menu-icon
Punjabi Story Line
  • Home
  • News
  • Punjab
  • Punjabi Singer - ਸਤਵਿੰਦਰ ਬੁੱਗਾ ਖਿਲਾਫ FIR ਦਰਜ, ਭਰਜਾਈ ਦੀ ਮੌਤ ਮਗਰੋਂ ਵਿਵਾਦਾਂ 'ਚ ਘਿਰਿਆ ਸੀ ਗਾਇਕ 

Punjabi Singer - ਸਤਵਿੰਦਰ ਬੁੱਗਾ ਖਿਲਾਫ FIR ਦਰਜ, ਭਰਜਾਈ ਦੀ ਮੌਤ ਮਗਰੋਂ ਵਿਵਾਦਾਂ 'ਚ ਘਿਰਿਆ ਸੀ ਗਾਇਕ 

ਥਾਣਾ ਬਡਾਲੀ ਆਲਾ ਸਿੰਘ ਵਿਖੇ ਪੰਜਾਬੀ ਗਾਇਕ ਤੇ ਉਸਦੇ ਦੋ ਸਾਥੀਆਂ ਖਿਲਾਫ ਆਈਪੀਸੀ ਦੀ ਧਾਰਾ 304, 323, 341, 506, 34 ਦੇ ਅਧੀਨ ਮੁਕੱਦਮਾ ਦਰਜ ਕੀਤਾ ਗਿਆ ਹੈ। ਗੈਰ ਜ਼ਮਾਨਤੀ ਧਾਰਾ ਅਧੀਨ ਕੇਸ ਦਰਜ ਕੀਤਾ ਗਿਆ ਹੈ। ਬੁੱਗਾ ਤੇ ਉਸਦੇ ਸਾਥੀਆਂ ਨੂੰ ਜੇਲ੍ਹ ਜਾਣਾ ਪੈ ਸਕਦਾ ਹੈ। 

Date Updated Last Updated : 13 January 2024, 08:32 PM IST
Share:

ਹਾਈਲਾਈਟਸ

  • ਦਵਿੰਦਰ ਸਿੰਘ ਨੇ ਹਾਈ ਕੋਰਟ ਦਾ ਸਹਾਰਾ ਲਿਆ ਸੀ।
  • ਸਤਵਿੰਦਰ ਬੁੱਗਾ ਨੂੰ ਜੇਲ੍ਹ ਜਾਣਾ ਪਵੇਗਾ।

Crime news। ਫਤਿਹਗੜ੍ਹ ਸਾਹਿਬ ਦੇ ਪਿੰਡ ਮੁਕਾਰੋਪੁਰ ਦੇ ਰਹਿਣ ਵਾਲੇ ਪੰਜਾਬੀ ਗਾਇਕ ਸਤਵਿੰਦਰ ਸਿੰਘ ਬੁੱਗਾ ਖਿਲਾਫ ਐੱਫ.ਆਈ.ਆਰ. ਦਰਜ ਹੋ ਗਈ ਹੈ। 23 ਦਸੰਬਰ 2023 ਨੂੰ ਆਪਣੀ ਭਰਜਾਈ ਦੀ ਮੌਤ ਤੋਂ ਬਾਅਦ ਗਾਇਕ ਬੁੱਗਾ ਵਿਵਾਦਾਂ ਵਿੱਚ ਘਿਰ ਗਿਆ ਸੀ। ਇਸ ਮਾਮਲੇ 'ਚ ਸ਼ਨੀਵਾਰ ਨੂੰ ਬੁੱਗਾ ਖਿਲਾਫ ਮਾਮਲਾ ਦਰਜ ਕੀਤਾ ਗਿਆ। ਗੈਰ ਇਰਾਦਾ ਕਤਲ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਜਿਸ ਵਿੱਚ ਬੁੱਗਾ ਦੇ ਦੋ ਸਾਥੀਆਂ ਹਜ਼ਾਰਾ ਸਿੰਘ ਅਤੇ ਹਰਵਿੰਦਰ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਸਤਵਿੰਦਰ ਬੁੱਗਾ ਦੇ ਭਰਾ ਦਵਿੰਦਰ ਸਿੰਘ ਭੋਲਾ ਦੀ ਸ਼ਿਕਾਇਤ ’ਤੇ ਥਾਣਾ ਬਡਾਲੀ ਆਲਾ ਸਿੰਘ ਵਿਖੇ ਕੇਸ ਦਰਜ ਕੀਤਾ ਗਿਆ।

