ਪੰਜਾਬ ਦੇ ਫਿਰੋਜ਼ਪੁਰ ਛਾਉਣੀ ਖੇਤਰ ਵਿੱਚ ਸਥਿਤ ਇੱਕ ਮਸ਼ਹੂਰ ਰੈਸਟੋਰੈਂਟ ਵਿੱਚ ਬੁੱਧਵਾਰ ਨੂੰ ਅਚਾਨਕ ਭਿਆਨਕ ਅੱਗ ਲੱਗਣ ਨਾਲ ਹਾਹਾਕਾਰ ਮੱਚ ਗਈ। ਇਸ ਹਾਦਸੇ ਵਿੱਚ ਇੱਕ ਕਰਮਚਾਰੀ ਦੀ ਝੁਲਸ ਕੇ ਮੌਤ ਹੋ ਗਈ, ਜਦਕਿ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਰੈਸਟੋਰੈਂਟ ਦੇ ਅੰਦਰ ਕੰਮ ਕਰ ਰਿਹਾ ਇੱਕ ਕਰਮਚਾਰੀ ਬਾਹਰ ਨਿਕਲਣ ਵਿੱਚ ਅਸਫਲ ਰਿਹਾ। ਉਹ ਬੁਰੀ ਤਰ੍ਹਾਂ ਝੁਲਸ ਗਿਆ। ਉਸਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇਸ ਘਟਨਾ ਨੇ ਰੈਸਟੋਰੈਂਟ ਸਟਾਫ ਅਤੇ ਸਥਾਨਕ ਲੋਕਾਂ ਨੂੰ ਡੂੰਘਾ ਸਦਮਾ ਪਹੁੰਚਾਇਆ ਹੈ।
ਪ੍ਰਤੱਖਦਰਸ਼ੀਆਂ ਅਨੁਸਾਰ, ਰੈਸਟੋਰੈਂਟ ਦੇ ਅੰਦਰੋਂ ਅੱਗ ਭੜਕੀ ਅਤੇ ਪਲਕਾਂ ਵਿੱਚ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਨੇ ਫਰਨੀਚਰ, ਇਲੈਕਟ੍ਰਾਨਿਕ ਉਪਕਰਨ, ਰਸੋਈ ਦਾ ਸਮਾਨ ਅਤੇ ਹੋਰ ਬਹੁਮੂਲਾ ਸਾਮਾਨ ਨੂੰ ਸੜ ਕੇ ਸਵਾਹ ਕਰ ਦਿੱਤਾ। ਸ਼ੁਰੂਆਤੀ ਅੰਦਾਜ਼ੇ ਮੁਤਾਬਕ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਘਟਣਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਮੌਕੇ 'ਤੇ ਪਹੁੰਚ ਗਈ। ਸ਼ੁਰੂ ਵਿੱਚ ਤਿੰਨ ਫਾਇਰ ਟੈਂਕਰਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੋਰ ਗੱਡੀਆਂ ਨੂੰ ਵੀ ਬੁਲਾਉਣਾ ਪਿਆ। ਲੰਬੀ ਮੁਸ਼ੱਕਤ ਤੋਂ ਬਾਅਦ ਫਾਇਰ ਕਰਮਚਾਰੀਆਂ ਨੇ ਅੱਗ 'ਤੇ ਕਾਬੂ ਪਾ ਲਿਆ।
ਉੱਪਰਲੀ ਮੰਜ਼ਿਲ ਤੱਕ ਪਹੁੰਚਣਾ ਬਣਿਆ ਚੁਣੌਤੀ
ਰੈਸਟੋਰੈਂਟ ਦੀ ਸਭ ਤੋਂ ਉੱਪਰਲੀ ਮੰਜ਼ਿਲ ਤੱਕ ਕੋਈ ਸਿੱਧਾ ਰਸਤਾ ਨਾ ਹੋਣ ਕਾਰਨ ਬਚਾਅ ਕੰਮ ਵਿੱਚ ਭਾਰੀ ਮੁਸ਼ਕਲਾਂ ਆਈਆਂ। ਫਾਇਰ ਬ੍ਰਿਗੇਡ ਦੇ ਜਵਾਨਾਂ ਨੂੰ ਬਾਹਰਲੀਆਂ ਪੌੜੀਆਂ ਰਾਹੀਂ ਉੱਪਰ ਪਹੁੰਚਣਾ ਪਿਆ ਅਤੇ ਘੁੱਟ ਰਹੇ ਧੂੰਏਂ ਅਤੇ ਅੱਗ ਦੇ ਵਿੱਚੋਂ ਲੋਕਾਂ ਨੂੰ ਬਚਾਉਣਾ ਪਿਆ।
ਅੱਗ ਦੌਰਾਨ ਰੈਸਟੋਰੈਂਟ ਵਿੱਚ ਰੱਖੇ ਗੈਸ ਸਿਲੰਡਰਾਂ ਦੇ ਫਟਣ ਦਾ ਗੰਭੀਰ ਖਤਰਾ ਪੈਦਾ ਹੋ ਗਿਆ ਸੀ। ਪਰ ਫਾਇਰ ਕਰਮਚਾਰੀਆਂ ਅਤੇ ਰੈਸਟੋਰੈਂਟ ਸਟਾਫ ਦੀ ਸਮਝਦਾਰੀ ਅਤੇ ਤੁਰੰਤ ਕਾਰਵਾਈ ਕਾਰਨ ਸਾਰੇ ਗੈਸ ਸਿਲੰਡਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਇਸ ਸੂਝਬੂਝ ਕਾਰਨ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ।