Keeway India ਨੇ ਆਪਣੇ ਨਵੇਂ ਇਲੈਕਟ੍ਰਿਕ ਸਕੂਟਰ Hypevolt-R ਨਾਲ ਭਾਰਤੀ ਬਜ਼ਾਰ ਵਿੱਚ ਇੱਕ ਵੱਡਾ ਕਦਮ ਰੱਖਿਆ ਹੈ। ਕੰਪਨੀ ਵੱਲੋਂ ਇਸ ਦੀ ਸ਼ੁਰੂਆਤੀ ਐਕਸ-ਸ਼ੋਅਰੂਮ ਕੀਮਤ 1.99 ਲੱਖ ਰੁਪਏ ਰੱਖੀ ਗਈ ਹੈ, ਜੋ ਇਸਦੇ ਪ੍ਰੀਮੀਅਮ ਸੈਗਮੈਂਟ ਨੂੰ ਦਰਸਾਉਂਦੀ ਹੈ। ਗਾਹਕ ਚਾਹੁਣ ਤਾਂ ਕੰਪਨੀ ਦੀ ਵੈੱਬਸਾਈਟ ਜਾਂ ਡੀਲਰ ਦਫ਼ਤਰਾਂ ਰਾਹੀਂ 5,000 ਰੁਪਏ ਦੀ ਟੋਕਨ ਰਕਮ ਜਮ੍ਹਾਂ ਕਰਵਾ ਕੇ ਇਸਨੂੰ ਰਾਖਵਾਂ ਕਰ ਸਕਦੇ ਹਨ। ਇਹ ਸਕੂਟਰ ਕ੍ਰਿਸਟਲ ਵ੍ਹਾਈਟ ਅਤੇ ਪਲੈਟੀਨਮ ਗ੍ਰੇ - ਦੋ ਵੱਖ-ਵੱਖ ਰੰਗਾਂ ਵਿੱਚ ਉਪਲਬਧ ਹੋਵੇਗਾ।
ਪਾਵਰ ਅਤੇ ਬੈਟਰੀ ਦੀ ਗੱਲ ਕਰੀਏ ਤਾਂ Hypevolt-R 'ਚ 5.04 kWh ਦਾ ਡਿਊਲ ਰਿਮੂਵੇਬਲ NMC ਬੈਟਰੀ ਪੈਕ ਦਿੱਤਾ ਗਿਆ ਹੈ, ਜਿਸ 'ਚ ਦੋ 72V 35Ah ਦੀਆਂ ਬੈਟਰੀਆਂ ਲੱਗੀਆਂ ਹਨ। ਕੰਪਨੀ ਦੇ ਦਾਅਵੇ ਅਨੁਸਾਰ, ਇਹ ਸਕੂਟਰ ਇੱਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ 'ਤੇ 180 ਕਿਲੋਮੀਟਰ ਤੱਕ ਦਾ ਸਫ਼ਰ ਕਰ ਸਕਦਾ ਹੈ। ਇਸ 'ਚ ਮਿਡ-ਮਾਉਂਟਡ ਪਰਮਾਨੈਂਟ ਮੈਗਨੇਟ ਸਿੰਕ੍ਰੋਨਸ ਮੋਟਰ ਲਗਾਈ ਗਈ ਹੈ, ਜੋ 6 kW ਰੇਟਿਡ ਅਤੇ 12 kW ਪੀਕ ਪਾਵਰ ਪੈਦਾ ਕਰਦੀ ਹੈ, ਜਦੋਂ ਕਿ ਟਾਰਕ 72 Nm ਹੈ। ਇਸ ਦੀ ਰਫ਼ਤਾਰ ਵੀ ਕਾਫੀ ਤੇਜ਼ ਹੈ - ਇਹ ਮਹਿਜ਼ 2.3 ਸਕਿੰਟਾਂ 'ਚ 0 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਲੈਂਦਾ ਹੈ ਅਤੇ ਇਸਦੀ ਵੱਧ ਤੋਂ ਵੱਧ ਸਪੀਡ 115 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਤੋਂ ਇਲਾਵਾ, ਇਹ 30 ਡਿਗਰੀ ਤੱਕ ਦੀ ਚੜ੍ਹਾਈ ਵੀ ਆਸਾਨੀ ਨਾਲ ਚੜ੍ਹ ਸਕਦਾ ਹੈ।
ਬੈਟਰੀ ਨੂੰ ਸਕੂਟਰ 'ਚ ਹੀ ਲੱਗੇ-ਲੱਗੇ ਜਾਂ ਕੱਢ ਕੇ ਵੀ ਚਾਰਜ ਕੀਤਾ ਜਾ ਸਕਦਾ ਹੈ। ਔਨਬੋਰਡ ਚਾਰਜਰ ਨਾਲ ਇਹ ਲਗਭਗ 3 ਘੰਟਿਆਂ 'ਚ 0 ਤੋਂ 80% ਤੱਕ ਚਾਰਜ ਹੋ ਜਾਂਦੀ ਹੈ। ਰਾਈਡਰ ਨੂੰ ਤਿੰਨ ਰਾਈਡਿੰਗ ਮੋਡ ਮਿਲਦੇ ਹਨ - Eco, Normal ਅਤੇ Sport, ਜਿਨ੍ਹਾਂ ਵਿਚੋਂ ਉਹ ਆਪਣੀ ਲੋੜ ਅਤੇ ਸਥਿਤੀ ਮੁਤਾਬਕ ਚੋਣ ਕਰ ਸਕਦਾ ਹੈ।
ਸੁਰੱਖਿਆ ਫੀਚਰਾਂ ਦੇ ਲਿਹਾਜ਼ ਨਾਲ Keeway Hypevolt-R ਕਾਫੀ ਐਡਵਾਂਸ ਹੈ। ਇਸ 'ਚ ਡਿਊਲ-ਚੈਨਲ ABS, ਟ੍ਰੈਕਸ਼ਨ ਕੰਟਰੋਲ ਸਿਸਟਮ (TCS), ਹਿਲ ਹੋਲਡ, ਹਿਲ ਡਿਸੈਂਟ, ਇੰਟੈਲੀਜੈਂਟ ਕਰੂਜ਼ ਕੰਟਰੋਲ, ਬਲਾਈਂਡ ਸਪੌਟ ਡਿਟੈਕਸ਼ਨ ਅਤੇ ਰੀਅਰ ਰਿਵਰਸ ਕੈਮਰਾ ਵਰਗੀਆਂ ਸਹੂਲਤਾਂ ਮਿਲਦੀਆਂ ਹਨ। ਡਿਜ਼ਾਈਨ ਅਤੇ ਕਨੈਕਟੀਵਿਟੀ ਦੀ ਗੱਲ ਕਰੀਏ ਤਾਂ ਇਸ 'ਚ 5-ਇੰਚ TFT ਡਿਸਪਲੇ, ਬਲੂਟੁੱਥ, OTA ਅੱਪਡੇਟ, USB Type-A ਤੇ Type-C ਪੋਰਟ, ਰਿਵਰਸ ਮੋਡ, ਫੁੱਲ LED ਲਾਈਟਿੰਗ ਅਤੇ ਪ੍ਰੋਜੈਕਟਰ ਹੈੱਡਲੈਂਪ ਸ਼ਾਮਲ ਹਨ। ਅੱਗੇ ਦਿੱਤੀ LED ਲਾਈਟ ਸਟ੍ਰਿਪ ਇਸ ਨੂੰ ਇੱਕ ਵਿਲੱਖਣ ਅਤੇ ਆਕਰਸ਼ਕ ਲੁੱਕ ਦਿੰਦੀ ਹੈ।
ਇਹ ਸਕੂਟਰ ਹਾਈ-ਕਾਰਬਨ ਸਟੀਲ ਕੇਜ ਫ੍ਰੇਮ 'ਤੇ ਬਣਿਆ ਹੈ, ਜਿਸ ਕਾਰਨ ਇਹ ਕਾਫੀ ਮਜ਼ਬੂਤ ਹੈ। ਸਸਪੈਂਸ਼ਨ ਲਈ ਅੱਗੇ ਟੈਲੀਸਕੋਪਿਕ ਫੋਰਕ ਅਤੇ ਪਿੱਛੇ 5-ਸਟੈਪ ਐਡਜਸਟੇਬਲ ਹਾਈਡ੍ਰੌਲਿਕ ਸ਼ੌਕ ਐਬਜ਼ੌਰਬਰ ਦਿੱਤੇ ਗਏ ਹਨ। ਇਹ 14-ਇੰਚ ਦੇ ਅਲਾਏ ਵ੍ਹੀਲਜ਼ 'ਤੇ ਚੱਲਦਾ ਹੈ, ਜਿਨ੍ਹਾਂ 'ਤੇ ਅੱਗੇ 100/80 ਅਤੇ ਪਿੱਛੇ 120/70 ਸਾਈਜ਼ ਦੇ ਟਿਊਬਲੈੱਸ ਸੈਮੀ-ਸਲਿਕ ਟਾਇਰ ਲੱਗੇ ਹਨ। ਇਸ ਦੀ ਗ੍ਰਾਉਂਡ ਕਲੀਅਰੈਂਸ 130 ਮਿਲੀਮੀਟਰ, ਸੀਟ ਉਚਾਈ 770 ਮਿਲੀਮੀਟਰ, ਵ੍ਹੀਲਬੇਸ 1,454 ਮਿਲੀਮੀਟਰ ਅਤੇ ਭਾਰ 140 ਕਿਲੋਗ੍ਰਾਮ ਹੈ। 27 ਲੀਟਰ ਦਾ ਅੰਡਰ-ਸੀਟ ਸਟੋਰੇਜ ਰੋਜ਼ਾਨਾ ਵਰਤੋਂ ਲਈ ਵਾਧੂ ਸੌਖ ਪੈਦਾ ਕਰਦਾ ਹੈ।