'ਧੁਰੰਧਰ' ਵਰਗੀ ਵੱਡੀ ਹਿੱਟ ਫਿਲਮ ਦੇਣ ਤੋਂ ਬਾਅਦ ਰਣਵੀਰ ਸਿੰਘ ਹਰ ਪਾਸੇ ਚਰਚਾ ਵਿੱਚ ਹਨ। ਪਰ ਸਫਲਤਾ ਦੇ ਨਾਲ-ਨਾਲ ਉਹ 'ਡੌਨ 3' ਵਿਵਾਦ ਕਾਰਨ ਮੁਸ਼ਕਲਾਂ ਦਾ ਵੀ ਸਾਹਮਣਾ ਕਰ ਰਹੇ ਹਨ। ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਐਮਪਲਾਇਜ਼ (FWICE) ਵੱਲੋਂ ਉਨ੍ਹਾਂ ਖ਼ਿਲਾਫ਼ 'ਨਾਨ-ਕੋਆਪਰੇਸ਼ਨ ਡਾਇਰੈਕਟਿਵ' ਜਾਰੀ ਕੀਤੇ ਜਾਣ ਮਗਰੋਂ ਮਾਮਲਾ ਹੋਰ ਗਰਮ ਹੋ ਗਿਆ।
ਹੁਣ ਇਸ ਮਾਮਲੇ ਵਿੱਚ ਮਸ਼ਹੂਰ ਫਿਲਮਕਾਰ ਰਾਮ ਗੋਪਾਲ ਵਰਮਾ ਵੀ ਮੈਦਾਨ ਵਿੱਚ ਆ ਗਏ ਹਨ। ਉਨ੍ਹਾਂ ਸੋਸ਼ਲ ਮੀਡੀਆ 'ਤੇ ਲੰਬੀ ਪੋਸਟ ਲਿਖ ਕੇ FWICE ਦੇ ਫੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ।
ਰਾਮ ਗੋਪਾਲ ਵਰਮਾ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਬੈਨ ਰਣਵੀਰ ਸਿੰਘ 'ਤੇ ਨਹੀਂ, ਸਗੋਂ FWICE 'ਤੇ ਲੱਗਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਹ ਸੰਸਥਾ ਨਾ ਤਾਂ ਕੋਈ ਕਾਨੂੰਨੀ ਅਦਾਲਤ ਹੈ ਅਤੇ ਨਾ ਹੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਰੈਗੂਲੇਟਰੀ ਅਥਾਰਟੀ।
ਉਨ੍ਹਾਂ ਦੋਸ਼ ਲਾਇਆ ਕਿ ਅਜਿਹੇ ਫੈਸਲੇ ਅਕਸਰ ਕੁਝ ਖਾਸ ਲੋਕਾਂ ਵੱਲੋਂ ਬੰਦ ਕਮਰਿਆਂ ਵਿੱਚ ਪਹਿਲਾਂ ਹੀ ਤੈਅ ਕਰ ਲਏ ਜਾਂਦੇ ਹਨ। ਵਰਮਾ ਨੇ ਇਸ਼ਾਰਾ ਕੀਤਾ ਕਿ ਰਣਵੀਰ ਸਿੰਘ ਦੀ ਹਾਲੀਆ ਕਾਮਯਾਬੀ ਤੋਂ ਘਬਰਾਏ ਕੁਝ ਲੋਕ ਵੀ ਇਸ ਵਿਵਾਦ ਦੇ ਪਿੱਛੇ ਹੋ ਸਕਦੇ ਹਨ।
ਰਾਮ ਗੋਪਾਲ ਵਰਮਾ ਨੇ ਕਿਹਾ ਕਿ ਸਿਨੇਮਾਘਰਾਂ ਵਿੱਚ ਟਿਕਟ FWICE ਨਹੀਂ, ਸਗੋਂ ਰਣਵੀਰ ਸਿੰਘ ਵਰਗੇ ਸਿਤਾਰੇ ਵੇਚਦੇ ਹਨ। ਉਨ੍ਹਾਂ ਕਿਹਾ ਕਿ ਇਹ ਸਟਾਰ ਹੀ ਹਜ਼ਾਰਾਂ ਲੋਕਾਂ ਲਈ ਰੁਜ਼ਗਾਰ ਪੈਦਾ ਕਰਦੇ ਹਨ ਅਤੇ ਪੂਰੀ ਫਿਲਮ ਇੰਡਸਟਰੀ ਨੂੰ ਚਲਾਉਂਦੇ ਹਨ।
ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਵੱਡੇ ਸਿਤਾਰੇ ਨਾ ਹੋਣ ਤਾਂ ਨਾ ਸਿਰਫ਼ ਫਿਲਮ ਉਦਯੋਗ ਪ੍ਰਭਾਵਿਤ ਹੋਵੇਗਾ, ਸਗੋਂ ਉਸ ਨਾਲ ਜੁੜੀਆਂ ਕਈ ਸੰਸਥਾਵਾਂ ਦਾ ਵਜੂਦ ਵੀ ਸਵਾਲਾਂ ਦੇ ਘੇਰੇ ਵਿੱਚ ਆ ਜਾਵੇਗਾ।
FWICE ਦੇ ਫੈਸਲੇ ਤੋਂ ਬਾਅਦ ਕਈ ਫਿਲਮੀ ਹਸਤੀਆਂ ਰਣਵੀਰ ਸਿੰਘ ਦੇ ਸਮਰਥਨ ਵਿੱਚ ਸਾਹਮਣੇ ਆਈਆਂ ਹਨ। ਦੂਜੇ ਪਾਸੇ ਕੁਝ ਲੋਕ ਇਸਨੂੰ ਪੇਸ਼ੇਵਰ ਵਚਨਬੱਧਤਾ ਅਤੇ ਅਨੁਸ਼ਾਸਨ ਨਾਲ ਜੁੜਿਆ ਮਾਮਲਾ ਮੰਨ ਰਹੇ ਹਨ।
ਇਹ ਵਿਵਾਦ ਹੁਣ ਸਿਰਫ਼ 'ਡੌਨ 3' ਜਾਂ ਰਣਵੀਰ ਸਿੰਘ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਸ ਨੇ ਫਿਲਮ ਇੰਡਸਟਰੀ ਵਿੱਚ ਸੰਸਥਾਵਾਂ ਦੀ ਭੂਮਿਕਾ ਅਤੇ ਕਲਾਕਾਰਾਂ ਦੀ ਆਜ਼ਾਦੀ ਬਾਰੇ ਵੀ ਵੱਡੀ ਚਰਚਾ ਛੇੜ ਦਿੱਤੀ ਹੈ।
ਰਾਮ ਗੋਪਾਲ ਵਰਮਾ ਨੇ ਆਪਣੀ ਪੋਸਟ ਦੇ ਅੰਤ ਵਿੱਚ ਕਿਹਾ ਕਿ ਦੋ ਧਿਰਾਂ ਵਿਚਕਾਰ ਚੱਲ ਰਹੇ ਸਿਵਲ ਵਿਵਾਦ ਵਿੱਚ ਬਿਨਾਂ ਲੋੜ ਦਖ਼ਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਉਮੀਦ ਜਤਾਈ ਕਿ ਸਾਰੇ ਪੱਖ ਗੱਲਬਾਤ ਰਾਹੀਂ ਇਸ ਮਾਮਲੇ ਦਾ ਹੱਲ ਕੱਢਣਗੇ ਅਤੇ ਵਿਵਾਦ ਨੂੰ ਹੋਰ ਵਧਣ ਤੋਂ ਰੋਕਣਗੇ।