Courtesy: Credit: OpenAI
ਪੰਜਾਬ ਐਸਐਸਐਫ ਦੀ ਕਾਰਗੁਜ਼ਾਰੀ ਦੇ ਅੰਕੜੇ ਇਸ ਦੇ ਪ੍ਰਭਾਵ ਨੂੰ ਦਰਸਾਉਂਦੇ ਹਨ। ਫਰਵਰੀ 2024 ਤੋਂ ਜਨਵਰੀ 2026 ਤੱਕ ਫੋਰਸ ਨੇ 43,983 ਸੜਕ ਹਾਦਸਿਆਂ ਵਾਲੀਆਂ ਥਾਵਾਂ ’ਤੇ ਪਹੁੰਚ ਕੇ 47,386 ਲੋਕਾਂ ਦੀ ਮਦਦ ਕੀਤੀ। ਇਨ੍ਹਾਂ ਵਿੱਚੋਂ 19,973 ਵਿਅਕਤੀਆਂ ਨੂੰ ਮੌਕੇ ’ਤੇ ਮੁੱਢਲੀ ਸਹਾਇਤਾ ਦਿੱਤੀ ਗਈ, ਜਦਕਿ 27,413 ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ। ਐਸਐਸਐਫ ਦੀ ਤਾਇਨਾਤੀ ਵਾਲੇ ਮਾਰਗਾਂ ’ਤੇ ਹਾਦਸਿਆਂ ਵਿੱਚ ਮੌਤਾਂ ਵਿੱਚ ਵੀ 45 ਤੋਂ 48 ਫੀਸਦੀ ਤੱਕ ਕਮੀ ਦਰਜ ਹੋਣ ਦਾ ਦਾਅਵਾ ਕੀਤਾ ਗਿਆ ਹੈ। ਡੀਜੀਪੀ ਗੌਰਵ ਯਾਦਵ ਮੁਤਾਬਕ 2023 ਵਿੱਚ 1,955 ਮੌਤਾਂ ਦੇ ਮੁਕਾਬਲੇ 2024 ਵਿੱਚ ਇਹ ਗਿਣਤੀ 1,016 ਰਹਿ ਗਈ।
ਐਸਐਸਐਫ ਦਾ ਸਭ ਤੋਂ ਵੱਡਾ ਫੋਕਸ ਹਾਦਸੇ ਤੋਂ ਬਾਅਦ ਪਹਿਲੇ ਕੁਝ ਮਿੰਟਾਂ ਵਿੱਚ ਮਦਦ ਪਹੁੰਚਾਉਣਾ ਹੈ। ‘ਪਲੈਟੀਨਮ 10 ਮਿੰਟ’ ਮਾਡਲ ਤਹਿਤ ਟੀਮਾਂ ਦਾ ਟੀਚਾ ਛੇ ਤੋਂ ਅੱਠ ਮਿੰਟਾਂ ਵਿੱਚ ਹਾਦਸੇ ਵਾਲੀ ਥਾਂ ’ਤੇ ਪਹੁੰਚਣਾ ਹੈ। ਫੋਰਸ ਕੋਲ 144 ਹਾਈ-ਟੈਕ ਵਾਹਨ ਅਤੇ 1,600 ਤੋਂ ਵੱਧ ਸਿਖਲਾਈ ਪ੍ਰਾਪਤ ਕਰਮਚਾਰੀ ਹਨ। ਇਨ੍ਹਾਂ ਵਾਹਨਾਂ ਵਿੱਚ ਸਪੀਡ ਗਨ, ਬ੍ਰੇਥਲਾਈਜ਼ਰ, ਈ-ਚਲਾਨ ਮਸ਼ੀਨ, ਡੈਸ਼ ਕੈਮ ਅਤੇ ਫਸਟ ਏਡ ਕਿੱਟ ਵਰਗੀਆਂ ਸਹੂਲਤਾਂ ਮੌਜੂਦ ਹਨ।
