ਸੀਐੱਮ ਮਾਨ ਨੇ ਫਰਿਸ਼ਤੇ ਸਕੀਮ ਦਾ ਦਾਇਰਾ ਵਧਾਇਆ, ਹੁਣ ਜੰਗ ਅਤੇ ਅੱਤਵਾਦੀ ਹਮਲਿਆਂ ਵਿੱਚ ਜ਼ਖਮਿਆਂ ਦਾ ਵੀ ਹੋਵੇਗਾ ਇਲਾਜ

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਇੱਕ ਅਜਿਹੀ ਸਰਕਾਰ ਹਾਂ, ਜੋ ਜ਼ਿੰਦਗੀ ਨੂੰ ਸਭ ਤੋਂ ਮਹੱਤਵਪੂਰਨ ਸਮਝਦੀ ਹੈ। ਜੰਗ ਅਤੇ ਅੱਤਵਾਦ ਦੇ ਪੀੜਤ ਵੀ ਸਾਡੇ ਆਪਣੇ ਹਨ, ਅਤੇ ਉਨ੍ਹਾਂ ਦੀਆਂ ਜਾਨਾਂ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ।

Share:

CM Mann expands scope of Ferishte scheme : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਸ਼ੁੱਕਰਵਾਰ ਨੂੰ ਹੋਈ ਸੂਬਾਈ ਕੈਬਨਿਟ ਮੀਟਿੰਗ ਵਿੱਚ ‘ਫਰਿਸ਼ਤੇ ਸਕੀਮ’ ਦਾ ਦਾਇਰਾ ਵਧਾ ਕੇ ਇੱਕ ਇਤਿਹਾਸਕ ਫੈਸਲਾ ਲਿਆ ਗਿਆ ਹੈ। ਹੁਣ ਇਹ ਯੋਜਨਾ ਸੜਕ ਹਾਦਸਿਆਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਇਸ ਵਿੱਚ ਜੰਗ ਅਤੇ ਅੱਤਵਾਦੀ ਹਮਲਿਆਂ ਵਿੱਚ ਜ਼ਖਮੀ ਹੋਏ ਨਾਗਰਿਕ ਵੀ ਸ਼ਾਮਲ ਹੋਣਗੇ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਇਸ ਫੈਸਲੇ ਦਾ ਉਦੇਸ਼ ਜੰਗ ਅਤੇ ਅੱਤਵਾਦੀ ਘਟਨਾਵਾਂ ਦੇ ਪੀੜਤਾਂ ਨੂੰ ਬਿਨਾਂ ਕਿਸੇ ਰੁਕਾਵਟ ਦੇ ਤੁਰੰਤ ਅਤੇ ਮੁਫ਼ਤ ਇਲਾਜ ਮੁਹੱਈਆ ਕਰਵਾਉਣਾ ਹੈ। 

ਸੂਚੀਬੱਧ ਹਸਪਤਾਲਾਂ ਵਿੱਚ ਮਿਲੇਗਾ ਇਲਾਜ

ਇਹ ਇਲਾਜ ਸੂਬੇ ਦੇ ਸਰਕਾਰੀ ਹਸਪਤਾਲਾਂ ਦੇ ਨਾਲ-ਨਾਲ ਸਰਕਾਰ ਦੁਆਰਾ ਸੂਚੀਬੱਧ ਨਿੱਜੀ ਹਸਪਤਾਲਾਂ ਵਿੱਚ ਵੀ ਉਪਲਬਧ ਹੋਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਇੱਕ ਅਜਿਹੀ ਸਰਕਾਰ ਹਾਂ, ਜੋ ਜ਼ਿੰਦਗੀ ਨੂੰ ਸਭ ਤੋਂ ਮਹੱਤਵਪੂਰਨ ਸਮਝਦੀ ਹੈ। ਜੰਗ ਅਤੇ ਅੱਤਵਾਦ ਦੇ ਪੀੜਤ ਵੀ ਸਾਡੇ ਆਪਣੇ ਹਨ, ਅਤੇ ਉਨ੍ਹਾਂ ਦੀਆਂ ਜਾਨਾਂ ਬਚਾਉਣਾ ਸਾਡੀ ਜ਼ਿੰਮੇਵਾਰੀ ਹੈ। ‘ਫਰਿਸ਼ਤੇ ਸਕੀਮ’ ਦੇ ਵਿਸਥਾਰ ਨਾਲ, ਹੁਣ ਕੋਈ ਵੀ ਪੀੜਤ ਇਲਾਜ ਤੋਂ ਵਾਂਝਾ ਨਹੀਂ ਰਹੇਗਾ। ਇਹ ਫੈਸਲਾ ਨਾ ਸਿਰਫ਼ ਪੰਜਾਬ ਵਿੱਚ ਨਵੀਂ ਮਨੁੱਖੀ ਸੰਵੇਦਨਾ ਦੀ ਸ਼ੁਰੂਆਤ ਕਰਦਾ ਹੈ, ਸਗੋਂ ਪੂਰੇ ਦੇਸ਼ ਲਈ ਇਕ ਮਿਸਾਲ ਵੀ ਸਥਾਪਤ ਕਰਦਾ ਹੈ।

