menu-icon
Punjabi Story Line
  • Home
  • News
  • Punjab
  • ਝਾਮਪੁਰ ਦੇ ਜੰਗਲਾਂ ਵਿੱਚ ਖੂਨ ਨਾਲ ਲਥਪਥ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ਵਿੱਚ ਹੜਕੰਪ, ਫੋਰੇਂਸਿਕ ਜਾਂਚ ਜਾਰੀ

ਝਾਮਪੁਰ ਦੇ ਜੰਗਲਾਂ ਵਿੱਚ ਖੂਨ ਨਾਲ ਲਥਪਥ ਮਿਲੀ ਨੌਜਵਾਨ ਦੀ ਲਾਸ਼, ਇਲਾਕੇ ਵਿੱਚ ਹੜਕੰਪ, ਫੋਰੇਂਸਿਕ ਜਾਂਚ ਜਾਰੀ

ਮੁਹਾਲੀ ਦੇ ਝਾਮਪੁਰ ਖੇਤਰ ਜੰਗਲਾਂ ਵਿੱਚ ਇੱਕ ਨੌਜਵਾਨ ਦੀ ਖੂਨ ਨਾਲ ਲਥਪਥ ਲਾਸ਼ ਮਿਲਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਮ੍ਰਿਤਕ ਦੀ ਦੇਹ ਤੇ ਕੀਤੇ ਹਮਲਿਆਂ ਦੇ ਵਾਰ ਦੇ ਨਿਸ਼ਾਨ ਮਿਲੇ, ਜਿਸ ਨਾਲ ਮਾਮਲਾ ਕਾਫ਼ੀ ਸਨਸਨੀਖੇਜ਼ ਬਣ ਗਿਆ ਹੈ।

Date Updated Last Updated : 14 June 2026, 10:33 AM IST
Share:

ਪੰਜਾਬ: ਮੋਹਾਲੀ ਦੇ ਝਾਮਪੁਰ ਖੇਤਰ ਵਿੱਚ ਸਥਿਤ ਸਿੰਧੂ ਐਨਕਲੇਵ ਦੇ ਕੋਲ ਜੰਗਲਨੁਮਾ ਇਲਾਕੇ ਵਿੱਚ ਇੱਕ ਨੌਜਵਾਨ ਦੀ ਖੂਨ ਨਾਲ ਲਥਪਥ ਲਾਸ਼ ਮਿਲਣ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਮ੍ਰਿਤਕ ਦੇ ਸਰੀਰ 'ਤੇ ਤੇਜ਼ਧਾਰ ਹਥਿਆਰ ਨਾਲ ਕੀਤੇ ਗਏ ਕਈ ਵਾਰਾਂ ਦੇ ਨਿਸ਼ਾਨ ਮਿਲੇ ਹਨ, ਜਿਸ ਕਾਰਨ ਮਾਮਲੇ ਨੂੰ ਕਤਲ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।


ਜਾਣਕਾਰੀ ਮੁਤਾਬਕ ਮ੍ਰਿਤਕ ਦੀ ਪਛਾਣ ਮਲੋਆ ਦੇ ਚਾਰ ਮੰਜ਼ਿਲਾ ਫਲੈਟਾਂ ਵਿੱਚ ਰਹਿੰਦੇ 23 ਸਾਲਾ ਦੀਪਕ ਵਜੋਂ ਹੋਈ ਹੈ। ਅਜੇ ਪੁਲਿਸ ਵੱਲੋਂ ਮ੍ਰਿਤਕ ਪਛਾਣ ਅਤੇ ਹੋਰ ਤੱਥਾਂ ਦੀ ਅਧਿਕਾਰਿਕ ਪੁਸ਼ਟੀ ਕੀਤੀ ਜਾ ਰਹੀ ਹੈ।

