ਬੱਚਿਆਂ ਦੇ ਚੰਗੇ ਵਿਕਾਸ ਅਤੇ ਤੰਦਰੁਸਤੀ ਲਈ ਲੋੜੀਂਦਾ ਪਾਣੀ ਪੀਣਾ ਉਨਾ ਹੀ ਜ਼ਰੂਰੀ ਹੈ ਜਿੰਨਾ ਸਹੀ ਖੁਰਾਕ। ਪਾਣੀ ਸਰੀਰ ਦੇ ਤਾਪਮਾਨ ਨੂੰ ਕੰਟਰੋਲ ਕਰਨ, ਪੌਸ਼ਟਿਕ ਤੱਤਾਂ ਦੀ ਸਪਲਾਈ ਅਤੇ ਗੰਦਗੀ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ। ਖਾਸ ਕਰਕੇ ਛੋਟੇ ਬੱਚਿਆਂ ਵਿੱਚ ਪਾਣੀ ਦੀ ਘਾਟ ਬਹੁਤ ਜਲਦੀ ਅਤੇ ਗੰਭੀਰ ਰੂਪ ਧਾਰਨ ਕਰ ਸਕਦੀ ਹੈ, ਕਿਉਂਕਿ ਉਨ੍ਹਾਂ ਦੇ ਸਰੀਰ ਵਿੱਚ ਪਾਣੀ ਦੀ ਪ੍ਰਤੀਸ਼ਤਤਾ ਵੱਧ ਹੁੰਦੀ ਹੈ। ਗਰਮੀ, ਬੁਖ਼ਾਰ, ਉਲਟੀ-ਦਸਤ ਜਾਂ ਘੱਟ ਤਰਲ ਪਦਾਰਥ ਮਿਲਣ ਕਾਰਨ ਬੱਚੇ ਡਿਹਾਈਡ੍ਰੇਸ਼ਨ ਦਾ ਸ਼ਿਕਾਰ ਹੋ ਸਕਦੇ ਹਨ। ਜੇਕਰ ਸਮੇਂ ਸਿਰ ਇਸ ਵੱਲ ਧਿਆਨ ਨਾ ਦਿੱਤਾ ਜਾਵੇ ਤਾਂ ਇਹ ਛੋਟੀ ਜਿਹੀ ਲਾਪੜਵਾਹੀ ਵੱਡੀ ਬਿਮਾਰੀ ਦਾ ਕਾਰਨ ਬਣ ਸਕਦੀ ਹੈ। ਆਓ ਜਾਣਦੇ ਹਾਂ ਬੱਚਿਆਂ ਵਿੱਚ ਡਿਹਾਈਡ੍ਰੇਸ਼ਨ ਦੇ ਸ਼ੁਰੂਆਤੀ ਸੰਕੇਤ, ਬਚਾਅ ਦੇ ਉਪਾਅ ਅਤੇ ਐਮਰਜੈਂਸੀ ਸਥਿਤੀ ਵਿੱਚ ਕੀ ਕਰਨਾ ਚਾਹੀਦਾ ਹੈ।
ਮਾਹਿਰਾਂ ਮੁਤਾਬਕ ਬੱਚਿਆਂ ਵਿੱਚ ਪਾਣੀ ਦੀ ਘਾਟ ਕਈ ਗੰਭੀਰ ਸਮੱਸਿਆਵਾਂ ਨੂੰ ਜਨਮ ਦੇ ਸਕਦੀ ਹੈ। ਡਿਹਾਈਡ੍ਰੇਸ਼ਨ ਸਿਰਫ਼ ਪਿਆਸ ਤੱਕ ਸੀਮਤ ਨਹੀਂ, ਸਗੋਂ ਇਹ ਬੱਚੇ ਦੀ ਰੋਜ਼ਾਨਾ ਗਤੀਵਿਧੀਆਂ, ਧਿਆਨ ਕੇਂਦ੍ਰਿਤ ਕਰਨ ਦੀ ਸਮਰੱਥਾ ਅਤੇ ਇੱਥੋਂ ਤੱਕ ਕਿ ਉਸਦੀ ਸ਼ਾਰੀਰਕ ਵਿਕਾਸ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।
• ਬਹੁਤ ਜ਼ਿਆਦਾ ਪਿਆਸ ਲੱਗਣਾ ਅਤੇ ਮੂੰਹ-ਹੋਠਾਂ ਦਾ ਸੁੱਕਣਾ।
• ਪਿਸ਼ਾਬ ਦੀ ਮਾਤਰਾ ਘੱਟ ਹੋਣਾ ਜਾਂ ਪਿਸ਼ਾਬ ਦਾ ਰੰਗ ਗੂੜ੍ਹਾ ਪੀਲਾ ਹੋਣਾ।
• ਛੋਟੇ ਬੱਚਿਆਂ ਵਿੱਚ ਰੋਂਦੇ ਸਮੇਂ ਹੰਝੂ ਨਾ ਆਉਣਾ, ਅੱਖਾਂ ਦਾ ਧਸਣਾ ਅਤੇ ਸਿਰ ਦਾ ਨਰਮ ਭਾਗ ਅੰਦਰ ਵੱਲ ਧਸਿਆ ਹੋਇਆ ਮਹਿਸੂਸ ਹੋਣਾ।
• ਬੱਚੇ ਦਾ ਬਹੁਤ ਸੁਸਤ, ਥੱਕਿਆ-ਥੱਕਿਆ ਜਾਂ ਆਮ ਨਾਲੋਂ ਵੱਧ ਸੌਣ ਵਾਲਾ ਮਹਿਸੂਸ ਹੋਣਾ।
• ਖੇਡਣ-ਕੁੱਦਣ ਵਿੱਚ ਰੁਚੀ ਨਾ ਹੋਣਾ ਅਤੇ ਚਿੜਚਿੜਾਪਨ ਆਉਣਾ।
• ਬੱਚੇ ਨੂੰ ਥੋੜ੍ਹੀ-ਥੋੜ੍ਹੀ ਮਾਤਰਾ ਵਿੱਚ ਵਾਰ-ਵਾਰ ਪਾਣੀ ਜਾਂ ORS ਦਾ ਘੋਲ ਪਿਲਾਓ।
• ਜੇਕਰ ਬੱਚਾ ਮਾਂ ਦਾ ਦੁੱਧ ਪੀਂਦਾ ਹੈ, ਤਾਂ ਬ੍ਰੈਸਟਫੀਡਿੰਗ ਜਾਰੀ ਰੱਖੋ - ਇਹ ਸਭ ਤੋਂ ਸੁਰੱਖਿਅਤ ਤਰਲ ਹੈ।
• ਵੱਡੇ ਬੱਚਿਆਂ ਨੂੰ ਡਾਕਟਰ ਦੀ ਸਲਾਅ ਮੁਤਾਬਕ ਨਿੰਬੂ ਪਾਣੀ, ਛਾਛ ਜਾਂ ਕੁਦਰਤੀ ਜੂਸ ਵੀ ਦਿੱਤਾ ਜਾ ਸਕਦਾ ਹੈ।
• ਧਿਆਨ ਰੱਖੋ ਕਿ ਬੱਚੇ ਨੂੰ ਇੱਕੋ ਵਾਰ ਬਹੁਤ ਜ਼ਿਆਦਾ ਪਾਣੀ ਪਿਲਾਉਣ ਦੀ ਬਜਾਏ ਘੱਟ-ਘੱਟ ਮਾਤਰਾ ਵਿੱਚ ਵਾਰ-ਵਾਰ ਪਿਲਾਓ, ਤਾਂ ਜੋ ਉਸਦਾ ਪੇਟ ਭਾਰਾ ਨਾ ਹੋਵੇ।
ਜੇਕਰ ਬੱਚਾ ਬਹੁਤ ਜ਼ਿਆਦਾ ਸੁਸਤ ਅਤੇ ਬੇਹੋਸ਼ੀ ਵੱਲ ਜਾ ਰਿਹਾ ਹੋਵੇ, ਵਾਰ-ਵਾਰ ਉਲਟੀਆਂ ਆ ਰਹੀਆਂ ਹੋਣ, ਜਾਂ ਉਹ ORS ਜਾਂ ਪਾਣੀ ਵੀ ਨਾ ਪੀ ਸਕੇ, ਤਾਂ ਇਹ ਗੰਭੀਰ ਸਥਿਤੀ ਦਾ ਸੰਕੇਤ ਹੈ। ਇਸ ਤੋਂ ਇਲਾਵਾ, ਜੇਕਰ 6-8 ਘੰਟਿਆਂ ਵਿੱਚ ਇੱਕ ਵਾਰ ਵੀ ਪਿਸ਼ਾਬ ਨਾ ਆਵੇ, ਤਾਂ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ। ਅਜਿਹੇ 'ਚ ਕਿਸੇ ਵੀ ਕੀਮਤ 'ਤੇ ਦੇਰੀ ਨਾ ਕਰੋ ਅਤੇ ਬੱਚੇ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਜਾਂ ਡਾਕਟਰ ਕੋਲ ਲੈ ਕੇ ਜਾਓ। ਯਾਦ ਰੱਖੋ, ਡਿਹਾਈਡ੍ਰੇਸ਼ਨ ਦੀ ਸਥਿਤੀ ਵਿੱਚ ਸਮੇਂ ਸਿਰ ਇਲਾਜ ਹੀ ਸਭ ਤੋਂ ਵੱਡਾ ਬਚਾਅ ਹੈ।