384 ਹਸਪਤਾਲ ਰਜਿਸਟਰਡ

ਸਿਹਤ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਫਰਿਸ਼ਤੇ ਸਕੀਮ ਤਹਿਤ ਸੂਬੇ 'ਚ ਹੁਣ ਤਕ 384 ਹਸਪਤਾਲ ਰਜਿਸਟਰਡ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 146 ਸਰਕਾਰੀ ਹਸਪਤਾਲ ਅਤੇ 238 ਪ੍ਰਾਈਵੇਟ ਹਸਪਤਾਲ ਹਨ। ਫਰਿਸ਼ਤੇ ਸਕੀਮ ਤਹਿਤ ਸੜਕ ਹਾਦਸੇ ਦੇ ਪੀੜਤਾਂ ਦਾ ਮੁਫਤ ਇਲਾਜ ਕੀਤਾ ਜਾਵੇਗਾ। ਇਸ ਦਾ ਉਦੇਸ਼ ਸੜਕ ਦੁਰਘਟਨਾ ਪੀੜਤਾਂ ਦੀਆਂ ਕੀਮਤੀ ਜਾਨਾਂ ਬਚਾਉਣ ਲਈ ਗੋਲਡਨ ਆਰ ਦੀ ਵੱਧ ਤੋਂ ਵੱਧ ਵਰਤੋਂ ਕਰਨਾ ਹੈ। ਸਰਕਾਰ ਰਾਸ਼ਟਰੀ, ਜਾਤੀ ਜਾਂ ਸਮਾਜਿਕ-ਆਰਥਿਕ ਭੇਦਭਾਵ ਤੋਂ ਬਿਨਾਂ ਸਾਰੇ ਸੜਕ ਹਾਦਸਿਆਂ ਦੇ ਪੀੜਤਾਂ ਦਾ ਨਿੱਜੀ ਹਸਪਤਾਲਾਂ ਵਿੱਚ ਮੁਫ਼ਤ ਇਲਾਜ ਯਕੀਨੀ ਬਣਾਏਗੀ। ਵਰਨਣਯੋਗ ਹੈ ਕਿ ਗੋਲਡਨ ਆਵਰ ਸੜਕ ਦੁਰਘਟਨਾ ਤੋਂ ਬਾਅਦ ਪਹਿਲਾ ਨਾਜ਼ੁਕ ਘੰਟਾ ਮਹਤਵਪੂਰਨ ਹੁੰਦਾ ਹੈ, ਇਸ ਦੌਰਾਨ ਜੇਕਰ ਗੰਭੀਰ ਰੂਪ ਨਾਲ ਜ਼ਖਮੀ ਵਿਅਕਤੀ ਦੀ ਸਹੀ ਦੇਖਭਾਲ ਕੀਤੀ ਜਾਂਦੀ ਹੈ ਤਾਂ ਉਸ ਦੇ ਬਚਣ ਦੀ ਸੰਭਾਵਨਾ ਕਾਫੀ ਵੱਧ ਜਾਂਦੀ ਹੈ। ਰਾਜ ਭਰ ਦੇ ਹਸਪਤਾਲਾਂ, ਖਾਸ ਕਰਕੇ ਪ੍ਰਾਇਮਰੀ ਤੇ ਸੈਕੰਡਰੀ ਦੇਖਭਾਲ ਪ੍ਰਦਾਨ ਕਰਨ ਵਾਲੇ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਉਹ ਕੀਮਤੀ ਜਾਨਾਂ ਬਚਾਉਣ ਲਈ ਇਸ ਯੋਜਨਾ ਵਿੱਚ ਸ਼ਾਮਲ ਹੋਣ।

ਇਹ ਵੀ ਪੜ੍ਹੋ

Tags :