 
ਕੱਚੇ ਰਸਤੇ 'ਤੇ ਮਿਲੀ ਲਾਸ਼

ਦੱਸ ਦੇਈਏ ਨੌਜਵਾਨ ਦੀ ਲਾਸ਼ ਝਾਮਪੁਰ ਤੋਂ ਮਲੋਆ ਵੱਲ ਜਾਣ ਵਾਲੇ ਜੰਗਲਨੁਮਾ ਇੱਕ ਕੱਚੇ ਰਸਤੇ 'ਤੇ ਪਈ ਮਿਲੀ ਸੀ। ਮਾਮਲੇ ਦੀ ਜਾਣਕਾਰੀ ਮਿਲਦਿਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਨੌਜਵਾਨ ਇਸ ਇਲਾਕੇ ਵਿੱਚ ਕਿਸ ਮਕਸਦ ਨਾਲ ਆਇਆ ਸੀ ਅਤੇ ਉਸ ਨਾਲ ਆਖਿਰ ਕੀ ਹੋਇਆ। ਨਾਲ ਹੀ ਇਹ ਵੀ ਖੰਗਾਲਿਆ ਜਾ ਰਿਹਾ ਹੈ ਕਿ ਉਹ ਆਖ਼ਰੀ ਵਾਰ ਕਿਸਦੇ ਨਾਲ ਦੇਖਿਆ ਗਿਆ ਸੀ।

ਆਟੋ ਚਾਲਕ ਨੇ ਦਿੱਤੀ ਜਾਣਕਾਰੀ
ਸਭ ਤੋਂ ਪਹਿਲਾਂ ਇਸ ਲਾਸ਼ ਤੇ ਆਟੋ ਚਾਲਕ ਦੀ ਨਜ਼ਰ ਪਈ ਤੇ ਉਸਨੇ ਇਸ ਘਟਨਾ ਦੀ ਜਾਣਕਾਰੀ ਸਭ ਤੋਂ ਪਹਿਲਾਂ ਦਿੱਤੀ। ਉਸਦੇ ਮੁਤਾਬਿਕ, ਜਦੋਂ ਉਹ ਰਾਤ ਕਰੀਬ 9:30 ਵਜੇ ਉਸ ਜੰਗਲੀ ਰਸਤੇ ਤੋਂ ਗੁਜ਼ਰ ਰਿਹਾ ਸੀ ਤਾਂ ਉਸਨੂੰ ਸੜਕ ਕਿਨਾਰੇ ਕੋਈ ਚਿੱਟੀ ਚੀਜ਼ ਦਿਖਾਈ ਦਿੱਤੀ। ਜਦੋਂ ਉਸਨੇ ਨੇੜੇ ਜਾ ਕੇ ਦੇਖਿਆ ਤਾਂ ਇੱਕ ਨੌਜਵਾਨ ਜ਼ਮੀਨ 'ਤੇ ਪਿਆ ਦਿਖਾਈ ਦਿੱਤਾ। ਪਹਿਲਾਂ ਉਸ ਨੇ ਸੋਚਿਆ ਕਿ ਸ਼ਾਇਦ ਕੋਈ ਵਿਅਕਤੀ ਨਸ਼ੇ ਦੀ ਹਾਲਤ ਵਿੱਚ ਪਿਆ ਹੋਵੇਗਾ, ਪਰ ਜਦੋਂ ਉਸ ਨੇ ਟਾਰਚ ਦੀ ਰੋਸ਼ਨੀ ਮਾਰੀ ਤਾਂ ਸਰੀਰ ਖੂਨ ਨਾਲ ਲਥਪਥ ਸੀ। ਇਸ ਸਭ ਦੇਖਣ ਤੋਂ ਬਾਅਦ ਉਸਨੇ ਤੁਰੰਤ ਹੀ ਨੇੜਲੇ ਲੋਕਾਂ ਨੂੰ ਸੂਚਿਤ ਕੀਤਾ ਅਤੇ ਕੰਟਰੋਲ ਰੂਮ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ। ਕੁਝ ਹੀ ਸਮੇਂ ਵਿੱਚ ਇਲਾਕੇ ਦੇ ਕਈ ਲੋਕ ਇਕੱਠੇ ਹੋ ਗਏ।

