ਆਧਾਰ ਨਾਲ ਇਹ ਪੰਜ ਸਾਵਧਾਨੀਆਂ ਅਪਣਾਓ, ਠੱਗੀ ਤੁਹਾਡੇ ਨੇੜੇ ਨਹੀਂ ਆਵੇਗੀ

ਆਧਾਰ ਕਾਰਡ ਅੱਜ ਹਰ ਕੰਮ ਦੀ ਕੁੰਜੀ ਬਣ ਚੁੱਕਾ ਹੈ। ਇਸੇ ਕਰਕੇ UIDAI ਨੇ ਲੋਕਾਂ ਨੂੰ ਸਾਈਬਰ ਠੱਗੀ ਤੋਂ ਬਚਾਉਣ ਲਈ ਪੰਜ ਅਹਿਮ ਸਾਵਧਾਨੀਆਂ ਅਪਣਾਉਣ ਦੀ ਅਪੀਲ ਕੀਤੀ ਹੈ।

Share:

ਆਧਾਰ ਕਾਰਡ ਹੁਣ ਬੈਂਕ, ਮੋਬਾਈਲ, ਸਰਕਾਰੀ ਸਕੀਮਾਂ ਅਤੇ ਹੋਟਲ ਚੈਕਇਨ ਤੱਕ ਵਰਤਿਆ ਜਾ ਰਿਹਾ ਹੈ। ਜਿੱਥੇ ਵਰਤੋਂ ਵਧੀ ਹੈ, ਉੱਥੇ ਗਲਤ ਵਰਤੋਂ ਦਾ ਖ਼ਤਰਾ ਵੀ ਵਧਿਆ ਹੈ। ਜੇ ਆਧਾਰ ਦੀ ਜਾਣਕਾਰੀ ਗਲਤ ਵਿਅਕਤੀ ਤੱਕ ਪਹੁੰਚ ਜਾਵੇ ਤਾਂ ਵੱਡੀ ਮੁਸ਼ਕਲ ਪੈ ਸਕਦੀ ਹੈ। ਸਾਈਬਰ ਠੱਗ ਬੈਂਕ ਖਾਤੇ ਤੱਕ ਪਹੁੰਚ ਸਕਦੇ ਹਨ। ਪਹਿਚਾਣ ਚੋਰੀ ਹੋ ਸਕਦੀ ਹੈ। ਇਸੀ ਲਈ UIDAI ਨੇ ਲੋਕਾਂ ਨੂੰ ਚੌਕਸ ਰਹਿਣ ਲਈ ਕਿਹਾ ਹੈ। ਆਧਾਰ ਦੀ ਸੁਰੱਖਿਆ ਹੁਣ ਲਾਜ਼ਮੀ ਬਣ ਗਈ ਹੈ।

OTP ਸਾਂਝਾ ਕਰਨਾ ਕਿਉਂ ਖ਼ਤਰਾ?

ਜਦੋਂ ਵੀ ਆਧਾਰ ਨਾਲ ਕੋਈ ਵੈਰੀਫਿਕੇਸ਼ਨ ਹੁੰਦੀ ਹੈ, ਰਜਿਸਟਰ ਮੋਬਾਈਲ ’ਤੇ OTP ਆਉਂਦਾ ਹੈ। ਇਹ OTP ਤੁਹਾਡੀ ਪਛਾਣ ਦੀ ਰੱਖਿਆ ਕਰਦਾ ਹੈ। UIDAI ਨੇ ਸਪਸ਼ਟ ਕਿਹਾ ਹੈ ਕਿ ਇਹ OTP ਕਿਸੇ ਨਾਲ ਵੀ ਸਾਂਝਾ ਨਾ ਕੀਤਾ ਜਾਵੇ। ਜੇ OTP ਕਿਸੇ ਠੱਗ ਤੱਕ ਪਹੁੰਚ ਗਿਆ ਤਾਂ ਆਧਾਰ ਦੀ ਗਲਤ ਵਰਤੋਂ ਹੋ ਸਕਦੀ ਹੈ। OTP ਬਿਨਾਂ ਕੋਈ ਵੀ ਆਧਾਰ ਵਰਤ ਨਹੀਂ ਸਕਦਾ। ਇਸ ਲਈ OTP ਨੂੰ ਰਾਜ਼ ਰੱਖਣਾ ਬਹੁਤ ਜ਼ਰੂਰੀ ਹੈ। ਇਹ ਸਭ ਤੋਂ ਬੁਨਿਆਦੀ ਸੁਰੱਖਿਆ ਕਦਮ ਹੈ।