ਐਸਐਸਐਫ ਹੁਣ ਰਵਾਇਤੀ ਗਸ਼ਤ ਤੋਂ ਅੱਗੇ ਵਧ ਕੇ ਤਕਨਾਲੋਜੀ ਆਧਾਰਿਤ ਸਿਸਟਮ ਤਿਆਰ ਕਰ ਰਹੀ ਹੈ। ਪ੍ਰਸਤਾਵਿਤ 3ਡੀ ਪੁਲਿਸਿੰਗ ਮਾਡਲ ਵਿੱਚ ਡਰੋਨ, ਸੈਟੇਲਾਈਟ ਇਮੇਜਰੀ ਅਤੇ ਏਆਈ ਅਧਾਰਿਤ ਭਵਿੱਖਬਾਣੀ ਪ੍ਰਣਾਲੀਆਂ ਨੂੰ ਜੋੜਿਆ ਜਾਵੇਗਾ। ਇਸ ਰਾਹੀਂ ਖ਼ਤਰਨਾਕ ਸਥਿਤੀਆਂ ਦੀ ਪਹਿਲਾਂ ਪਛਾਣ, ਟ੍ਰੈਫਿਕ ਜਾਮ ਦੀ ਭਵਿੱਖਬਾਣੀ ਅਤੇ ਹਾਦਸੇ ਤੋਂ ਬਾਅਦ ਤੁਰੰਤ ਪੁਲਿਸ ਰਿਸਪਾਂਸ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਯੋਜਨਾ ਹੈ।
ਐਸਐਸਐਫ ਦੇ ਅਗਲੇ ਪੜਾਅ ਵਿੱਚ ਸੜਕਾਂ ਦੀ ਕਵਰੇਜ ਹੋਰ ਵਧਾਈ ਜਾਵੇਗੀ। ਮੌਜੂਦਾ ਨੈੱਟਵਰਕ ਨੂੰ ਵਧਾ ਕੇ ਕਰੀਬ 6,000 ਕਿਲੋਮੀਟਰ ਰਾਜ ਸੜਕਾਂ ਤੱਕ ਲਿਜਾਣ ਦੀ ਯੋਜਨਾ ਹੈ। ‘ਵਿਜ਼ਨ ਐਸਐਸਐਫ-2047’ ਤਹਿਤ ਏਆਈ, ਸੈਟੇਲਾਈਟ ਡੇਟਾ, ਡਰੋਨ ਅਤੇ ਜੀਓਸਪੇਸ਼ਲ ਤਕਨਾਲੋਜੀ ਨੂੰ ਇੱਕੋ ਸਿਸਟਮ ਵਿੱਚ ਜੋੜਨ ਦਾ ਟੀਚਾ ਰੱਖਿਆ ਗਿਆ ਹੈ।
ਪੰਜਾਬ ਪੁਲਿਸ ਮੁਤਾਬਕ ਇਸ ਪੂਰੇ ਮਾਡਲ ਦਾ ਮਕਸਦ ਸਿਰਫ਼ ਹਾਦਸਿਆਂ ਤੋਂ ਬਾਅਦ ਕਾਰਵਾਈ ਕਰਨਾ ਨਹੀਂ, ਸਗੋਂ ਖ਼ਤਰੇ ਨੂੰ ਪਹਿਲਾਂ ਪਛਾਣ ਕੇ ਉਸ ਨੂੰ ਰੋਕਣਾ ਹੈ। ਇੰਟੈਲੀਜੈਂਟ ਟਰਾਂਸਪੋਰਟ ਮੈਨੇਜਮੈਂਟ ਸਿਸਟਮ, ਏਐਨਪੀਆਰ, ਪ੍ਰਿਡਿਕਟਿਵ ਐਨਾਲਿਟਿਕਸ ਅਤੇ ਰੀਅਲ-ਟਾਈਮ ਡੇਟਾ ਇਸ ਪ੍ਰਣਾਲੀ ਦਾ ਹਿੱਸਾ ਹੋਣਗੇ। ਪੰਜਾਬ ਪੁਲਿਸ ਦਾ ਟੀਚਾ ਤਕਨਾਲੋਜੀ, ਤੁਰੰਤ ਸੇਵਾ ਅਤੇ ਵਿਗਿਆਨਕ ਡੇਟਾ ਦੀ ਮਦਦ ਨਾਲ ਪੰਜਾਬ ਨੂੰ ਦੇਸ਼ ਦਾ ਰੋਡ ਸੇਫਟੀ ਹੱਬ ਬਣਾਉਣਾ ਹੈ।