ਕੀ ਲਿਖਿਆ FIR ਵਿੱਚ


ਦਵਿੰਦਰ ਸਿੰਘ ਭੋਲਾ ਨੇ ਐਫਆਈਆਰ ਵਿੱਚ ਬਿਆਨ ਲਿਖਵਾਇਆ  ਹੈ ਕਿ ਉਸਦੇ ਭਰਾ ਸਤਵਿੰਦਰ ਬੁੱਗਾ ਨਾਲ ਪਿਛਲੇ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚੱਲ ਰਿਹਾ ਸੀ। 23 ਦਸੰਬਰ ਨੂੰ ਜਦੋਂ ਉਹ ਆਪਣੇ ਖੇਤਾਂ ਵਿਚ ਗਿਆ ਤਾਂ ਸਤਵਿੰਦਰ ਆਪਣੇ ਦੋ ਸਾਥੀਆਂ ਸਮੇਤ ਉਥੇ ਪਹਿਲਾਂ ਹੀ ਮੌਜੂਦ ਸੀ। ਉਥੇ ਉਸ ਨੂੰ ਘੇਰ ਲਿਆ ਗਿਆ। ਜਦੋਂ ਉਹ ਵੀਡੀਓ ਬਣਾਉਣ ਲੱਗਾ ਤਾਂ ਉਸਦਾ ਮੋਬਾਈਲ ਖੋਹ ਲਿਆ ਗਿਆ। ਸਤਵਿੰਦਰ ਬੁੱਗਾ, ਹਜ਼ਾਰਾ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਉਸਨੂੰ ਜ਼ਮੀਨ 'ਤੇ ਸੁੱਟ ਦਿੱਤਾ। ਬੁੱਗਾ ਨੇ ਉਸਦਾ ਗਲਾ ਘੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਉਸ ਦੇ ਸਾਹ ਰੁਕਣ ਲੱਗੇ ਤਾਂ ਤਿੰਨੋਂ ਉਸਨੂੰ ਛੱਡ ਕੇ ਮੋਟਰ ’ਤੇ ਚਲੇ ਗਏ। ਇਸ ਦੌਰਾਨ ਜਦੋਂ ਉਹ (ਦਵਿੰਦਰ) ਕਾਰ ਲੈ ਕੇ ਜਾਣ ਲੱਗਾ ਤਾਂ ਸਤਵਿੰਦਰ ਬੁੱਗਾ ਅਤੇ ਹਰਵਿੰਦਰ ਸਿੰਘ ਨੇ ਖਿੜਕੀ ਫੜ ਲਈ। ਕਾਰ ਦੀ ਚਾਬੀ ਕੱਢ ਲਈ। ਫਿਰ ਉਸਦੇ ਨੌਕਰ ਸੁਸ਼ੀਲ ਨੇ ਘਰ ਜਾ ਕੇ ਉਸਦੀ ਪਤਨੀ ਅਮਰਜੀਤ ਕੌਰ ਨੂੰ ਦੱਸਿਆ। ਜਦੋਂ ਉਸਦੀ ਪਤਨੀ ਅਮਰਜੀਤ ਕੌਰ ਆਈ ਤਾਂ ਸਤਵਿੰਦਰ ਬੁੱਗਾ ਨੇ ਉਸਦੀ ਪਤਨੀ ਨੂੰ ਬਾਂਹ ਤੋਂ ਫੜ ਕੇ ਧੱਕਾ ਦੇ ਦਿੱਤਾ ਅਤੇ ਉਸਦੀ ਪਤਨੀ ਜ਼ਮੀਨ ’ਤੇ ਡਿੱਗ ਪਈ। ਜਿਸ ਕਾਰਨ ਉਸਦੀ ਪਤਨੀ ਦੇ ਸਿਰ 'ਚ ਸੱਟ ਲੱਗ ਗਈ। ਉਸਦੀ ਪਤਨੀ ਬੇਹੋਸ਼ ਹੋ ਗਈ ਸੀ। ਉਸਨੇ ਆਪਣੀ ਪਤਨੀ ਦੇ ਹੱਥਾਂ-ਪੈਰਾਂ ਦੀ ਮਾਲਿਸ਼ ਕਰਕੇ ਉਸਨੂੰ ਹੋਸ਼ ਵਿਚ ਲਿਆਂਦਾ। ਉਦੋਂ ਹੀ ਪੁਲਿਸ ਉੱਥੇ ਪਹੁੰਚ ਗਈ ਸੀ। ਪੁਲਿਸ ਦੇ ਸਾਹਮਣੇ ਉਸਦੀ ਪਤਨੀ ਦੀ ਸਿਹਤ ਫਿਰ ਵਿਗੜ ਗਈ। ਇਸਤੋਂ ਬਾਅਦ ਪਹਿਲਾਂ ਉਹ ਆਪਣੀ ਪਤਨੀ ਨੂੰ ਸਿਵਲ ਹਸਪਤਾਲ ਖੇੜਾ ਅਤੇ ਫਿਰ ਫਤਿਹਗੜ੍ਹ ਸਾਹਿਬ ਲੈ ਗਿਆ। ਉਥੋਂ ਉਸਦੀ ਪਤਨੀ ਨੂੰ ਸੈਕਟਰ-32 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਇਸ ਦੌਰਾਨ ਉਸਦੀ ਪਤਨੀ ਦੀ ਮੌਤ ਹੋ ਗਈ।
 