ਮਾਸਕਡ ਆਧਾਰ ਕਿਉਂ ਵਰਤਣਾ ਚਾਹੀਦਾ?

ਮਾਸਕਡ ਆਧਾਰ ਸਾਈਬਰ ਠੱਗੀ ਤੋਂ ਬਚਣ ਦਾ ਸੌਖਾ ਤਰੀਕਾ ਹੈ। ਇਸ ਵਿੱਚ 12 ਅੰਕਾਂ ਵਾਲਾ ਪੂਰਾ ਆਧਾਰ ਨੰਬਰ ਨਹੀਂ ਦਿਖਦਾ। ਸਿਰਫ਼ ਆਖ਼ਰੀ ਕੁਝ ਅੰਕ ਹੀ ਨਜ਼ਰ ਆਉਂਦੇ ਹਨ। UIDAI ਨੇ ਸਲਾਹ ਦਿੱਤੀ ਹੈ ਕਿ ਆਮ ਵਰਤੋਂ ਲਈ ਮਾਸਕਡ ਆਧਾਰ ਹੀ ਦਿਖਾਇਆ ਜਾਵੇ। ਇਹ ਆਧਾਰ UIDAI ਦੀ ਅਧਿਕਾਰਤ ਵੈੱਬਸਾਈਟ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਨਾਲ ਤੁਹਾਡੀ ਅਸਲੀ ਜਾਣਕਾਰੀ ਸੁਰੱਖਿਅਤ ਰਹਿੰਦੀ ਹੈ।

ਬਾਇਓਮੈਟਰਿਕ ਲਾਕ ਕਿਵੇਂ ਬਚਾਉਂਦਾ?

ਆਧਾਰ ਨਾਲ ਜੁੜੀ ਬਾਇਓਮੈਟਰਿਕ ਜਾਣਕਾਰੀ ਸਭ ਤੋਂ ਸੰਵੇਦਨਸ਼ੀਲ ਹੁੰਦੀ ਹੈ। UIDAI ਨੇ ਬਾਇਓਮੈਟਰਿਕ ਲਾਕ ਕਰਨ ਦੀ ਸਹੂਲਤ ਦਿੱਤੀ ਹੈ। ਇਸ ਨਾਲ ਫਿੰਗਰਪ੍ਰਿੰਟ, ਆਇਰਿਸ ਅਤੇ ਚਿਹਰੇ ਦੀ ਜਾਣਕਾਰੀ ਲਾਕ ਹੋ ਜਾਂਦੀ ਹੈ। ਕੋਈ ਵੀ ਤੁਹਾਡੇ ਬਿਨਾਂ ਮਨਜ਼ੂਰੀ ਬਾਇਓਮੈਟਰਿਕ ਵਰਤ ਨਹੀਂ ਸਕਦਾ। ਜਦੋਂ ਲੋੜ ਪਵੇ, ਤੁਸੀਂ ਖੁਦ ਅਨਲਾਕ ਕਰ ਸਕਦੇ ਹੋ। ਨਵੇਂ ਆਧਾਰ ਐਪ ਰਾਹੀਂ ਇਹ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਇਹ ਕਦਮ ਵੱਡੀ ਸੁਰੱਖਿਆ ਦਿੰਦਾ ਹੈ। ਕਈ ਲੋਕ ਅਣਜਾਣੇ ਵਿੱਚ ਆਧਾਰ ਦੀ ਫੋਟੋ ਜਾਂ ਨੰਬਰ ਸੋਸ਼ਲ ਮੀਡੀਆ ’ਤੇ ਪੋਸਟ ਕਰ ਦਿੰਦੇ ਹਨ। UIDAI ਨੇ ਇਸ ਨੂੰ ਬਹੁਤ ਖ਼ਤਰਨਾਕ ਦੱਸਿਆ ਹੈ। ਆਧਾਰ ਦੀ ਜਾਣਕਾਰੀ ਪਬਲਿਕ ਹੋਣਾ ਠੱਗਾਂ ਲਈ ਸੌਖਾ ਮੌਕਾ ਬਣ ਜਾਂਦਾ ਹੈ। ਇਸ ਨਾਲ ਪਹਿਚਾਣ ਚੋਰੀ ਹੋ ਸਕਦੀ ਹੈ। ਵਿੱਤੀ ਨੁਕਸਾਨ ਵੀ ਹੋ ਸਕਦਾ ਹੈ। ਇਸ ਲਈ ਆਧਾਰ ਨਾਲ ਜੁੜੀ ਕੋਈ ਵੀ ਜਾਣਕਾਰੀ ਕਦੇ ਵੀ ਆਨਲਾਈਨ ਸਾਂਝੀ ਨਾ ਕਰੋ।

