ਪੰਜਾਬ ਦੀਆਂ ਲੱਖਾਂ ਔਰਤਾਂ ਦਾ ਇੰਤਜ਼ਾਰ ਖਤਮ ਹੋ ਗਿਆ। ਬੁੱਧਵਾਰ ਨੂੰ ਭਗਵੰਤ ਸਿੰਘ ਮਾਨ ਸਰਕਾਰ ਨੇ ਆਪਣੀ ਆਖਰੀ ਅਤੇ ਸਭ ਤੋਂ ਵੱਡੀ ਗਾਰੰਟੀ ਪੂਰੀ ਕਰਦਿਆਂ ਔਰਤਾਂ ਦੇ ਬੈਂਕ ਖਾਤੇ 'ਚ 1000 ਰੁਪਏ ਦੀ ਸਨਮਾਨ ਰਾਸ਼ੀ ਪਾ ਦਿੱਤੀ। ਧੂਰੀ 'ਚ ਮੁੱਖ ਮੰਤਰੀ ਨੇ ਇੱਕ ਵੈੱਬ ਲਿੰਕ ਲਾਂਚ ਕਰਕੇ 'ਮੁੱਖ ਮੰਤਰੀ ਮਾਵਾਂ-ਧੀਆਂ ਸਤਕਾਰ ਯੋਜਨਾ' ਦਾ ਸ਼ੁਭਾਰੰਭ ਕੀਤਾ। ਸਰਕਾਰ ਨੇ ਇੱਕੋ ਵਾਰ ਤਿੰਨ ਮਹੀਨਿਆਂ ਦੀ ਕਿਸ਼ਤ ਜਾਰੀ ਕੀਤੀ ਹੈ। ਆਮ ਵਰਗ ਦੀਆਂ ਔਰਤਾਂ ਨੂੰ 3000 ਅਤੇ ਦਲਿਤ ਔਰਤਾਂ ਦੇ ਖਾਤੇ 'ਚ 4500 ਰੁਪਏ ਟ੍ਰਾਂਸਫਰ ਕੀਤੇ ਗਏ ਹਨ। 2022 'ਚ ਆਮ ਆਦਮੀ ਪਾਰਟੀ ਨੇ ਪੰਜ ਗਾਰੰਟੀਆਂ ਦਿੱਤੀਆਂ ਸਨ। ਅੱਜ ਆਖਰੀ ਚੋਣ ਵਾਅਦਾ ਵੀ ਪੂਰਾ ਹੋ ਗਿਆ। ਉੱਧਰ, ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਯੋਜਨਾ ਦੇ ਸ਼ੁਭਾਰੰਭ 'ਤੇ ਪੰਜਾਬ ਦੀਆਂ ਔਰਤਾਂ ਨੂੰ ਵਧਾਈ ਦਿੱਤੀ ਹੈ।
ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ ਐਕਸ 'ਤੇ ਕਿਹਾ ਕਿ ਅੱਜ ਪੰਜਾਬ ਲਈ ਬਹੁਤ ਵੱਡਾ ਦਿਨ ਹੈ। ਪੰਜਾਬ ਦੀਆਂ ਮਾਵਾਂ ਅਤੇ ਭੈਣਾਂ ਲਈ ਬਹੁਤ ਵੱਡਾ ਦਿਨ ਹੈ। ਹੁਣ ਤੱਕ ਸਭ ਨੇ ਪੰਜਾਬ ਨੂੰ ਲੁੱਟਿਆ। ਭਗਵੰਤ ਮਾਨ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਹਨ, ਜਿਨ੍ਹਾਂ ਨੇ ਪੰਜਾਬ ਨੂੰ ਨਹੀਂ ਲੁੱਟਿਆ ਅਤੇ ਸਾਰਾ ਸਰਕਾਰੀ ਪੈਸਾ ਲੋਕਾਂ ਤੱਕ ਪਹੁੰਚਾਇਆ। ਪੰਜਾਬ ਨੂੰ ਲੁੱਟਣ ਵਾਲੇ ਅੱਜ ਮਾਵਾਂ ਅਤੇ ਭੈਣਾਂ ਨੂੰ ਗਾਲ੍ਹਾਂ ਦੇ ਰਹੇ ਹਨ, ਭਗਵੰਤ ਮਾਨ ਨੂੰ ਗਾਲ੍ਹਾਂ ਦੇ ਰਹੇ ਹਨ। ਪਰ ਉਹ ਸਮਝ ਲੈਣ ਕਿ ਹੁਣ ਪੰਜਾਬ ਬਦਲ ਚੁੱਕਾ ਹੈ। ਹੁਣ ਪੰਜਾਬ ਤੇਜ਼ੀ ਨਾਲ ਵਿਕਾਸ ਦੇ ਰਾਹ 'ਤੇ ਚੱਲ ਰਿਹਾ ਹੈ।
