Courtesy: ai image
ਨਵੀਂ ਦਿੱਲੀ: ਸੁਤੰਤਰਤਾ ਦਿਵਸ ਦੀ ਅੱਧੀ ਰਾਤ ਨੂੰ ਕੇਂਦਰ ਸਰਕਾਰ ਪੈਟਰੋਲੀਅਮ ਉਤਪਾਦਾਂ ਨਾਲ ਜੁੜੇ ਵਿੰਡਫਾਲ ਟੈਕਸ ਨੂੰ ਲੈ ਕੇ ਮਹੱਤਵਪੂਰਨ ਫੈਸਲਾ ਕੀਤਾ ਹੈ। ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਨਿਰਯਾਤ ’ਤੇ ਲਾਗੂ ਵਾਧੂ ਲੇਵੀ ਨੂੰ ਘਟਾ ਦਿੱਤਾ ਹੈ। ਇਸ ਦੇ ਨਾਲ ਹੀ ਏਵੀਏਸ਼ਨ ਟਰਬਾਈਨ ਫਿਊਲ (ATF) ਦੇ ਐਕਸਪੋਰਟ ’ਤੇ ਲੱਗਣ ਵਾਲੇ ਵਿੰਡਫਾਲ ਟੈਕਸ ਵਿੱਚ ਵੀ ਕਮੀ ਕੀਤੀ ਗਈ ਹੈ। ਸਰਕਾਰ ਨੇ ਪੈਟਰੋਲ 'ਤੇ 3 ਰੁਪਏ ਅਤੇ ਡੀਜ਼ਲ 'ਤੇ 1.50 ਰੁਪਏ ਵਿੰਡਫਾਲ ਟੈਕਸ ਘਟਾ ਦਿੱਤਾ ਹੈ।
ਸਰਕਾਰੀ ਹੁਕਮ ਦੇ ਮੁਤਾਬਕ, ਡੀਜ਼ਲ ਦੇ ਨਿਰਯਾਤ ’ਤੇ ਲਾਗੂ ਡਿਊਟੀ ਨੂੰ ₹25.50 ਪ੍ਰਤੀ ਲੀਟਰ ਤੋਂ ਘਟਾ ਕੇ ₹24 ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ ਅਤੇ ਡੀਜ਼ਲ ਐਕਸਪੋਰਟ ਲੇਵੀ ਵਿੱਚ ₹1.50 ਪ੍ਰਤੀ ਲੀਟਰ ਦੀ ਕਮੀ ਹੋਈ ਹੈ। ਇਸੇ ਤਰ੍ਹਾਂ ਪੈਟਰੋਲ ਦੇ ਮਾਮਲੇ ਵਿੱਚ ਵੀ ਵੱਡੀ ਤਬਦੀਲੀ ਕੀਤੀ ਗਈ ਹੈ। ਪਹਿਲਾਂ ਪੈਟਰੋਲ ਦੇ ਨਿਰਯਾਤ ’ਤੇ ₹3.50 ਪ੍ਰਤੀ ਲੀਟਰ ਦੀ ਲੇਵੀ ਲਾਗੂ ਸੀ, ਜਿਸ ਨੂੰ ਹੁਣ ਪੂਰੀ ਤਰ੍ਹਾਂ ਹਟਾ ਕੇ ਜ਼ੀਰੋ ਕਰ ਦਿੱਤਾ ਗਿਆ ਹੈ। ਇਸ ਨਾਲ ਪੈਟਰੋਲ ਦੇ ਨਿਰਯਾਤ ’ਤੇ ਲੱਗਣ ਵਾਲਾ ਇਹ ਵਾਧੂ ਟੈਕਸ ਖਤਮ ਹੋ ਗਿਆ ਹੈ।
ਸਰਕਾਰ ਨੇ ਹਵਾਈ ਜਹਾਜ਼ਾਂ ਵਿੱਚ ਵਰਤੇ ਜਾਣ ਵਾਲੇ ਏਵੀਏਸ਼ਨ ਟਰਬਾਈਨ ਫਿਊਲ, ਯਾਨੀ ATF, ਦੇ ਨਿਰਯਾਤ ’ਤੇ ਵੀ ਲੇਵੀ ਘਟਾਈ ਹੈ। ਪਹਿਲਾਂ ATF ’ਤੇ ₹22 ਪ੍ਰਤੀ ਲੀਟਰ ਦੀ ਦਰ ਨਾਲ ਵਿੰਡਫਾਲ ਟੈਕਸ ਲਾਗੂ ਸੀ। ਹੁਣ ਇਸ ਨੂੰ ਘਟਾ ਕੇ ₹19.50 ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ATF ਦੇ ਨਿਰਯਾਤ ’ਤੇ ₹2.50 ਪ੍ਰਤੀ ਲੀਟਰ ਦੀ ਕਟੌਤੀ ਕੀਤੀ ਗਈ ਹੈ।
ਦਰਅਸਲ, ਸਰਕਾਰ ਨੇ ਇਸ ਸਾਲ ਮਾਰਟ 'ਚ ਈਰਾਨ ਅਤੇ ਅਮਰੀਕਾ ਤਣਾਅ ਤੋਂ ਬਾਅਦ ਕੱਚੇ ਤੇਲ ਦੀ ਸਪਲਾਈ ਘੱਟਣ ਤੋਂ ਬਾਅਦ ਵਿੰਡਫਾਲ ਟੈਕਸ ਲਾਗੂ ਕੀਤਾ ਸੀ। ਸਭ ਤੋਂ ਪਹਿਲਾਂ ਸਰਕਾਰ ਨੇ ਜੁਲਾਈ, 2022 'ਚ ਕੱਚੇ ਤੇਲ ਦੀਆਂ ਵੱਧਦੀਆਂ ਕੀਮਤਾਂ ਵਿੱਚ ਹੋਣ ਵਾਲੇ ਅਸਧਾਰਣ ਮੁਨਾਫ਼ੇ 'ਤੇ ਵਿੰਡਫਾਲ ਟੈਕਸ ਲਗਾਇਆ ਸੀ ਅਤੇ 2 ਸਾਲ ਬਾਅਦ ਇਸਨੂੰ ਹਟਾ ਦਿੱਤਾ ਗਿਆ ਸੀ। ਬਾਅਦ ਵਿੱਚ ਜਦੋਂ ਅੰਤਰਰਾਸ਼ਟਰੀ ਬਾਜ਼ਾਰ ਦੀ ਸਥਿਤੀ ਬਦਲੀ ਅਤੇ ਵਾਧੂ ਮੁਨਾਫੇ ਦਾ ਦਬਾਅ ਘੱਟ ਹੋਇਆ ਤਾਂ ਸਰਕਾਰ ਨੇ ਇਸ ਟੈਕਸ ਨੂੰ ਹਟਾ ਦਿੱਤਾ ਸੀ। ਹਾਲਾਂਕਿ, ਇਸ ਸਾਲ ਕੱਚੇ ਤੇਲ ਦੀ ਸਪਲਾਈ ਨਾਲ ਜੁੜੀਆਂ ਚਿੰਤਾਵਾਂ ਅਤੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਸਰਕਾਰ ਨੇ ਵਿੰਡਫਾਲ ਟੈਕਸ ਨੂੰ ਮੁੜ ਲਾਗੂ ਕੀਤਾ।
ਵਿੰਡਫਾਲ ਟੈਕਸ ਵਿੱਚ ਇਹ ਤਬਦੀਲੀ ਉਸ ਸਮੇਂ ਕੀਤੀ ਗਈ ਹੈ ਜਦੋਂ ਅੰਤਰਰਾਸ਼ਟਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ। ਅਮਰੀਕਾ ਅਤੇ ਈਰਾਨ ਵਿਚਕਾਰ ਤਣਾਅ ਅਤੇ ਗਲੋਬਲ ਤੇਲ ਸਪਲਾਈ ਨੂੰ ਲੈ ਕੇ ਚਿੰਤਾਵਾਂ ਨੇ ਕੱਚੇ ਤੇਲ ਦੇ ਬਾਜ਼ਾਰ ਨੂੰ ਪ੍ਰਭਾਵਿਤ ਕੀਤਾ ਹੈ। ਇਸ ਤਰ੍ਹਾਂ ਦੇ ਹਾਲਾਤਾਂ ਵਿੱਚ ਅੰਤਰਰਾਸ਼ਟਰੀ ਕੱਚੇ ਤੇਲ ਦੀ ਕੀਮਤ, ਰਿਫਾਈਨਿੰਗ ਮਾਰਜਿਨ ਅਤੇ ਤੇਲ ਉਤਪਾਦਾਂ ਦੇ ਨਿਰਯਾਤ ਤੋਂ ਹੋਣ ਵਾਲੇ ਮੁਨਾਫੇ ’ਤੇ ਸਰਕਾਰ ਦੀ ਨਜ਼ਰ ਰਹਿੰਦੀ ਹੈ। ਇਨ੍ਹਾਂ ਕਾਰਕਾਂ ਦੇ ਆਧਾਰ ’ਤੇ ਨਿਰਯਾਤ ਲੇਵੀ ਵਿੱਚ ਸਮੇਂ-ਸਮੇਂ ’ਤੇ ਤਬਦੀਲੀ ਕੀਤੀ ਜਾਂਦੀ ਹੈ।
ਹੁਣ ਵਿੰਡਫਾਲ ਟੈਕਸ ਵਿੱਚ ਕਟੌਤੀ ਹੋਣ ਤੋਂ ਬਾਅਦ ਵੱਡਾ ਸਵਾਲ ਇਹ ਹੈ ਕਿ ਕੀ ਦੇਸ਼ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਖੁਦਰਾ ਕੀਮਤਾਂ ਵੀ ਘਟਣਗੀਆਂ। ਇਸ ਦਾ ਜਵਾਬ ਸਿੱਧੇ ਤੌਰ ’ਤੇ ‘ਨਾ’ ਹੈ। ਵਿੰਡਫਾਲ ਟੈਕਸ ਮੁੱਖ ਤੌਰ ’ਤੇ ਤੇਲ ਉਤਪਾਦਾਂ ਦੇ ਨਿਰਯਾਤ ਅਤੇ ਵਾਧੂ ਮੁਨਾਫੇ ਨਾਲ ਸਬੰਧਤ ਲੇਵੀ ਹੈ। ਇਹ ਆਮ ਖਪਤਕਾਰ ਵੱਲੋਂ ਪੈਟਰੋਲ ਪੰਪ ’ਤੇ ਖਰੀਦੇ ਜਾਣ ਵਾਲੇ ਪੈਟਰੋਲ ਜਾਂ ਡੀਜ਼ਲ ’ਤੇ ਸਿੱਧਾ ਲਾਗੂ ਹੋਣ ਵਾਲਾ ਟੈਕਸ ਨਹੀਂ ਹੈ। ਇਸ ਲਈ ਇਸ ਲੇਵੀ ਵਿੱਚ ਕਮੀ ਦਾ ਮਤਲਬ ਇਹ ਨਹੀਂ ਕਿ ਪੈਟਰੋਲ ਜਾਂ ਡੀਜ਼ਲ ਦੀਆਂ ਘਰੇਲੂ ਖੁਦਰਾ ਕੀਮਤਾਂ ਆਪਣੇ ਆਪ ਘਟ ਜਾਣਗੀਆਂ।