Courtesy: ai image
ਅੰਮ੍ਰਿਤਸਰ: ਪੰਜਾਬ ਵਿੱਚ ਕਈ ਦਿਨਾਂ ਦੀ ਲਗਾਤਾਰ ਬਾਰਿਸ਼ ਤੋਂ ਬਾਅਦ ਮਾਨਸੂਨ ਸੁਸਤ ਪੈ ਗਿਆ ਹੈ। ਇਸਦੀ ਧੀਮੀ ਰਫ਼ਤਾਰ ਕਾਰਨ ਸੂਬੇ 'ਚ ਇੱਕ ਵਾਰ ਫਿਰ ਗਰਮੀ ਵੱਧ ਗਈ ਹੈ। ਹੁੰਮਸ ਅਤੇ ਗਰਮੀ ਕਾਰਨ ਲੋਕਾਂ ਦਾ ਸਾਹ ਲੈਣਾ ਔਖਾ ਹੋ ਗਿਆ ਹੈ। ਕਈ ਜ਼ਿਲ੍ਹਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਜਾ ਰਿਹਾ ਹੈ। ਬੁੱਧਵਾਰ ਨੂੰ ਭਾਵੇਂ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ ਮਾਮੂਲੀ ਜਿਹੀ ਕਮੀ ਆਈ, ਪਰ ਇਹ ਅਜੇ ਵੀ ਆਮ ਨਾਲੋਂ ਕਰੀਬ 1.9 ਡਿਗਰੀ ਸੈਲਸੀਅਸ ਵੱਧ ਰਿਹਾ। ਉੱਥੇ ਹੀ ਆਉਣ ਵਾਲੇ ਦਿਨਾਂ ਵਿੱਚ ਵੀ ਰਾਹਤ ਦੀ ਕੋਈ ਉਮੀਦ ਨਹੀਂ ਮਿਲਦੀ ਦਿਖ ਰਹੀ।
ਸੂਬੇ ਵਿੱਚ ਬਠਿੰਡਾ ਸਭ ਤੋਂ ਗਰਮ ਸਥਾਨ ਰਿਹਾ, ਜਿੱਥੇ ਵੱਧ ਤੋਂ ਵੱਧ ਤਾਪਮਾਨ 38 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਦਿਨ ਵੇਲੇ ਤਾਪਮਾਨ ਵਧਣ ਦੇ ਨਾਲ-ਨਾਲ ਹਵਾ ਵਿੱਚ ਨਮੀ ਰਹਿਣ ਕਾਰਨ ਲੋਕਾਂ ਨੂੰ ਅਸਲ ਤਾਪਮਾਨ ਨਾਲੋਂ ਵੱਧ ਗਰਮੀ ਮਹਿਸੂਸ ਹੋ ਰਹੀ ਹੈ।
ਮੌਸਮ ਵਿਭਾਗ ਦੇ ਅਨੁਮਾਨ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਦੌਰਾਨ ਪੰਜਾਬ ਵਿੱਚ ਮੌਸਮ ਦੀ ਸਥਿਤੀ ਵਿੱਚ ਕੋਈ ਵੱਡਾ ਬਦਲਾਅ ਹੋਣ ਦੀ ਸੰਭਾਵਨਾ ਨਹੀਂ ਹੈ। ਇਸ ਕਾਰਨ ਲੋਕਾਂ ਨੂੰ ਗਰਮੀ ਅਤੇ ਨਮੀ ਦਾ ਸਾਹਮਣਾ ਕਰਨਾ ਪਵੇਗਾ। ਵੀਰਵਾਰ ਨੂੰ ਸੂਬੇ ਵਿੱਚ ਵਿਆਪਕ ਜਾਂ ਭਾਰੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਜਤਾਈ ਗਈ ਹੈ। ਹਾਲਾਂਕਿ, ਹਿਮਾਚਲ ਪ੍ਰਦੇਸ਼ ਦੀ ਸਰਹੱਦ ਨਾਲ ਲੱਗਦੇ ਪੰਜਾਬ ਦੇ ਉੱਤਰੀ ਅਤੇ ਪੂਰਬੀ ਇਲਾਕਿਆਂ ਵਿੱਚ ਕੁਝ ਥਾਵਾਂ 'ਤੇ ਹਲਕਾ ਜਾਂ ਖਿੰਡਿਆ-ਪੁੰਡਿਆ ਮੀਂਹ ਪੈ ਸਕਦਾ ਹੈ।