ਉੱਧਰ, ਧੂਰੀ 'ਚ ਸਕੀਮ ਦਾ ਸ਼ੁਭਾਰੰਭ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਤੋਂ ਬੈਂਕ ਦਾ ਪ੍ਰੋਸੈੱਸ ਸ਼ੁਰੂ ਹੋ ਗਿਆ ਹੈ ਅਤੇ ਕਿਸੇ ਵੀ ਵੇਲੇ ਫੋਨ 'ਤੇ ਮੈਸੇਜ ਦੀ ਆਵਾਜ਼ ਆ ਸਕਦੀ ਹੈ। ਅੱਜ ਤੋਂ ਸਨਮਾਨ ਰਾਸ਼ੀ ਆਉਣੀ ਸ਼ੁਰੂ ਹੋ ਜਾਵੇਗੀ। ਲੋਕਾਂ ਨੂੰ ਬੱਚਿਆਂ ਦੀ ਫੀਸ ਭਰਨੀ ਹੈ, ਪੜ੍ਹਾਈ ਜਾਂ ਕਿਸੇ ਹੋਰ ਕੰਮ 'ਤੇ ਖਰਚ ਕਰਨਾ ਹੈ ਜਾਂ ਕੋਈ ਉਧਾਰ ਚੁਕਾਉਣਾ ਹੈ। ਮੇਰੇ ਕੋਲ ਕਈ ਦਿਨਾਂ ਤੋਂ ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ ਸਨ, ਜਿਨ੍ਹਾਂ 'ਚ ਔਰਤਾਂ ਕਹਿ ਰਹੀਆਂ ਸਨ ਕਿ ਉਨ੍ਹਾਂ ਨੇ 2 ਤਾਰੀਖ ਦਾ ਵਾਅਦਾ ਕਰਕੇ ਉਧਾਰ ਲਿਆ ਹੈ ਕਿ 2 ਜੁਲਾਈ ਨੂੰ ਪੈਸੇ ਆਉਣਗੇ। ਉਨ੍ਹਾਂ ਕਿਹਾ ਕਿ ਇਸ ਯੋਜਨਾ 'ਚ ਜਨਰਲ ਕੈਟਾਗਰੀ ਦੀਆਂ ਔਰਤਾਂ ਨੂੰ 1000 ਰੁਪਏ ਅਤੇ ਦਲਿਤ ਮਾਵਾਂ ਨੂੰ 1500 ਰੁਪਏ ਮਿਲਣਗੇ। ਇਹ ਬਹੁਤ ਵੱਡੀ ਯੋਜਨਾ ਹੈ ਅਤੇ ਇਸ ਨੂੰ ਉਦੋਂ ਸ਼ੁਰੂ ਕੀਤਾ ਗਿਆ ਹੈ ਜਦੋਂ ਇਹ ਪੱਕਾ ਹੋ ਗਿਆ ਕਿ ਇਸ ਨੂੰ ਕਿਸੇ ਵੀ ਹਾਲਤ 'ਚ ਬੰਦ ਨਹੀਂ ਕਰਨਾ ਹੈ। ਇਸ ਯੋਜਨਾ ਤਹਿਤ ਹਮੇਸ਼ਾ ਪੈਸੇ ਆਉਣਗੇ ਅਤੇ ਇਹ ਸਕੀਮ ਵਾਪਸ ਨਹੀਂ ਲਈ ਜਾਵੇਗੀ।
