ਤ੍ਰਿਣਮੂਲ ਕਾਂਗਰਸ (TMC) ਨੂੰ ਇੱਕ ਵੱਡਾ ਝਟਕਾ ਲੱਗਾ ਹੈ। ਪਾਰਟੀ ਦੇ 20 ਤੋਂ ਵੱਧ ਸਾਂਸਦਾਂ ਨੇ ਬਾਗੀ ਹੋ ਕੇ ਇੱਕ ਨਵੀਂ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਐਤਵਾਰ ਨੂੰ ਲੋਕ ਸਭਾ ਸਪੀਕਰ ਓਮ ਬਿਰਲਾ ਨਾਲ ਮੁਲਾਕਾਤ ਤੋਂ ਬਾਅਦ TMC ਦੀ ਬਾਗੀ ਸਾਂਸਦ ਕਾਕੋਲੀ ਘੋਸ਼ ਦਸਤੀਦਾਰ ਨੇ ਕਿਹਾ ਕਿ ਉਨ੍ਹਾਂ ਨੇ ਸਦਨ ਵਿੱਚ ਵੱਖਰੀ ਬੈਠਣ ਦੀ ਇਜਾਜ਼ਤ ਮੰਗੀ ਹੈ। ਉਹ ‘ਨੈਸ਼ਨਲਿਸਟ ਸਿਟੀਜ਼ਨਸ ਪਾਰਟੀ’ (NCP) ਬਣਾ ਰਹੇ ਹਨ ਅਤੇ NDA ਗਠਜੋੜ ਨਾਲ ਮਿਲ ਕੇ ਕੰਮ ਕਰਨਗੇ।
ਕਾਕੋਲੀ ਘੋਸ਼ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਸਮਰਥਨ ਵਿੱਚ 22 ਲੋਕ ਸਭਾ ਸਾਂਸਦ ਹਨ। ਇਸ ਤੋਂ ਪਹਿਲਾਂ ਬਾਗੀ ਗੁੱਟ ਦੀ ਕੇਂਦਰੀ ਮੰਤਰੀ ਅਤੇ ਪੱਛਮੀ ਬੰਗਾਲ ਵਿੱਚ ਭਾਜਪਾ ਦੇ ਪ੍ਰਭਾਰੀ ਭੂਪੇਂਦਰ ਯਾਦਵ ਦੀ ਰਿਹਾਇਸ਼ ’ਤੇ ਵੀ ਅਹਿਮ ਬੈਠਕ ਹੋਈ। ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ ਵਿੱਚ ਅੱਗੇ ਦੀ ਰਣਨੀਤੀ ’ਤੇ ਵਿਚਾਰ ਕੀਤਾ ਗਿਆ।
ਦੂਜੇ ਪਾਸੇ, TMC ਦੇ ਵਫ਼ਾਦਾਰ ਸਾਂਸਦ ਕੀਰਤੀ ਆਜ਼ਾਦ ਅਤੇ ਸਾਗਰਿਕਾ ਘੋਸ਼ ਵੀ ਲੋਕ ਸਭਾ ਸਪੀਕਰ ਓਮ ਬਿਰਲਾ ਦੇ ਘਰ ਪੁੱਜੇ। ਬੈਠਕ ਮਗਰੋਂ ਕੀਰਤੀ ਆਜ਼ਾਦ ਨੇ ਸਪੱਸ਼ਟ ਕੀਤਾ ਕਿ ਕੋਈ ਵੀ ਪਾਰਟੀ ਸਿਰਫ਼ 20 ਸਾਂਸਦਾਂ ਜਾਂ 60 ਵਿਧਾਇਕਾਂ ਨਾਲ ਨਹੀਂ ਬਣਦੀ। ਉਨ੍ਹਾਂ ਕਿਹਾ ਕਿ ਇਸ ਪਾਰਟੀ ਨੂੰ ਮਮਤਾ ਬੈਨਰਜੀ ਨੇ ਖੜ੍ਹਾ ਕੀਤਾ ਸੀ ਅਤੇ ਉਹੀ ਅਸਲੀ ਪਾਰਟੀ ਹਨ। ਬਾਕੀ ਲੋਕ ਧੋਖੇਬਾਜ਼ ਹਨ ਜੋ ਸਿਰਫ਼ ਆਪਣੇ ਸੁਆਰਥ ਲਈ ਪਾਰਟੀ ਬਦਲ ਰਹੇ ਹਨ।
TMC ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਹੈ ਕਿ ਸਦਨ ਵਿੱਚ TMC ਨੂੰ ਸਿਰਫ਼ ਇੱਕੋ ਇਕ ਪਾਰਟੀ ਵਜੋਂ ਮਾਨਤਾ ਦਿੱਤੀ ਜਾਵੇ। ਕਿਸੇ ਵੀ ਹੋਰ ਬਾਗੀ ਗੁੱਟ ਨੂੰ TMC ਦੇ ਨਾਂ ’ਤੇ ਕੋਈ ਅਧਿਕਾਰ ਨਹੀਂ ਦਿੱਤਾ ਜਾਣਾ ਚਾਹੀਦਾ।
TMC ਦੀ ਹੁਣ ਤੱਕ ਕਿੰਨੀਆਂ ਸੀਟਾਂ ’ਤੇ ਰਹੀ ਫੁੱਟ?
