ਸਹਾਇਤਾ ਲਈ ਆਪਣੀ ਪਸੰਦ ਦੇ ਇੱਕ ਸਿਖਲਾਈ ਪ੍ਰਾਪਤ ਦੇਖਭਾਲ ਕਰਨ ਵਾਲੇ ਨੂੰ ਨਿਯੁਕਤ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸਦੇ ਨਾਲ ਹੀ ਅਦਾਲਤ ਨੇ ਉਸਨੂੰ ਹਾਲਤ ਵਿਗੜਨ 'ਤੇ ਦੁਬਾਰਾ ਅਦਾਲਤ ਵਿੱਚ ਜਾਣ ਦੀ ਆਜ਼ਾਦੀ ਵੀ ਦੇ ਦਿੱਤੀ ਹੈ।
ਜਦੋਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਦੱਸਿਆ ਕਿ ਆਸਾਰਾਮ ਨੇ ਹਾਈ ਕੋਰਟ ਤੋਂ ਚੱਲ ਰਹੇ ਕੇਸ ਬਾਰੇ ਜਾਣਕਾਰੀ ਛੁਪਾ ਕੇ ਪੈਰੋਲ ਪ੍ਰਾਪਤ ਕੀਤੀ ਸੀ, ਤਾਂ ਬੈਂਚ ਨੇ ਇਸ ਆਚਰਣ ਦੀ ਨਿੰਦਾ ਕੀਤੀ। ਰਾਜਸਥਾਨ ਹਾਈ ਕੋਰਟ ਨੇ ਕੱਲ੍ਹ ਆਸਾਰਾਮ ਨੂੰ ਉਸਦੀ ਲੰਬੀ ਜੇਲ੍ਹ ਦੀ ਸਜ਼ਾ ਅਤੇ ਅੰਤਰਿਮ ਜ਼ਮਾਨਤ ਦੀ ਪਿਛਲੀ ਮਿਆਦ ਦੌਰਾਨ ਉਸਦੇ ਆਚਰਣ ਨੂੰ ਧਿਆਨ ਵਿੱਚ ਰੱਖਦੇ ਹੋਏ 20 ਦਿਨਾਂ ਦੀ ਪੈਰੋਲ ਦਿੱਤੀ ਸੀ।