ਇਸ ਦੌਰਾਨ ਭਗਵੰਤ ਸਿੰਘ ਮਾਨ ਨੇ ਵਿਰੋਧੀਆਂ 'ਤੇ ਵੀ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀ ਵਾਲੇ ਕਹਿੰਦੇ ਹਨ ਕਿ 1000 ਜਾਂ 1500 ਰੁਪਏ ਨਾਲ ਔਰਤਾਂ ਦਾ ਕੀ ਹੋਵੇਗਾ। ਵਿਰੋਧੀਆਂ ਨੇ ਕਦੇ ਗਰੀਬੀ ਨਹੀਂ ਦੇਖੀ। ਇਸ ਲਈ ਸ਼ਾਇਦ ਉਨ੍ਹਾਂ ਲਈ ਇਹ ਕੁਝ ਨਹੀਂ, ਪਰ ਮੈਂ ਗਰੀਬੀ ਦੇਖੀ ਹੈ, ਜਿੱਥੇ ਲੋਕ 5 ਰੁਪਏ ਦੀ ਚਾਇ ਪੱਤੀ ਤੱਕ ਦਾ ਹਿਸਾਬ ਰੱਖਦੇ ਹਨ। ਉਨ੍ਹਾਂ ਕਿਹਾ ਕਿ ਰੀਤੀ-ਰਿਵਾਜਾਂ, ਧੀ ਦੇ ਬੱਚਿਆਂ ਨੂੰ ਸ਼ਗਨ ਦੇਣ ਲਈ ਮਾਵਾਂ ਨੂੰ ਹੁਣ ਆਪਣੇ ਪਤੀ ਜਾਂ ਪੁੱਤਰਾਂ ਵੱਲ ਨਹੀਂ ਦੇਖਣਾ ਪਵੇਗਾ। ਹੁਣ ਔਰਤਾਂ ਕੋਲ ਆਪਣੇ ਪੈਸੇ ਹੋਣਗੇ ਅਤੇ ਉਨ੍ਹਾਂ ਦਾ ਸਨਮਾਨ ਬਣਿਆ ਰਹੇਗਾ। ਇਸੇ ਲਈ ਇਸ ਯੋਜਨਾ ਦਾ ਨਾਮ 'ਮਾਵਾਂ-ਧੀਆਂ ਸਤਕਾਰ ਯੋਜਨਾ' ਰੱਖਿਆ ਗਿਆ ਹੈ। ਪਹਿਲਾਂ ਵਿਆਹਾਂ 'ਚ ਕੁੜੀ ਵਾਲਿਆਂ ਦੇ ਪਿੰਡ ਤੋਂ ਆਏ ਬਰਾਤੀਆਂ ਨੂੰ ਸ਼ਗਨ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ ਜਾਂਦਾ ਸੀ, ਜਿਸ ਨਾਲ ਕੁੜੀ ਨੂੰ ਮਾਣ ਮਹਿਸੂਸ ਹੁੰਦਾ ਸੀ ਕਿ ਉਸ ਦੇ ਮਾਇਕੇ ਤੋਂ ਲੋਕ ਆਏ ਹਨ। ਮੈਰਿਜ ਪੈਲੇਸ ਕਲਚਰ ਨੇ ਇਹ ਰਿਵਾਜ ਖਤਮ ਕਰ ਦਿੱਤਾ ਹੈ।
ਭਗਵੰਤ ਸਿੰਘ ਮਾਨ ਨੇ ਔਰਤਾਂ ਨੂੰ ਕਿਹਾ ਕਿ ਉਹ ਮੈਨੂੰ ਆਪਣਾ ਪੁੱਤਰ ਜਾਂ ਭਤੀਜਾ ਸਮਝਣ, ਮੈਂ ਉਨ੍ਹਾਂ ਦਾ ਭਰੋਸਾ ਨਹੀਂ ਤੋੜਾਂਗਾ। ਇਹ ਭਰੋਸਾ ਟ੍ਰਾਂਸਫਰ ਹੋ ਰਿਹਾ ਹੈ, ਅੱਜ ਤੋਂ ਉਨ੍ਹਾਂ ਦੇ ਫੋਨ 'ਤੇ ਭਰੋਸੇ ਦੇ ਮੈਸੇਜ ਆਉਣੇ ਸ਼ੁਰੂ ਹੋਣਗੇ। ਭਾਸ਼ਣ ਦੌਰਾਨ ਹੀ ਔਰਤਾਂ ਦੇ ਫੋਨ 'ਤੇ ਪੈਸੇ ਆਉਣ ਦੇ ਮੈਸੇਜ ਆਉਣ 'ਤੇ ਉਨ੍ਹਾਂ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਪਹਿਲਾ ਮੈਸੇਜ ਆ ਗਿਆ ਹੈ ਅਤੇ ਹੁਣ ਮੋਬਾਈਲ ਬੋਲ ਰਹੇ ਹਨ ਅਤੇ ਪੈਸੇ ਆ ਰਹੇ ਹਨ। ਕਈ ਰੈਲੀਆਂ 'ਚ ਮਰਦ ਵੀ ਬਹੁਤ ਖੁਸ਼ ਹੋ ਕੇ ਤਾੜੀਆਂ ਵਜਾਉਂਦੇ ਸਨ ਕਿਉਂਕਿ ਔਰਤਾਂ ਨੂੰ ਪੈਸੇ ਮਿਲਣ ਨਾਲ ਉਨ੍ਹਾਂ ਦਾ ਵੀ ਆਰਥਕ ਬੋਝ ਹਲਕਾ ਹੋਵੇਗਾ।
ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਪੰਜਾਬ ਦੀਆਂ ਸਾਰੀਆਂ ਮਾਵਾਂ-ਭੈਣਾਂ ਦਾ ਸਤਕਾਰ ਹੈ। ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਇਸੇ ਸੋਚ ਨਾਲ ਬਣੀ ਸੀ ਕਿ ਆਮ ਜਨਤਾ ਦਾ ਪੈਸਾ ਕਿਸੇ ਨਾ ਕਿਸੇ ਰੂਪ 'ਚ ਵਾਪਸ ਆਮ ਜਨਤਾ ਨੂੰ ਹੀ ਮਿਲੇਗਾ। ਭਾਵੇਂ ਆਮ ਆਦਮੀ ਕਲੀਨਿਕ ਅਤੇ ਹਸਪਤਾਲ ਬਣਾ ਕੇ, ਸੜਕਾਂ ਬਣਾ ਕੇ, ਨੌਕਰੀਆਂ ਦੇ ਕੇ, ਬਿਜਲੀ ਮੁਫ਼ਤ ਕਰਕੇ ਜਾਂ ਨਹਿਰਾਂ ਦਾ ਪਾਣੀ ਦੇ ਕੇ, ਕਿਸੇ ਵੀ ਤਰੀਕੇ ਨਾਲ ਪੈਸਾ ਆਮ ਲੋਕਾਂ ਤੱਕ ਪਹੁੰਚਣਾ ਚਾਹੀਦਾ ਹੈ। ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਔਰਤਾਂ ਦੇ ਖਾਤਿਆਂ 'ਚ ਜੁਲਾਈ, ਅਗਸਤ ਅਤੇ ਸਤੰਬਰ ਦੇ ਤਿੰਨ ਮਹੀਨਿਆਂ ਦੇ ਪੈਸੇ ਇੱਕੋ ਵਾਰ ਆ ਰਹੇ ਹਨ। ਜੇਕਰ ਕਿਸੇ ਘਰ 'ਚ ਤਿੰਨ ਮਾਵਾਂ ਹਨ ਤਾਂ ਉਨ੍ਹਾਂ ਦੇ 9000 ਰੁਪਏ ਇੱਕੋ ਵਾਰ ਆਉਣਗੇ। ਔਰਤਾਂ ਦੇ ਪੈਸੇ ਆਉਣ 'ਤੇ ਉਨ੍ਹਾਂ ਨੂੰ ਵਧਾਈ ਦਿੰਦਿਆਂ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਮੈਸੇਜਾਂ ਨੂੰ ਸੋਸ਼ਲ ਮੀਡੀਆ 'ਤੇ ਪਾਇਆ ਕਰੋ ਤਾਂ ਜੋ ਉਨ੍ਹਾਂ ਵਿਰੋਧੀ ਪਾਰਟੀ ਵਾਲਿਆਂ ਦਾ ਮੂੰਹ ਬੰਦ ਹੋ ਜਾਵੇ ਜੋ ਕਹਿੰਦੇ ਸਨ ਕਿ ਇਹ ਸਕੀਮ ਕਦੇ ਲਾਗੂ ਨਹੀਂ ਹੋਵੇਗੀ।