ਹਾਈਕੋਰਟ ਦੇ ਦਖਲ ਤੋਂ ਬਾਅਦ ਪੋਸਟਮਾਰਟਮ 

ਇਸ ਮਾਮਲੇ ਵਿੱਚ ਦਵਿੰਦਰ ਸਿੰਘ ਭੋਲਾ ਨੇ ਪੁਲਿਸ ’ਤੇ ਗੰਭੀਰ ਦੋਸ਼ ਲਾਏ ਸਨ। ਇਸਤੋਂ ਬਾਅਦ ਦਵਿੰਦਰ ਸਿੰਘ ਨੇ ਹਾਈ ਕੋਰਟ ਦਾ ਸਹਾਰਾ ਲਿਆ ਸੀ। ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ 6 ਜਨਵਰੀ ਨੂੰ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਗਿਆ ਸੀ। ਪੋਸਟ ਮਾਰਟਮ ਰਿਪੋਰਟ ਵਿੱਚ  ਵੀ ਪਾਇਆ ਗਿਆ ਕਿ ਅਮਰਜੀਤ ਕੌਰ ਦੀ ਮੌਤ ਸਿਰ ਵਿੱਚ ਸੱਟ ਲੱਗਣ ਕਾਰਨ ਹੋਈ ਹੈ।

ਅੰਤਿਮ ਸਸਕਾਰ ਨਹੀਂ ਕੀਤਾ

ਦਵਿੰਦਰ ਸਿੰਘ ਭੋਲਾ ਨੇ ਪਹਿਲੇ ਦਿਨ ਤੋਂ ਹੀ ਇਸ ਗੱਲ ਤੋਂ ਇਨਕਾਰ ਕਰ ਦਿੱਤਾ ਸੀ ਕਿ ਉਹ ਅੰਤਿਮ ਸੰਸਕਾਰ ਨਹੀਂ ਕਰਨਗੇ। ਸਤਵਿੰਦਰ ਬੁੱਗਾ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਗਈ ਸੀ। ਹੁਣ ਇਸ ਘਟਨਾ ਦੇ 20 ਦਿਨਾਂ ਬਾਅਦ ਫਤਿਹਗੜ੍ਹ ਸਾਹਿਬ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ। ਦਵਿੰਦਰ ਸਿੰਘ ਭੋਲਾ ਹੁਣ ਅੰਤਿਮ ਸੰਸਕਾਰ ਕਰਨਗੇ ਜਾਂ ਨਹੀਂ, ਇਹ ਐਤਵਾਰ ਨੂੰ ਪਤਾ ਲੱਗੇਗਾ।

ਇਨ੍ਹਾਂ ਧਾਰਾਵਾਂ ਤਹਿਤ ਕੇਸ ਦਰਜ 

ਫਤਹਿਗੜ੍ਹ ਸਾਹਿਬ ਪੁਲਿਸ ਨੇ ਆਈਪੀਸੀ ਦੀ ਧਾਰਾ 304 (ਗੈਰ ਇਰਾਦਾ ਕਤਲ), 323 (ਕੁੱਟਮਾਰ), 341 (ਰਸਤੇ 'ਚ ਘੇਰਨਾ), 506 (ਅਪਰਾਧਿਕ ਧਮਕੀ) ਅਤੇ 34 ਤਹਿਤ ਕੇਸ ਦਰਜ ਕੀਤਾ ਹੈ। ਇਨ੍ਹਾਂ ਵਿੱਚੋਂ ਧਾਰਾ 304 ਗੈਰ-ਜ਼ਮਾਨਤੀ ਧਾਰਾ ਹੈ। ਜਿਸ ਕਾਰਨ ਕਿਹਾ ਜਾ ਰਿਹਾ ਹੈ ਕਿ ਸਤਵਿੰਦਰ ਬੁੱਗਾ ਨੂੰ ਜੇਲ੍ਹ ਜਾਣਾ ਪਵੇਗਾ।

Recent News