ਵਾਇਰਲ ਪੋਸਟ ਮੁਤਾਬਕ ਇੱਕ ਅਕਾਊਂਟੈਂਟ ਪਿਛਲੇ 10 ਸਾਲਾਂ ਤੋਂ ਕੰਪਨੀ ਵਿੱਚ ਕੰਮ ਕਰ ਰਿਹਾ ਸੀ। ਦੋ ਮਹੀਨੇ ਪਹਿਲਾਂ ਉਹ ਅਚਾਨਕ ਆਪਣਾ ਅਸਤੀਫ਼ਾ ਲੈ ਕੇ ਆਪਣੇ ਬੌਸ ਕੋਲ ਪਹੁੰਚਿਆ। ਜਦੋਂ ਬੌਸ ਨੇ ਅਸਤੀਫ਼ੇ ਦਾ ਕਾਰਨ ਪੁੱਛਿਆ ਤਾਂ ਕਰਮਚਾਰੀ ਭਾਵੁਕ ਹੋ ਗਿਆ। ਉਸ ਨੇ ਦੱਸਿਆ ਕਿ ਉਸ ਦਾ ਪੁੱਤਰ ਗੰਭੀਰ ਬੀਮਾਰੀ ਨਾਲ ਜੂਝ ਰਿਹਾ ਹੈ ਅਤੇ ਡਾਕਟਰਾਂ ਨੇ ਕਿਹਾ ਹੈ ਕਿ ਉਸ ਕੋਲ ਬਹੁਤ ਘੱਟ ਸਮਾਂ ਬਚਿਆ ਹੈ। ਕਰਮਚਾਰੀ ਨੇ ਕਿਹਾ ਕਿ ਉਹ ਆਪਣੇ ਪੁੱਤਰ ਦੇ ਨਾਲ ਹਰ ਪਲ ਬਿਤਾਉਣਾ ਚਾਹੁੰਦਾ ਹੈ।
ਉਸ ਦੀ ਸਿਹਤ ਅਜਿਹੀ ਹੈ ਕਿ ਉਸ ਨੂੰ 24 ਘੰਟੇ ਦੇਖਭਾਲ ਦੀ ਲੋੜ ਹੈ ਅਤੇ ਇਸ ਹਾਲਤ ਵਿੱਚ ਉਹ ਕੰਮ 'ਤੇ ਧਿਆਨ ਨਹੀਂ ਦੇ ਸਕੇਗਾ।
ਸ਼ੁਰੂ ਵਿੱਚ ਬੌਸ ਨੇ ਵਰਕ ਫ੍ਰੌਮ ਹੋਮ ਵਰਗੇ ਵਿਕਲਪਾਂ ਬਾਰੇ ਸੋਚਿਆ, ਪਰ ਕਰਮਚਾਰੀ ਨੇ ਦੱਸਿਆ ਕਿ ਮੌਜੂਦਾ ਹਾਲਾਤਾਂ ਵਿੱਚ ਉਹ ਕੰਮ ਕਰਨ ਦੀ ਸਥਿਤੀ ਵਿੱਚ ਨਹੀਂ ਹੈ।
ਆਮ ਤੌਰ 'ਤੇ ਅਜਿਹੇ ਮਾਮਲਿਆਂ ਵਿੱਚ ਕੰਪਨੀਆਂ ਅਸਤੀਫ਼ਾ ਮਨਜ਼ੂਰ ਕਰ ਲੈਂਦੀਆਂ ਹਨ। ਪਰ ਇਸ ਬੌਸ ਨੇ ਕਰਮਚਾਰੀ ਦਾ ਅਸਤੀਫ਼ਾ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ।