ਆਧਾਰ ਲਾਕ ਕਰਨਾ ਕਦੋਂ ਫ਼ਾਇਦੇਮੰਦ?

ਜੇ ਤੁਹਾਨੂੰ ਕੁਝ ਸਮੇਂ ਲਈ ਆਧਾਰ ਦੀ ਲੋੜ ਨਹੀਂ ਹੈ, ਤਾਂ UIDAI ਦੀ ਲਾਕ ਸਹੂਲਤ ਵਰਤੀ ਜਾ ਸਕਦੀ ਹੈ। ਆਧਾਰ ਲਾਕ ਕਰਨ ਨਾਲ ਕੋਈ ਵੀ ਵੈਰੀਫਿਕੇਸ਼ਨ ਨਹੀਂ ਹੋ ਸਕਦੀ। ਜਦੋਂ ਜ਼ਰੂਰਤ ਪਵੇ, ਆਧਾਰ ਮੁੜ ਅਨਲਾਕ ਕੀਤਾ ਜਾ ਸਕਦਾ ਹੈ। ਇਹ ਸਹੂਲਤ ਆਨਲਾਈਨ ਉਪਲਬਧ ਹੈ। ਇਸ ਨਾਲ ਆਧਾਰ ਦੀ ਗਲਤ ਵਰਤੋਂ ਤੋਂ ਬਚਾਅ ਹੁੰਦਾ ਹੈ। ਲੋਕਾਂ ਨੂੰ ਇਸ ਫੀਚਰ ਦੀ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ।

ਜੇ ਆਧਾਰ ਨਾਲ ਜੁੜੀ ਕੋਈ ਠੱਗੀ ਜਾਂ ਸ਼ੱਕੀ ਗਤੀਵਿਧੀ ਨਜ਼ਰ ਆਏ, ਤਾਂ ਤੁਰੰਤ ਸ਼ਿਕਾਇਤ ਕਰਨੀ ਚਾਹੀਦੀ ਹੈ। ਸਾਈਬਰ ਕਰਾਈਮ ਲਈ ਟੋਲ ਫ੍ਰੀ ਨੰਬਰ 1930 ਉਪਲਬਧ ਹੈ। UIDAI ਦੀ ਹੈਲਪਲਾਈਨ 1947 ’ਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ। help@uidai.gov.in ’ਤੇ ਈਮੇਲ ਕਰਕੇ ਵੀ ਮਦਦ ਲਈ ਜਾ ਸਕਦੀ ਹੈ। ਸਮੇਂ ’ਤੇ ਕੀਤੀ ਸ਼ਿਕਾਇਤ ਵੱਡੇ ਨੁਕਸਾਨ ਤੋਂ ਬਚਾ ਸਕਦੀ ਹੈ। UIDAI ਲੋਕਾਂ ਨੂੰ ਸੁਰੱਖਿਅਤ ਰੱਖਣ ਲਈ ਲਗਾਤਾਰ ਜਾਗਰੂਕ ਕਰ ਰਿਹਾ ਹੈ।

Tags :