 
ਫੋਰੈਂਸਿਕ ਟੀਮ ਨੇ ਇਕੱਠੇ ਕੀਤੇ ਸਬੂਤ

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਫੋਰੈਂਸਿਕ ਮਾਹਿਰਾਂ ਦੀ ਟੀਮ ਵੀ ਮੌਕੇ 'ਤੇ ਪਹੁੰਚੀਆਂ ਅਤੇ ਸਬੂਤ ਇਕੱਠੇ ਕਰਨ ਦੀ ਕਾਰਵਾਈ ਸ਼ੁਰੂ ਕੀਤੀ। ਜਾਂਚ ਟੀਮ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਵੱਖ-ਵੱਖ ਨਮੂਨੇ ਇਕੱਠੇ ਕੀਤੇ ਹਨ, ਜਿਨ੍ਹਾਂ ਨੂੰ ਵਿਗਿਆਨਕ ਜਾਂਚ ਲਈ ਭੇਜਿਆ ਜਾਵੇਗਾ। ਪੁਲਿਸ ਦਾ ਮੰਨਣਾ ਹੈ ਕਿ ਫੋਰੈਂਸਿਕ ਰਿਪੋਰਟ ਅਤੇ ਹੋਰ ਤਕਨੀਕੀ ਸਬੂਤ ਮਾਮਲੇ ਨੂੰ ਸੁਲਝਾਉਣ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ

ਜਾਂਚ ਅਧਿਕਾਰੀ ਇਲਾਕੇ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਚੈੱਕ ਕਰ ਰਹੇ ਹਨ ਤਾਂ ਜੋ ਮ੍ਰਿਤਕ ਦੇ ਨਾਲ ਆਖ਼ਰੀ ਸਮੇਂ ਕੀ ਹੋਇਆ, ਇਸ ਬਾਰੇ ਕੋਈ ਸੁਰਾਗ ਮਿਲ ਸਕੇ। ਇਸ ਦੇ ਨਾਲ ਹੀ ਨੌਜਵਾਨ ਦੇ ਮੋਬਾਈਲ ਫੋਨ, ਕਾਲ ਡਿਟੇਲ ਅਤੇ ਹੋਰ ਤਕਨੀਕੀ ਜਾਣਕਾਰੀਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।


ਇਸ ਤੋਂ ਇਲਾਵਾ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਤਲ ਕਿਸੇ ਹੋਰ ਥਾਂ 'ਤੇ ਕਰਕੇ ਲਾਸ਼ ਇੱਥੇ ਸੁੱਟੀ ਗਈ ਸੀ ਜਾਂ ਫਿਰ ਵਾਰਦਾਤ ਇਸੇ ਸਥਾਨ 'ਤੇ ਅੰਜਾਮ ਦਿੱਤੀ ਗਈ। ਮ੍ਰਿਤਕ ਆਖ਼ਰੀ ਵਾਰ ਕਿਨ੍ਹਾਂ ਲੋਕਾਂ ਨਾਲ ਦੇਖਿਆ ਗਿਆ ਸੀ ਅਤੇ ਕੀ ਆਲੇ-ਦੁਆਲੇ ਦੇ ਕੈਮਰਿਆਂ ਵਿੱਚ ਕੋਈ ਸ਼ੱਕੀ ਹਲਚਲ ਰਿਕਾਰਡ ਹੋਈ ਹੈ।

ਪੋਸਟਮਾਰਟਮ ਰਿਪੋਰਟ ਦੀ ਉਡੀਕ

ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੀ ਮੋਰਚਰੀ ਵਿੱਚ ਰੱਖਿਆ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਸਹੀ ਕਾਰਨਾਂ ਅਤੇ ਸਮੇਂ ਬਾਰੇ ਹੋਰ ਸਪੱਸ਼ਟ ਜਾਣਕਾਰੀ ਮਿਲ ਸਕਦੀ ਹੈ।


 

Recent News