ਬੌਸ ਨੇ ਕਰਮਚਾਰੀ ਨੂੰ ਕਿਹਾ ਕਿ ਉਸ ਦੀ ਨੌਕਰੀ ਪੂਰੀ ਤਰ੍ਹਾਂ ਸੁਰੱਖਿਅਤ ਰਹੇਗੀ। ਨਾਲ ਹੀ ਕੰਪਨੀ ਹਰ ਮਹੀਨੇ ਉਸ ਦੀ ਪੂਰੀ ਤਨਖਾਹ ਉਸ ਦੇ ਖਾਤੇ ਵਿੱਚ ਭੇਜਦੀ ਰਹੇਗੀ ਤਾਂ ਜੋ ਉਹ ਬਿਨਾਂ ਕਿਸੇ ਆਰਥਿਕ ਚਿੰਤਾ ਦੇ ਆਪਣੇ ਪੁੱਤਰ ਦੀ ਦੇਖਭਾਲ ਕਰ ਸਕੇ।
ਇਹ ਘਟਨਾ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਹਜ਼ਾਰਾਂ ਲੋਕਾਂ ਨੇ ਬੌਸ ਦੀ ਦਰਿਆਦਿਲੀ ਦੀ ਸ਼ਲਾਘਾ ਕੀਤੀ। ਕਈ ਯੂਜ਼ਰਾਂ ਨੇ ਕਿਹਾ ਕਿ ਅਜਿਹੇ ਲੋਕਾਂ ਕਰਕੇ ਹੀ ਇਨਸਾਨੀਅਤ ਅਜੇ ਵੀ ਜ਼ਿੰਦਾ ਹੈ। ਹਾਲਾਂਕਿ ਕੁਝ ਯੂਜ਼ਰਾਂ ਨੇ ਇਸ ਕਹਾਣੀ ਦੀ ਸੱਚਾਈ 'ਤੇ ਵੀ ਸਵਾਲ ਖੜ੍ਹੇ ਕੀਤੇ।
ਕੁਝ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਕਹਾਣੀਆਂ ਅਕਸਰ ਨਿਯੋਗਦਾਤਾ ਖੁਦ ਸਾਂਝੀਆਂ ਕਰਦੇ ਹਨ, ਜਦਕਿ ਕਰਮਚਾਰੀਆਂ ਵੱਲੋਂ ਅਜਿਹੀਆਂ ਗੱਲਾਂ ਘੱਟ ਸੁਣਨ ਨੂੰ ਮਿਲਦੀਆਂ ਹਨ।
ਆਲੋਚਨਾਵਾਂ ਦਾ ਜਵਾਬ ਦਿੰਦਿਆਂ ਪੋਸਟ ਕਰਨ ਵਾਲੇ ਵਿਅਕਤੀ ਨੇ ਕਿਹਾ ਕਿ ਦਇਆ ਅਤੇ ਇਨਸਾਨੀਅਤ ਕਿਸੇ ਇੱਕ ਦੇਸ਼ ਜਾਂ ਸਮਾਜ ਤੱਕ ਸੀਮਿਤ ਨਹੀਂ ਹੁੰਦੀ। ਜਿੱਥੇ ਵੀ ਕੋਈ ਇਨਸਾਨ ਮੁਸ਼ਕਲ ਵੇਲੇ ਕਿਸੇ ਦਾ ਸਾਥ ਦਿੰਦਾ ਹੈ, ਉਹ ਕਾਬਿਲ-ਏ-ਤਾਰੀਫ਼ ਹੁੰਦਾ ਹੈ।
ਇਹ ਕਹਾਣੀ ਸਿਰਫ਼ ਇੱਕ ਬੌਸ ਅਤੇ ਕਰਮਚਾਰੀ ਦੀ ਨਹੀਂ, ਸਗੋਂ ਇਸ ਗੱਲ ਦੀ ਮਿਸਾਲ ਹੈ ਕਿ ਕਾਰੋਬਾਰ ਅਤੇ ਨੌਕਰੀ ਤੋਂ ਉੱਪਰ ਵੀ ਇਨਸਾਨੀ ਰਿਸ਼ਤੇ ਅਤੇ ਹਮਦਰਦੀ ਦੀ ਬਹੁਤ ਵੱਡੀ ਅਹਿਮੀਅਤ ਹੁੰਦੀ ਹੈ।