ਵੀਰਵਾਰ ਨੂੰ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਨਵਾਂਸ਼ਹਿਰ ਅਤੇ ਰੂਪਨਗਰ ਵਿੱਚ ਕੁਝ ਥਾਵਾਂ 'ਤੇ ਹਲਕੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਦੇ ਕੁਝ ਇਲਾਕਿਆਂ ਵਿੱਚ ਵੀ ਬੱਦਲ ਬਣਨ ਅਤੇ ਸਥਾਨਕ ਪੱਧਰ 'ਤੇ ਮੱਠਾ-ਮੱਠਾ ਮੀਂਹ ਪੈਣ ਦੇ ਆਸਾਰ ਹਨ। ਇਨ੍ਹਾਂ ਖੇਤਰਾਂ ਤੋਂ ਇਲਾਵਾ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਮੌਸਮ ਮੁੱਖ ਤੌਰ 'ਤੇ ਖੁਸ਼ਕ ਰਹਿਣ ਦੀ ਉਮੀਦ ਹੈ। ਇਸ ਲਈ ਮੀਂਹ ਨੂੰ ਲੈ ਕੇ ਸੂਬੇ ਭਰ ਵਿੱਚ ਕਿਸੇ ਵੱਡੀ ਮੌਸਮੀ ਗਤੀਵਿਧੀ ਦੀ ਸੰਭਾਵਨਾ ਨਹੀਂ ਹੈ।
ਇਸਤੋਂ ਇਲਾਵਾ ਤਰਨਤਾਰਨ, ਕਪੂਰਥਲਾ, ਜਲੰਧਰ, ਲੁਧਿਆਣਾ, ਫਿਰੋਜ਼ਪੁਰ, ਫਰੀਦਕੋਟ, ਮੋਗਾ, ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਾਜ਼ਿਲਕਾ, ਬਰਨਾਲਾ ਅਤੇ ਸੰਗਰੂਰ ਸਮੇਤ ਕਈ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ, ਦਿਨ ਦੌਰਾਨ ਸਥਾਨਕ ਮੌਸਮੀ ਹਾਲਾਤਾਂ ਦੇ ਅਨੁਸਾਰ ਕੁਝ ਇਲਾਕਿਆਂ ਵਿੱਚ ਬੱਦਲਵਾਈ ਜਾਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਗਿਆ। ਖਾਸ ਤੌਰ 'ਤੇ ਉੱਤਰੀ ਅਤੇ ਪੂਰਬੀ ਪੰਜਾਬ ਵਿੱਚ ਮੀਂਹ ਦੀ ਸੰਭਾਵਨਾ ਬਾਕੀ ਇਲਾਕਿਆਂ ਦੇ ਮੁਕਾਬਲੇ ਜ਼ਿਆਦਾ ਰਹੇਗੀ।
ਮੌਸਮ ਵਿਭਾਗ ਨੇ ਫਿਲਹਾਲ ਪੰਜਾਬ ਲਈ ਭਾਰੀ ਮੀਂਹ ਜਾਂ ਕਿਸੇ ਵੱਡੀ ਮੌਸਮੀ ਘਟਨਾ ਸਬੰਧੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ। ਇਸ ਦਾ ਮਤਲਬ ਹੈ ਕਿ ਸੂਬੇ ਵਿੱਚ ਵੱਡੇ ਪੱਧਰ 'ਤੇ ਮੀਂਹ ਪੈਣ ਦੀ ਸੰਭਾਵਨਾ ਘੱਟ ਹੈ। ਲੋਕਾਂ ਨੂੰ ਗਰਮੀ ਅਤੇ ਹੁੰਮਸ ਤੋਂ ਰਾਹਤ ਮੁੱਖ ਤੌਰ 'ਤੇ ਸਥਾਨਕ ਪੱਧਰ 'ਤੇ ਹੋਣ ਵਾਲੀ ਖਿੰਡਵੀਂ ਬਾਰਿਸ਼ ਤੋਂ ਹੀ ਮਿਲ ਸਕਦੀ ਹੈ। ਜਦੋਂ ਤੱਕ ਵਿਆਪਕ ਮੀਂਹ ਦਾ ਸਿਸਟਮ ਸਰਗਰਮ ਨਹੀਂ ਹੁੰਦਾ, ਉਦੋਂ ਤੱਕ ਪੰਜਾਬ ਦੇ ਵੱਡੇ ਹਿੱਸੇ ਵਿੱਚ ਗਰਮ ਅਤੇ ਨਮੀ ਵਾਲਾ ਮੌਸਮ ਜਾਰੀ ਰਹਿਣ ਦੀ ਸੰਭਾਵਨਾ ਬਣੀ ਹੋਈ ਹੈ।