ਈਰਾਨ ਦੇ ਦੱਖਣ-ਪੱਛਮੀ ਖੁਜ਼ੇਸਤਾਨ ਸੂਬੇ 'ਚ ਐਤਵਾਰ ਸਵੇਰੇ 5.0 ਤੀਬਰਤਾ ਦਾ ਭੂਚਾਲ ਆਇਆ, ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਐਮਰਜੈਂਸੀ ਅਲਰਟ ਜਾਰੀ ਕਰ ਦਿੱਤਾ ਗਿਆ। ਤਹਿਰਾਨ ਯੂਨੀਵਰਸਿਟੀ ਦੇ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ ਖੁਜ਼ੇਸਤਾਨ ਦੇ ਸਰੰਦ ਖੇਤਰ 'ਚ 12 ਕਿਲੋਮੀਟਰ ਡੂੰਘਾਈ 'ਤੇ ਸੀ, ਜਿਸਦੀ ਪੁਸ਼ਟੀ ਈਰਾਨ ਦੀ ਸਰਕਾਰੀ ਖਬਰ ਏਜੰਸੀ IRNA ਨੇ ਵੀ ਕੀਤੀ ਹੈ।
ਖੁਜ਼ੇਸਤਾਨ ਦੇ ਗਵਰਨਰ ਸੱਈਦ ਮੁਹੰਮਦ ਰਜ਼ਾ ਮੌਲਾਈਜ਼ਾਦੇਹ ਨੇ ਤੁਰੰਤ ਰਾਹਤ ਅਤੇ ਬਚਾਅ ਏਜੰਸੀਆਂ ਨੂੰ ਹਾਈ ਅਲਰਟ 'ਤੇ ਰੱਖਦਿਆਂ ਪ੍ਰਭਾਵਿਤ ਇਲਾਕਿਆਂ 'ਚ ਟੀਮਾਂ ਭੇਜ ਦਿੱਤੀਆਂ। ਫ਼ਿਲਹਾਲ ਕਿਸੇ ਵੱਡੇ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਪ੍ਰਸ਼ਾਸਨ ਵੱਲੋਂ ਹਾਲਾਤ ਦਾ ਲਗਾਤਾਰ ਜਾਇਜ਼ਾ ਲਿਆ ਜਾ ਰਿਹਾ ਹੈ।
ਈਰਾਨ ਦੀ ਭੂਗੋਲਿਕ ਬਣਤਰ ਭੂਚਾਲਾਂ ਲਈ ਬਹੁਤ ਸੰਵੇਦਨਸ਼ੀਲ ਮੰਨੀ ਜਾਂਦੀ ਹੈ ਕਿਉਂਕਿ ਦੇਸ਼ ਦਾ ਲਗਭਗ 90 ਫੀਸਦੀ ਖੇਤਰ ਫਾਲਟ ਲਾਈਨਾਂ 'ਤੇ ਸਥਿਤ ਹੈ, ਜਿਸ ਕਾਰਨ ਛੋਟੇ ਝਟਕੇ ਵੀ ਤੇਜ਼ ਮਹਿਸੂਸ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ, ਬਹੁਤ ਸਾਰੀਆਂ ਥਾਵਾਂ 'ਤੇ ਪੁਰਾਣੇ ਅਤੇ ਕਮਜ਼ੋਰ ਮਕਾਨ ਹੋਣ ਕਾਰਨ ਹਲਕੀ ਤੀਬਰਤਾ ਦਾ ਭੂਚਾਲ ਵੀ ਕਈ ਵਾਰ ਵੱਡਾ ਨੁਕਸਾਨ ਕਰ ਸਕਦਾ ਹੈ।
2003 ਦੇ ਬਾਮ ਭੂਚਾਲ ਨੇ ਸਿਖਾਇਆ ਸਬਕ, ਜਦੋਂ 26 ਹਜ਼ਾਰ ਤੋਂ ਵੱਧ ਲੋਕਾਂ ਦੀ ਗਈ ਸੀ ਜਾਨ
ਇਸ ਦਾ ਅੰਦਾਜ਼ਾ ਸਾਲ 2003 'ਚ ਆਏ ਬਾਮ ਭੂਚਾਲ (6.6 ਤੀਬਰਤਾ) ਤੋਂ ਲਗਾਇਆ ਜਾ ਸਕਦਾ ਹੈ, ਜਿਸ 'ਚ 26,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
ਭੂਚਾਲ ਦੇ ਝਟਕਿਆਂ ਦੇ ਵਿਚਕਾਰ ਹੀ ਅਮਰੀਕਾ ਨੇ ਲਗਾਤਾਰ ਅੱਠਵੀਂ ਰਾਤ ਈਰਾਨ 'ਚ ਹਵਾਈ ਹਮਲੇ ਕੀਤੇ, ਜਿਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖ਼ੁਦ ਮਨਜ਼ੂਰੀ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਇਹ ਕਾਰਵਾਈ ਜੌਰਡਨ 'ਚ ਦੋ ਅਮਰੀਕੀ ਸੈਨਿਕਾਂ ਦੀ ਮੌਤ ਦੇ ਜਵਾਬ 'ਚ ਕੀਤੀ ਗਈ ਹੈ। ਅਮਰੀਕੀ ਸੈਂਟਰਲ ਕਮਾਂਡ (CENTCOM) ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਨਾਲ ਜੁੜੇ ਠਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜੋ ਜੌਰਡਨ ਹਮਲੇ 'ਚ ਸ਼ਾਮਲ ਸਨ।
ਦੂਜੇ ਪਾਸੇ, ਇਰਾਕ ਨੇ ਆਪਣੀ ਤੇਲ ਨਿਰਯਾਤ ਰਣਨੀਤੀ 'ਚ ਵੱਡਾ ਬਦਲਾਅ ਕਰਨ ਦੀ ਯੋਜਨਾ ਬਣਾਈ ਹੈ। ਇਰਾਕ ਦੇ ਤੇਲ ਮੰਤਰੀ ਬਸੀਮ ਮੁਹੰਮਦ ਖੁਦੈਰ ਨੇ ਵਾਸ਼ਿੰਗਟਨ 'ਚ ਦੱਸਿਆ ਕਿ ਉਨ੍ਹਾਂ ਦਾ ਮੰਤਰਾਲਾ ਬਸਰਾ ਤੋਂ ਕਿਰਕੁੱਕ ਹੁੰਦੇ ਹੋਏ ਤੁਰਕੀ ਦੇ ਸੇਹਾਨ ਬੰਦਰਗਾਹ ਅਤੇ ਸੀਰੀਆ ਦੇ ਬਨੀਆਸ ਤੱਕ ਨਵੀਂ ਤੇਲ ਪਾਈਪਲਾਈਨ ਬਿਛਾਉਣ ਦੀ ਯੋਜਨਾ 'ਤੇ ਅਧਿਐਨ ਕਰ ਰਿਹਾ ਹੈ।
ਇਰਾਕ, ਜੋ ਓਪੇਕ ਦਾ ਦੂਜਾ ਸਭ ਤੋਂ ਵੱਡਾ ਤੇਲ ਉਤਪਾਦਕ ਹੈ, ਵਰ੍ਹਿਆਂ ਤੋਂ ਆਪਣੇ ਤੇਲ ਨਿਰਯਾਤ ਲਈ ਹੋਰਮੁਜ਼ 'ਤੇ ਨਿਰਭਰ ਰਿਹਾ ਹੈ, ਪਰ ਹੁਣ ਖੇਤਰੀ ਅਸਥਿਰਤਾ ਦੇ ਮੱਦੇਨਜ਼ਰ ਉਹ ਨਿਰਯਾਤ ਰਸਤਿਆਂ 'ਚ ਵਿਭਿੰਨਤਾ ਲਿਆਉਣਾ ਚਾਹੁੰਦਾ ਹੈ।