• ਲੋਕ ਸਭਾ ਸਾਂਸਦ: TMC ਕੋਲ ਕੁੱਲ 28 ਸੀਟਾਂ ਸਨ। 20 ਸਾਂਸਦ ਅਲੱਗ ਹੋ ਚੁੱਕੇ ਹਨ → ਹੁਣ ਮਮਤਾ ਕੋਲ ਸਿਰਫ਼ 8 ਸਾਂਸਦ ਬਚੇ ਹਨ।
• ਰਾਜ ਸਭਾ ਸਾਂਸਦ: TMC ਕੋਲ 13 ਸੀਟਾਂ ਸਨ, ਜਿਨ੍ਹਾਂ ਵਿੱਚੋਂ 4 ਨੇ ਅਸਤੀਫ਼ਾ ਦੇ ਕੇ ਪਾਰਟੀ ਛੱਡ ਦਿੱਤੀ ਹੈ → ਹੁਣ ਕੇਵਲ 9 ਰਾਜ ਸਭਾ ਸਾਂਸਦ ਬਚੇ ਹਨ।
• ਵਿਧਾਨ ਸਭਾ: TMC ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ 80 ਸੀਟਾਂ ਜਿੱਤੀਆਂ ਸਨ। ਇਨ੍ਹਾਂ ਵਿੱਚੋਂ 58 ਵਿਧਾਇਕਾਂ ਨੇ ਬਾਗੀ ਗੁੱਟ ਬਣਾ ਲਿਆ ਹੈ → ਹੁਣ ਮਮਤਾ ਕੋਲ ਸਿਰਫ਼ 22 ਵਿਧਾਇਕ ਬਚੇ ਹਨ।
ਮਮਤਾ ਬੈਨਰਜੀ ਦੀ ਪਾਰਟੀ ਵਿੱਚ ਫੁੱਟ ਉਨ੍ਹਾਂ ਦੀ ਚੋਣ ਹਾਰ ਤੋਂ ਮਹਿਜ਼ 14 ਦਿਨਾਂ ਬਾਅਦ ਹੀ ਸ਼ੁਰੂ ਹੋ ਗਈ ਸੀ। 4 ਮਈ ਨੂੰ ਨਤੀਜੇ ਆਏ ਸਨ, ਅਤੇ 18 ਮਈ ਨੂੰ ਹੀ ਬਾਗੀ ਸਾਂਸਦਾਂ ਨੇ ਲੋਕ ਸਭਾ ਸਪੀਕਰ ਨੂੰ ਪੱਤਰ ਭੇਜ ਕੇ ਵੱਖਰੇ ਗੁੱਟ ਦੀ ਮੰਗ ਕਰ ਦਿੱਤੀ ਸੀ। ਉਸ ਪੱਤਰ ਵਿੱਚ ਯੂਸਫ਼ ਪਠਾਨ, ਸਾਇਓਨੀ ਘੋਸ਼, ਕਾਕੋਲੀ ਘੋਸ਼ ਅਤੇ ਸ਼ਤਾਬਦੀ ਰਾਏ ਵਰਗੇ ਵੱਡੇ ਨਾਂ ਸ਼ਾਮਲ ਸਨ। ਪੱਤਰ ਵਿੱਚ ਕੁੱਲ 19 ਨਾਂ ਸਨ, ਜਦਕਿ ਇੱਕ ਹੋਰ ਨਾਂ ਅਜੇ ਅਧਿਕਾਰਤ ਤੌਰ ’ਤੇ ਸਾਹਮਣੇ ਨਹੀਂ ਆਇਆ ਹੈ।
TMC ਵਿੱਚ ਇਹ ਵੱਡੀ ਫੁੱਟ ਬੰਗਾਲ ਦੀ ਸਿਆਸਤ ਵਿੱਚ ਭੂਚਾਲ ਮੰਨੀ ਜਾ ਰਹੀ ਹੈ। ਮਮਤਾ ਬੈਨਰਜੀ ਕੋਲ ਹੁਣ ਸੰਸਦ ਅਤੇ ਵਿਧਾਨ ਸਭਾ ਦੋਵਾਂ ਥਾਂਵਾਂ ’ਤੇ ਆਪਣਾ ਘੇਰਾ ਬਹੁਤ ਸੀਮਤ ਹੋ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਉਹ ਆਪਣੀ ਪਾਰਟੀ ਨੂੰ ਸੰਭਾਲ ਪਾਉਂਦੀਆਂ ਹਨ ਜਾਂ ਫਿਰ ਹੋਰ ਵੀ ਵੱਡੀ ਗਿਣਤੀ ਵਿੱਚ ਬਾਗੀਆਂ ਦਾ ਧੜਾ ਵਧੇਗਾ।