ਚੋਣ ਕਮਿਸ਼ਨ ਵੱਲੋਂ ਸੂਬੇ 'ਚ ਮਤਦਾਤਾਵਾਂ ਦੀ ਸੂਚੀ ਨੂੰ ਅੱਪਡੇਟ ਕਰਨ ਦੀ ਪ੍ਰਕਿਰਿਆ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਗਏ ਹਨ। 1 ਅਕਤੂਬਰ, 2026 ਨੂੰ ਆਧਾਰ ਮਿਤੀ ਮੰਨ ਕੇ ਤਿਆਰ ਕੀਤੀ ਜਾਣ ਵਾਲੀ ਵੋਟਰ ਲਿਸਟ ਲਈ ਮੁੱਖ ਚੋਣ ਅਫ਼ਸਰ ਪੰਜਾਬ ਨੂੰ ਰਿਵਾਇਜ਼ਡ ਰੂਪ-ਰੇਖਾ ਭੇਜ ਦਿੱਤੀ ਗਈ ਹੈ।
ਨਵੀਂ ਸਮਾਂ-ਸਾਰਣੀ ਮੁਤਾਬਕ ਹੁਣ ਬੂਥ ਪੱਧਰੀ ਅਧਿਕਾਰੀ (BLO) 3 ਅਗਸਤ, 2026 ਤੱਕ ਘਰ-ਘਰ ਜਾ ਕੇ ਲੋਕਾਂ ਦੇ ਵੇਰਵਿਆਂ ਦੀ ਪੁਸ਼ਟੀ ਕਰਨਗੇ। ਇਸ ਮਹੀਨੇ ਭਰ ਚੱਲਣ ਵਾਲੀ ਮੁਹਿੰਮ ਮਗਰੋਂ 13 ਅਗਸਤ ਨੂੰ ਵੋਟਰ ਸੂਚੀ ਦਾ ਖਰੜਾ ਪ੍ਰਕਾਸ਼ਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਆਮ ਲੋਕ 12 ਸਤੰਬਰ ਤੱਕ ਆਪਣੇ ਨਾਮ ਦਰਜ ਕਰਵਾਉਣ, ਸੁਧਾਰ ਜਾਂ ਕਿਸੇ ਇਤਰਾਜ਼ ਲਈ ਅਰਜ਼ੀਆਂ ਦੇ ਸਕਣਗੇ।
ਇਹਨਾਂ ਦਾਅਵਿਆਂ ਅਤੇ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਉਪਰੰਤ 12 ਅਕਤੂਬਰ, 2026 ਨੂੰ ਅੰਤਿਮ ਮਤਦਾਤਾ ਸੂਚੀ ਜਾਰੀ ਕਰ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਇਸੇ ਆਧਾਰ 'ਤੇ ਭਵਿੱਖ ਵਿੱਚ ਚੋਣ ਕਰਵਾਉਣ ਦੀ ਪ੍ਰਕਿਰਿਆ ਅੱਗੇ ਵਧੇਗੀ।
ਦੱਸ ਦਈਏ ਕਿ ਮੂਲ ਯੋਜਨਾ ਅਨੁਸਾਰ 25 ਜੂਨ ਤੋਂ 24 ਜੁਲਾਈ ਤੱਕ ਘਰ-ਘਰ ਜਾ ਕੇ ਮਤਦਾਤਾਵਾਂ ਦੀ ਜਾਂਚ ਕੀਤੀ ਜਾਣੀ ਸੀ ਅਤੇ 3 ਅਗਸਤ ਨੂੰ ਖਰੜਾ ਸੂਚੀ ਪੇਸ਼ ਕੀਤੀ ਜਾਣੀ ਸੀ। ਦਾਅਵਿਆਂ ਲਈ 3 ਅਗਸਤ ਤੋਂ 2 ਸਤੰਬਰ, ਸੋਧਾਂ ਦੀ ਸਮਾਂ-ਸੀਮਾ 28 ਸਤੰਬਰ ਅਤੇ 1 ਅਕਤੂਬਰ ਨੂੰ ਅੰਤਿਮ ਸੂਚੀ ਪ੍ਰਕਾਸ਼ਿਤ ਕਰਨ ਦਾ ਸ਼ੈਡਿਊਲ ਸੀ।
ਪਰ ਹੁਣ ਚੋਣ ਕਮਿਸ਼ਨ ਨੇ ਸਾਰੇ ਪੜਾਵਾਂ ਦੇ ਸਮੇਂ ਵਿੱਚ ਫੇਰਬਦਲ ਕਰਦਿਆਂ ਘਰ-ਘਰ ਤਸਦੀਕ ਦੀ ਮਿਆਦ ਨੂੰ 3 ਅਗਸਤ ਤੱਕ ਵਧਾ ਦਿੱਤਾ ਹੈ, ਜਦਕਿ ਖਰੜਾ ਸੂਚੀ 13 ਅਗਸਤ ਅਤੇ ਅੰਤਿਮ ਲਿਸਟ 12 ਅਕਤੂਬਰ ਨੂੰ ਪ੍ਰਕਾਸ਼ਤ ਕੀਤੀ ਜਾਵੇਗੀ।