ਪੰਜਾਬ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਸੂਬੇ ਦੇ ਕਿਸੇ ਵੀ ਜ਼ਿਲ੍ਹੇ 'ਚ ਸਿੰਥੈਟਿਕ ਟ੍ਰੈਕ ਵਾਲੇ ਗਰਾਉਂਡਾਂ 'ਚ ਗਣਤੰਤਰ ਦਿਵਸ ਨਹੀਂ ਮਨਾਇਆ ਜਾਵੇਗਾ। ਇਸੇ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜੋ ਗਣਤੰਤਰ ਦਿਵਸ ਮੌਕੇ ਲੁਧਿਆਣਾ 'ਚ ਕੌਮੀ ਝੰਡਾ ਗੁਰੂ ਨਾਨਕ ਸਟੇਡੀਅਮ 'ਚ ਲਹਿਰਾਇਆ ਜਾਣਾ ਸੀ ਉਸਨੂੰ ਰੱਦ ਕਰਨਾ ਪਿਆ। ਇਸ ਲਈ ਨਵੀਂ ਥਾਂ ਦੀ ਚੋਣ ਕੀਤੀ ਜਾ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ 'ਚ ਇਸਦਾ ਪ੍ਰਬੰਧ ਕੀਤਾ ਜਾਵੇਗਾ। ਇਸਤੋਂ ਪਹਿਲਾਂ ਰਾਜ ਪੱਧਰੀ ਪ੍ਰੋਗਰਾਮ ਹਮੇਸ਼ਾ ਗੁਰੂਨਾਨਕ ਸਟੇਡੀਅਮ 'ਚ ਹੁੰਦੇ ਸਨ।
ਬਦਲਵੇਂ ਪ੍ਰਬੰਧਾਂ 'ਚ ਜੁਟਿਆ ਪ੍ਰਸ਼ਾਸਨ
ਲੁਧਿਆਣਾ ਦੀ ਡੀਸੀ ਸੁਰਭੀ ਮਲਿਕ ਨੇ ਕਿਹਾ ਕਿ ਉਨ੍ਹਾਂ ਨੂੰ ਸੀਐਮ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਮਿਲੀ ਹੈ। ਹਾਲਾਂਕਿ ਗੁਰੂ ਨਾਨਕ ਸਟੇਡੀਅਮ ਵਿਖੇ ਸਿੰਥੈਟਿਕ ਟਰੈਕ ਵਿਛਾਉਣ ਦਾ ਕੰਮ ਲਗਪਗ ਮੁਕੰਮਲ ਹੋ ਚੁੱਕਾ ਹੈ ਤਾਂਕਿ ਟਰੈਕ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਾ ਹੋਵੇ। ਪ੍ਰੰਤੂ, ਫਿਰ ਵੀ ਸਰਕਾਰ ਦੇ ਹੁਕਮਾਂ ਅਨੁਸਾਰ ਸੂਬਾ ਪੱਧਰੀ ਸਮਾਗਮ ਹੁਣ ਪੀਏਯੂ ਵਿਖੇ ਉਲੀਕਣ ਦਾ ਫੈਸਲਾ ਕੀਤਾ ਜਾ ਰਿਹਾ ਹੈ।
26 ਜਨਵਰੀ ਨੂੰ ਲੁਧਿਆਣਾ ਵਿਖੇ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ PAU ਦੀ ਗਰਾਊਂਡ ਵਿੱਚ ਹੋਵੇਗੀ..ਲੁਧਿਆਣਾ ਸਟੇਡੀਅਮ ਵਿੱਚ ਅਸੀਂ ਹੁਣੇ ਹੁਣੇ ਨਵਾਂ ਸਿੰਥੈਟਕ ਟਰੈਕ ਬਣਾਇਆ ਹੈ ਅਸੀਂ ਨਹੀਂ ਚਾਹੁੰਦੇ ਕਿ ਪਰੇਡ ਨਾਲ ਉਸਨੂੰ ਕੋਈ ਨੁਕਸਾਨ ਪਹੁੰਚੇ.ਪੂਰੇ ਪੰਜਾਬ ਚ ਕਿਤੇ ਵੀ ਸਿੰਥੈਟਕ ਟਰੈਕ ਵਾਲੇ ਗਰਾਂਉਡ ਵਿੱਚ ਪਰੇਡ ਨਹੀਂ ਹੋਵੇਗੀ..ਨਿਰਦੇਸ਼ ਜਾਰੀ
— Bhagwant Mann (@BhagwantMann) January 6, 2024
ਸੀਐਮ ਦੀ ਸ਼ੋਸ਼ਲ ਮੀਡੀਆ 'ਤੇ ਪੋਸਟ
ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਕਸ 'ਤੇ ਪੋਸਟ ਕਰਦਿਆਂ ਲਿਖਿਆ, '26 ਜਨਵਰੀ ਨੂੰ ਲੁਧਿਆਣਾ 'ਚ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਪੀਏਯੂ ਗਰਾਊਂਡ 'ਚ ਹੋਵੇਗੀ। ਅਸੀਂ ਗੁਰੂ ਨਾਨਕ ਸਟੇਡੀਅਮ 'ਚ ਹੁਣੇ ਇਕ ਨਵਾਂ ਸਿੰਥੈਟਿਕ ਟਰੈਕ ਬਣਾਇਆ ਹੈ। ਅਸੀਂ ਨਹੀਂ ਚਾਹੁੰਦੇ ਕਿ ਪਰੇਡ ਨਾਲ ਟ੍ਰੈਕ ਨੂੰ ਕੋਈ ਨੁਕਸਾਨ ਹੋਵੇ। ਪੰਜਾਬ 'ਚ ਸਿੰਥੈਟਿਕ ਟਰੈਕ ਵਾਲੇ ਕਿਸੇ ਵੀ ਗਰਾਊਂਡ 'ਚ ਪਰੇਡ ਦਾ ਪ੍ਰਬੰਧ ਨਾ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।